'ਵੇਰਕਾ' ਦੇਸੀ ਗਾਵਾਂ ਦੇ ਦੁੱਧ ਦਾ ਵਿਸ਼ੇਸ਼ ਬ੍ਰਾਂਡ ਮੰਡੀ 'ਚ ਉਤਾਰੇਗਾ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਸੂਬੇ ਵਿਚ ਦੇਸੀ ਗਾਵਾਂ ਦੇ ਦੁੱਧ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਮਿਲਕਫੈੱਡ ਨੂੰ ਆਪਣੇ ਬਹੁ-ਚਰਚਿਤ 'ਵੇਰਕਾ' ਬ੍ਰਾਂਡ ਦੇ ਨਾਂਅ ਹੇਠ ਦੇਸੀ ਗਾਵਾਂ ਦੇ ਪੌਸ਼ਟਿਕ ਦੁੱਧ ਦਾ ਵਿਸ਼ੇਸ਼ ਬ੍ਰਾਂਡ ਮੰਡੀ ਵਿੱਚ ਉਤਾਰਨ ਲਈ ਆਖਿਆ ਹੈ।
ਇਹ ਫੈਸਲਾ ਮੁੱਖ ਮੰਤਰੀ ਨੇ ਪੰਜਾਬ ਭਵਨ ਵਿਖੇ ਸੂਬੇ ਵਿਚ ਦੇਸੀ ਗਾਵਾਂ ਦੀਆਂ ਨਸਲਾਂ ਲਈ ਉਤਸ਼ਾਹ ਪੈਦਾ ਕਰਨ ਵਾਸਤੇ ਹੋਈ ਇਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ। ਵਿਚਾਰ-ਚਰਚਾ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਿਹਤ ਪ੍ਰਤੀ ਚੇਤੰਨ ਲੋਕਾਂ ਵਿਚ ਇਸ ਦੁੱਧ ਦੀ ਵੱਡੀ ਪੱਧਰ 'ਤੇ ਮੰਗ ਹੈ, ਜੋ ਕਿ ਸੂਬੇ ਦੇ ਡੇਅਰੀ ਕਿਸਾਨਾਂ ਦੀ ਕਿਸਮਤ ਬਦਲਣ ਲਈ ਮਦਦਗਾਰ ਹੋ ਸਕਦੀ ਹੈ। ਬਾਦਲ ਨੇ ਕਿਹਾ ਕਿ ਇਸ ਨਾਲ ਦੋ ਉਦੇਸ਼ ਪੂਰੇ ਕੀਤੇ ਜਾ ਸਕਣਗੇ, ਜਿਨ੍ਹਾਂ ਵਿੱਚ ਇਕ ਤਾਂ ਖਪਤਕਾਰਾਂ ਨੂੰ ਪੌਸ਼ਟਿਕ ਦੁੱਧ ਸਪਲਾਈ ਕੀਤਾ ਜਾ ਸਕੇਗਾ ਅਤੇ ਦੂਜਾ ਡੇਅਰੀ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕੇਗਾ। ਉਨ੍ਹਾਂ ਨੇ ਮਿਲਕਫੈੱਡ ਨੂੰ ਇਸ ਦੁੱਧ ਦੇ ਬ੍ਰਾਂਡ ਨੂੰ ਲੋਕਾਂ ਵਿਚ ਹਰਮਨ ਪਿਆਰਾ ਬਣਾਉਣ ਲਈ ਵੱਡੀ ਪੱਧਰ ਉਤੇ ਮਾਰਕੀਟਿੰਗ ਮੁਹਿੰਮ ਸ਼ੁਰੂ ਕਰਨ ਲਈ ਆਖਿਆ ਹੈ। ਮੁੱਖ ਮੰਤਰੀ ਨੇ ਕਿਸਾਨਾਂ ਤੋਂ ਇਹ ਦੁੱਧ ਖਰੀਦਣ ਲਈ ਕੀਮਤ ਸਮਰਥਕ ਢੰਗ ਤਰੀਕਾ ਲਾਗੂ ਕਰਨ ਲਈ ਮਿਲਕਫੈੱਡ ਨੂੰ ਆਖਿਆ ਹੈ। ਉਨ੍ਹਾਂ ਕਿਹਾ ਕਿ ਮਿਲਕਫੈੱਡ ਨੂੰ ਲਾਜ਼ਮੀ ਤੌਰ 'ਤੇ ਡੇਅਰੀ ਕਿਸਾਨਾਂ ਤੋਂ ਮੁਨਾਫਾ ਰਹਿਤ ਅਧਾਰ ਉਤੇ ਦੁੱਧ ਖਰੀਦਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹੋਣ ਵਾਲੇ ਨੁਕਸਾਨ ਦੀ ਪੂਰਤੀ ਸੂਬਾ ਸਰਕਾਰ ਵੱਲੋਂ ਕੀਤੀ ਜਾਵੇਗੀ। ਸ. ਬਾਦਲ ਨੇ ਇਸ ਦੁੱਧ ਅਤੇ ਇਸ ਨਾਲ ਬਣੇ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਲਈ ਸੂਬੇ ਵਿਚ ਵੱਖਰੇ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਨ ਵਾਸਤੇ ਮਿਲਕਫੈੱਡ ਨੂੰ ਕਿਹਾ ਹੈ। ਇਕ ਹੋਰ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਸ. ਬਾਦਲ ਨੇ ਸੂਬੇ ਦੇ ਵੱਡੇ ਸ਼ਹਿਰਾਂ ਵਿਚ ਇਸ ਦੁੱਧ ਦੀ ਵਿਕਰੀ ਲਈ ਵਿਸ਼ੇਸ਼ ਮਿਲਕ ਬੂਥ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਬੂਥ ਉਨ੍ਹਾਂ ਡੇਅਰੀ ਕਿਸਾਨਾਂ ਨੂੰ ਮੁਹੱਈਆ ਕਰਵਾਏਗੀ, ਜਿਹੜੇ ਇਨ੍ਹਾਂ ਬੂਥਾਂ ਰਾਹੀਂ ਆਪਣਾ ਉਤਪਾਦ ਵੇਚਣਗੇ। ਸ. ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਘੱਟੋ-ਘੱਟ 200 ਦੇਸੀ ਗਾਵਾਂ ਦਾ ਕਲੱਸਟਰ ਸਥਾਪਤ ਕਰਨ ਲਈ ਸ਼ੈੱਡ ਦਾ ਨਿਰਮਾਣ ਕਰਨ ਵਾਸਤੇ ਕਿਸਾਨਾਂ ਨੂੰ 75 ਫੀਸਦੀ ਸਬਸਿਡੀ ਮੁਹੱਈਆ ਕਰਵਾਏਗੀ। ਉਨ੍ਹਾਂ ਨੇ ਦੇਸੀ ਗਾਵਾਂ ਰੱਖਣ ਵਾਲੇ ਪ੍ਰਾਈਵੇਟ ਡੇਅਰੀ ਕਿਸਾਨਾਂ ਨੂੰ ਦੁੱਧ ਵੇਚਣ ਵਾਲੀਆਂ ਮਸ਼ੀਨਾਂ ਜਾਂ ਹੋਰ ਸਾਜ਼ੋ-ਸਾਮਾਨ ਖਰੀਦਣ ਲਈ 50 ਫੀਸਦੀ ਸਬਸਿਡੀ ਦੇਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਦੇ ਸਹਿਕਾਰੀ ਬੈਂਕ ਦੁੱਧ ਦੇ ਕਿੱਤੇ ਲਈ ਇਨ੍ਹਾਂ ਦੁੱਧ ਉਤਪਾਦਕਾਂ ਨੂੰ ਛੇਤੀ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸੀ ਗਾਵਾਂ ਦੇ ਡੇਅਰੀ ਫਾਰਮ ਖੋਲ੍ਹਣ ਦੇ ਚਾਹਵਾਨ ਨੌਜਵਾਨ ਵਿਦਿਆਰਥੀਆਂ ਨੂੰ ਵਿਦੇਸ਼ੀ ਟੂਰ ਮੁਫਤ ਕਰਵਾਏ ਜਾਣਗੇ। ਇਸ ਮੌਕੇ ਵਧੀਕ ਮੁੱਖ ਸਕੱਤਰ ਪਸ਼ੂ ਪਾਲਣ ਸ੍ਰੀ ਮਨਦੀਪ ਸਿੰਘ ਸੰਧੂ, ਮੁੱਖ ਮੰਤਰੀ ਦੇ ਪ੍ਰਮੁੱਖ ਸਕਤੱਰ ਸ੍ਰੀ ਐੱਸ.ਕੇ. ਸੰਧੂ ਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐੱਸ. ਚੀਮਾ, ਸਲਾਹਕਾਰ ਪਸ਼ੂ ਪਾਲਣ ਡਾ. ਬੀ.ਕੇ. ਉੱਪਲ, ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਨਜੀਤ ਸਿੰਘ ਬਰਾੜ, ਡਾਇਰੈਕਟਰ ਪਸ਼ੂ-ਪਾਲਣ ਡਾ. ਐੱਚ.ਐੱਸ. ਸੰਧਾ, ਡਾਇਰੈਕਟਰ ਡੇਅਰੀ ਵਿਕਾਸ ਸ੍ਰੀ ਇੰਦਰਜੀਤ ਸਿੰਘ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਏ.ਐਸ. ਨੰਦਾ ਅਤੇ ਪੰਜਾਬ ਕੋਆਪ੍ਰੇਟਿਵ ਬੈਂਕ ਦੇ ਐਮ.ਡੀ. ਸ੍ਰੀ ਜੀ.ਐਸ. ਮਾਂਗਟ ਤੋਂ ਇਲਾਵਾ ਸੂਬਾ ਭਰ ਤੋਂ ਪ੍ਰਗਤੀਸ਼ੀਲ ਦੁੱਧ ਉਤਪਾਦਕ ਹਾਜ਼ਰ ਸਨ।