ਉੱਪ ਚੋਣ 'ਚ ਪੈਸੇ ਦੇ ਕਥਿਤ ਲੈਣ-ਦੇਣ ਬਾਰੇ ਟੇਪ ਜਾਰੀ

ਰਾਏਪੁਰ (ਨਵਾਂ ਜ਼ਮਾਨਾ ਸਰਵਿਸ)
ਛਤੀਸਗੜ੍ਹ 'ਚ ਪਿਛਲੇ ਸਾਲ ਵਿਧਾਨ ਸਭਾ ਦੀ ਇੱਕ ਉੱਪ ਚੋਣ 'ਚ ਸੂਬੇ ਦੇ ਮੁੱਖ ਮੰਤਰੀ ਰਮਨ ਸਿੰਘ ਦੇ ਪਵਾਰ ਅਤੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਵਿਚਕਾਰ ਲੈਣ-ਦੇਣ ਦੇ ਕੁਝ ਟੇਪ ਜਨਤਕ ਹੋਣ ਮਗਰੋਂ ਹੰਗਾਮਾ ਮਚ ਗਿਆ ਹੈ। ਕਾਂਗਰਸ ਨੇਤਾ ਅਜੀਤ ਜੋਗੀ ਨੇ ਟੇਪ ਨੂੰ ਮਨਘੜ੍ਹਤ ਅਤੇ ਝੂਠਾ ਦਸਦਿਆਂ ਟੇਪ ਜਾਰੀ ਕਰਨ ਵਾਲਿਆਂ ਵਿਰੁੱਧ ਅਦਾਲਤੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ, ਜਦਕਿ ਸੂਬਾ ਕਾਂਗਰਸ ਨੇ ਅਜੀਤ ਜੋਗੀ ਅਤੇ ਉਨ੍ਹਾ ਦੇ ਵਿਧਾਇਕ ਪੁੱਤਰ ਅਮਿਤ ਜੋਗੀ ਨੂੰ ਕਾਂਗਰਸ 'ਚੋਂ ਕੱਢਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਬਸਤਰ ਜ਼ਿਲ੍ਹੇ ਦੇ ਅੰਤਾਗੜ੍ਹ ਹਲਕੇ ਲਈ ਉਪ ਚੋਣ 'ਚ ਕੁਲ 13 ਉਮੀਦਵਾਰ ਸਨ ਅਤੇ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਉਮੀਦਵਾਰ ਮੰਤੂਰਾਮ ਪਵਾਰ ਚੋਣ ਮੈਦਾਨ 'ਚੋਂ ਹਟ ਗਏ ਸਨ। ਕਾਗ਼ਜ਼ ਵਾਪਸੀ ਦੇ ਆਖਰੀ ਦਿਨ ਭਾਜਪਾ ਨੇ ਸਰਬ-ਸੰਮਤੀ ਨਾਲ ਆਪਣਾ ਉਮੀਦਵਾਰ ਜਿਤਾਉਣ ਲਈ ਯਤਨ ਸ਼ੁਰੂ ਕੀਤੇ ਤਾਂ 10 ਉਮੀਦਵਾਰਾਂ ਨੇ ਕਾਗ਼ਜ਼ ਵਾਪਸ ਲੈ ਲਏ ਅਤੇ ਭਾਜਪਾ ਤੋਂ ਇਲਾਵਾ ਸਿਰਫ਼ ਅੰਬੇਡਕਰਾਈਟ ਪਾਰਟੀ ਆਫ਼ ਇੰਡੀਆ ਦਾ ਉਮੀਦਵਾਰ ਹੀ ਮੈਦਾਨ 'ਚ ਰਹਿ ਗਿਆ ਅਤੇ ਭਾਜਪਾ ਨੇ ਇਹ ਸੀਟ 50 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਲਈ।
ਕਾਂਗਰਸ ਤਰਜਮਾਨ ਰਣਦੀਪ ਸੂਰਜੇਵਾਲਾ ਨੇ ਅੱਜ ਨਵੀਂ ਦਿੱਲੀ 'ਚ ਦੋਸ਼ ਲਾਇਆ ਕਿ ਮੁੱਖ ਮੰਤਰੀ ਰਮਨ ਸਿੰਘ ਨੇ ਕਾਂਗਰਸੀ ਉਮੀਦਵਾਰ ਨੂੰ ਪੈਸੇ ਦਾ ਲਾਲਚ ਦੇ ਕੇ ਬਿਠਾਇਆ ਸੀ।
ਉਨ੍ਹਾ ਨੇ ਇਸ ਮੁੱਦੇ 'ਤੇ ਰਮਨ ਸਿੰਘ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਨੂੰ ਮਾਮਲੇ ਦੀ ਜਾਂਚ ਕਰਾਉਣ ਲਈ ਕਿਹਾ ਹੈ। ਜਾਰੀ ਕੀਤੀ ਗਈ ਟੇਪ 'ਚ ਮੁੱਖ ਮੰਤਰੀ ਰਮਨ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ, ਸਾਬਕਾ ਮੁੱਖ ਮੰਤਰੀ ਅਜੀਤ ਜੋਗੀ, ਵਿਧਾਇਕ ਅਮਿਤ ਜੋਗੀ ਅਤੇ ਉਪ ਚੋਣ 'ਚ ਕਾਂਗਰਸੀ ਉਮੀਦਵਾਰ ਮੱਤੂਰਾਮ ਪਵਾਰ ਵਿਚਕਾਰ ਕਈ ਕਰੋੜ ਦੇ ਕਥਿਤ ਲੈਣ-ਦੇਣ ਦਾ ਜ਼ਿਕਰ ਹੈ।
ਮਾਮਲੇ ਨੂੰ ਲੈ ਕੇ ਅਜੀਤ ਜੋਗੀ ਦੇ ਵਿਰੋਧੀ ਸਮਝੇ ਜਾਂਦੇ ਸੂਬਾ ਕਾਂਗਰਸ ਪ੍ਰਧਾਨ ਭੂਪੇਸ਼ ਬਘੇਲ ਨੇ ਉਨ੍ਹਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਉਨ੍ਹਾ ਕਿਹਾ ਕਿ ਹੁਣ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ ਕਿ ਕਿਹੜੇ ਲੋਕ ਪਾਰਟੀ ਕਮਜ਼ੋਰ ਕਰ ਰਹੇ ਹਨ। ਉਨ੍ਹਾ ਕਿਹਾ ਕਿ ਅਜਿਹੇ ਲੋਕਾਂ ਨੂੰ ਪਾਰਟੀ 'ਚ ਰਹਿਣ ਦਾ ਅਧਿਕਾਰ ਨਹੀਂ। ਉਮੀਦਵਾਰੀ ਵਾਪਸ ਲੈਣ ਵਾਲੇ ਮੱਤੂਰਾਮ ਪਵਾਰ ਨੇ ਕਿਹਾ ਕਿ ਉਨ੍ਹਾ ਨੇ ਕਿਸੇ ਦਬਾਅ ਜਾਂ ਲਾਲਚ 'ਚ ਨਾਂਅ ਵਾਪਸ ਨਹੀਂ ਲਿਆ ਸੀ। ਉਨ੍ਹਾ ਨੇ ਵੀ ਟੇਪ ਨੂੰ ਝੂਠਾ ਦਸਿਆ ਹੈ।