ਦਿੱਲੀ ਦੇ ਨਰਾਜ਼ ਦਾਨਿਕਸ ਅਫਸਰ ਅੱਜ ਜਾਣਗੇ ਛੁੱਟੀ 'ਤੇ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ 'ਚ ਸਰਕਾਰ ਤੇ ਪੁਲਸ ਵਿਚਕਾਰ ਚੱਲ ਰਹੀ ਖਿੱਚੋਤਾਣ ਤੋਂ ਬਾਅਦ ਹੁਣ ਉੱਚ ਅਧਿਕਾਰੀਆਂ ਨਾਲ ਵੀ ਅਜਿਹਾ ਹੀ ਮਾਮਲਾ ਭੱਖ ਪਿਆ ਹੈ। ਕੈਬਨਿਟ ਦੇ ਨੋਟ 'ਤੇ ਹਸਤਾਖਰ ਨਾ ਕਰਨ ਵਾਲੇ ਦਾਨਿਕਸ (ਦਿੱਲੀ-ਅੰਡੇਮਾਨ ਨਿਕੋਬਾਰ ਆਈਲੈਂਡਜ਼' ਸਿਵਲ ਸਰਵਿਸ) ਦੇ ਦੋ ਸਕੱਤਰਾਂ ਨੂੰ ਮੁਅੱਤਲ ਕੀਤੇ ਜਾਣ ਨਾਲ ਇੱਕ ਨਵੀਂ ਖਿੱਚੋਤਾਣ ਦਾ ਮੁੱਢ ਬੱਝ ਗਿਆ ਹੈ।
ਇਸ ਮਾਮਲੇ ਕਾਰਨ ਸਰਕਾਰ ਤੇ ਉਪ ਰਾਜਪਾਲ ਵਿਚਾਲੇ ਫਿਰ ਤੋਂ ਟਕਰਾਅ ਵਧਣ ਦੇ ਆਸਾਰ ਹਨ, ਕਿਉਂਕਿ ਸੀਨੀਅਰ ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਅਧਿਕਾਰ ਸਿਰਫ ਉਪ ਰਾਜਪਾਲ ਨੂੰ ਹੈ, ਜਿਹੜੇ ਗ੍ਰਹਿ ਮੰਤਰਾਲੇ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਅਜਿਹਾ ਕਰ ਸਕਦੇ ਹਨ। ਸਰਕਾਰ ਦੇ ਇਸ ਫੈਸਲੇ ਤੋਂ ਨਰਾਜ਼ ਦਾਨਿਕਸ ਦੇ ਸਭ ਅਫਸਰਾਂ ਨੇ ਵੀਰਵਾਰ ਨੂੰ ਇੱਕ ਦਿਨ ਦੀ ਛੁੱਟੀ 'ਤੇ ਜਾਣ ਦਾ ਐਲਾਨ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਮੁਅੱਤਲ ਕੀਤੇ ਗਏ ਦੋਵੇਂ ਅਧਿਕਾਰੀ ਯਸ਼ਪਾਲ ਗਰਗ ਅਤੇ ਸੁਭਾਸ਼ ਚੰਦਰ ਸਪੈਸ਼ਲ ਸੈਕਟਰੀ ਦੇ ਅਹੁਦੇ 'ਤੇ ਤਾਇਨਾਤ ਸਨ। ਉਹ ਦਾਨਿਕਸ ਵਿੱਚ ਸਭ ਤੋਂ ਉੱਚੇ ਗਰੇਡ ਦੇ ਪ੍ਰਸ਼ਾਸਨਿਕ ਅਧਿਕਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਕੈਬਨਿਟ ਦੇ ਜਿਸ ਨੋਟ 'ਤੇ ਦੋਵੇਂ ਅਧਿਕਾਰੀਆਂ ਨੇ ਹਸਤਾਖਰ ਕਰਨ ਤੋਂ ਮਨ੍ਹਾ ਕੀਤਾ ਹੈ, ਉਹ ਸਰਕਾਰੀ ਵਕੀਲਾਂ ਤੇ ਜੇਲ੍ਹ ਸਟਾਫ ਦੀ ਤਨਖਾਹ ਵਿੱਚ ਵਾਧੇ ਨਾਲ ਜੁੜਿਆ ਹੈ। ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਨੇ ਇਨ੍ਹਾਂ ਅਧਿਕਾਰੀਆਂ ਦੀ ਮੁਅੱਤਲੀ ਦੀ ਪੁਸ਼ਟੀ ਕੀਤੀ।