Latest News
ਕੈਬਨਿਟ ਵੱਲੋਂ ਆਸਟਰੇਲੀਆ ਨਾਲ ਐਟਮੀ ਕਰਾਰ 'ਤੇ ਮੋਹਰ

Published on 30 Dec, 2015 12:00 PM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੇਂਦਰੀ ਮੰਤਰੀ ਮੰਡਲ ਦੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਭਾਰਤ-ਆਸਟਰੇਲੀਆ ਵਿਚਕਾਰ ਹੋਏ ਐਟਮੀ ਕਰਾਰ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਮੰਤਰੀ ਮੰਡਲ ਵੱਲੋਂ ਕਈ ਹੋਰ ਅਹਿਮ ਤਜਵੀਜ਼ਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ।
ਮੀਟਿੰਗ 'ਚ ਆਸਟਰੇਲੀਆ ਨਾਲ 13 ਨਵੰਬਰ 2015 ਤੋਂ ਅਮਲ 'ਚ ਆਏ ਐਟਮੀ ਕਰਾਰ ਨੂੰ ਮਨਜ਼ੂਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਸਮਝੌਤੇ ਨਾਲ ਭਾਰਤ 'ਚ ਪ੍ਰਮਾਣੂ ਊਰਜਾ ਦਾ ਵਿਕਾਸ ਹੋਵੇਗਾ।
ਸਵੱਛ ਊਰਜਾ ਨੂੰ ਬੜ੍ਹਾਵਾ ਦੇਣ ਲਈ ਕੇਂਦਰੀ ਮੰਤਰੀ ਮੰਡਲ ਨੇ ਛੱਤ 'ਤੇ ਲੱਗਣ ਵਾਲੇ ਸੂਰਜੀ ਊਰਜਾ ਪਲਾਂਟਾਂ ਲਈ 5 ਹਜ਼ਾਰ ਕਰੋੜ ਰੁਪਏ ਮਨਜ਼ੂਰ ਕੀਤੇ ਅਤੇ ਉੱਚ ਸਿੱਖਿਆ ਦੇ ਖੇਤਰ 'ਚ ਭਾਰਤ ਅਤੇ ਕੈਨੇਡਾ ਵਿਚਕਾਰ ਆਪਸੀ ਸਹਿਮਤੀ ਪੱਤਰ ਦੇ ਨਵੀਨੀਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ।
ਮੰਤਰੀ ਮੰਡਲ ਨੇ ਰਾਜਾਂ 'ਚ ਵੱਖ-ਵੱਖ ਰੇਲਵੇ ਪ੍ਰਾਜੈਕਟਾਂ ਲਈ ਸਾਂਝੇ ਉੱਦਮ ਵਾਲੀਆਂ ਕੰਪਨੀਆਂ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ। ਰੇਲਵੇ ਮੰਤਰਾਲੇ ਵੱਲੋਂ ਸ਼ੁਰੂ 'ਚ ਹਰੇਕ ਰਾਜ ਲਈ 50 ਕਰੋੜ ਰੁਪਏ ਦਿੱਤੇ ਜਾਣਗੇ। ਫ਼ੈਸਲੇ ਅਨੁਸਾਰ ਸਾਂਝੀਆਂ ਕੰਪਨੀਆਂ ਰੇਲਵੇ ਅਤੇ ਸੰਬੰਧਤ ਸੂਬਾ ਸਰਕਾਰਾਂ ਵੱਲੋਂ ਮਿਲ ਕੇ ਬਣਾਈਆਂ ਜਾਣਗੀਆਂ ਅਤੇ ਹਰੇਕ ਸਾਂਝੇ ਉੱਦਮ 'ਚ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਦੇ ਹਿਸਾਬ ਨਾਲ ਮੁੱਢਲੀ ਰਕਮ 100 ਕਰੋੜ ਰੁਪਏ ਹੋਵੇਗੀ। ਸਰਕਾਰ ਨੇ ਰੇਲਵੇ ਪ੍ਰਾਜੈਕਟਾਂ 'ਚ ਵਿੱਤੀ ਭਾਈਵਾਲੀ ਅਤੇ ਫ਼ੈਸਲੇ ਲੈਣ ਦੀ ਪ੍ਰਕ੍ਰਿਆ 'ਚ ਸੂਬਾ ਸਰਕਾਰਾਂ ਦੀ ਜ਼ਿਆਦਾ ਭਾਈਵਾਲੀ ਯਕੀਨੀ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਭਾਰਤ ਅਤੇ ਮਾਲਦੀਵਜ਼ ਵਿਚਕਾਰ ਟੈਕਸਾਂ ਦੇ ਸੰਬੰਧ 'ਚ ਸੂਚਨਾ ਦੇ ਵਟਾਂਦਰੇ ਲਈ ਸਮਝੌਤੇ 'ਤੇ ਦਸਤਖ਼ਤਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਸਮਝੌਤੇ 'ਚ ਦੋਹਾਂ ਦੇਸ਼ਾਂ ਵਿਚਕਾਰ ਸੂਚਨਾ ਦੇ ਪ੍ਰਭਾਵੀ ਵਟਾਂਦਰੇ ਦੀ ਗੱਲ ਸ਼ਾਮਲ ਹੋਵੇਗੀ, ਜਿਸ ਨਾਲ ਦੋਹਾਂ ਦੇਸ਼ਾਂ 'ਚ ਟੈਕਸ ਚੋਰੀ ਰੋਕਣ 'ਚ ਸਹਾਇਤਾ ਮਿਲੇਗੀ। ਕੈਬਨਿਟ ਨੇ ਬਰਿਕਸ ਨੈੱਟਵਰਕ ਯੂਨੀਵਰਸਿਟੀ ਬਾਰੇ ਬਰਿਕਸ ਦੇਸ਼ਾਂ 'ਚ ਆਪਸੀ ਸਹਿਮਤੀ ਪੱਤਰ 'ਤੇ ਦਸਤਖਤਾਂ ਦੀ ਵੀ ਸਹਿਮਤੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਬਾਰੇ ਇਸ ਸਾਲ ਨਵੰਬਰ ਮਹੀਨੇ ਮਾਸਕੋ 'ਚ ਬਰਿਕਸ ਦੇ ਸਿੱਖਿਆ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ 'ਚ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਇਸ ਬਾਰੇ ਸਹਿਮਤੀ ਪੱਤਰ ਨਾਲ ਬਰਿਕਸ ਦੇਸ਼ਾਂ 'ਚ ਵਿਗਿਆਨਕ ਖੋਜ, ਉਚੇਰੀ ਸਿੱਖਿਆ, ਸੂਚਨਾ ਦੇ ਵਟਾਂਦਰੇ, ਵਿਦਿਆਰਥੀਆਂ, ਖੋਜਕਾਰਾਂ ਅਤੇ ਸਿਖਿਆਕਾਂ ਦੀ ਆਵਾਜਾਈ 'ਚ ਵਾਧਾ ਹੋਵੇਗਾ।
ਮੰਤਰੀ ਮੰਡਲ ਨੇ ਮਿਆਂਮਾਰ 'ਚ 371 ਕਰੋੜ ਰੁਪਏ ਦੀ ਲਾਗਤ ਨਾਲ ਤਾਮੂ-ਨਿਗੋਨ-ਕਲੇਵਾ ਹਾਈਵੇ 'ਤੇ ਪਹੁੰਚ ਸੜਕਾਂ ਸਮੇਤ 69 ਪੁਲਾਂ ਦੀ ਉਸਾਰੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਜ਼ਿਕਰਯੋਗ ਹੈ ਕਿ ਇੰਫਾਲ ਮੈਡਲੇ ਬੱਸ ਸੇਵਾ ਵੀ ਇਸ ਰੂਟ ਰਾਹੀਂ ਚਲੇਗੀ ਅਤੇ ਇਸ ਨਾਲ ਭਾਰਤ ਅਤੇ ਮਿਆਂਮਾਰ ਵਿਚਕਾਰ ਟਰੈਫ਼ਿਕ ਅਤੇ ਸਾਮਾਨ ਦੀ ਢੋਆ-ਢੁਆਈ 'ਚ ਸੁਧਾਰ ਹੋਵੇਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਮਈ 2012 'ਚ ਮਿਆਂਮਾਰ ਦੌਰੇ ਦੌਰਾਨ ਸਹਿਮਤੀ ਹੋਈ ਸੀ ਕਿ ਭਾਰਤ ਵੱਲੋਂ ਇਸ ਹਾਈਵੇ 'ਤੇ 71 ਪੁਲਾਂ ਦੀ ਉਸਾਰੀ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਸਮਾਰਟ ਸ਼ਹਿਰਾਂ ਦੇ ਵਿਕਾਸ ਲਈ ਅਰਬ ਵਿਕਾਸ ਮੰਤਰਾਲੇ ਅਤੇ ਨਿਊਯਾਰਕ ਦੀ ਬਲੂਮਬਰਮ ਫਿਲੈਨਥਰੋਪੀਜ (ਬੀ ਪੀ) ਵਿਚਕਾਰ ਆਪਸੀ ਸਹਿਮਤੀ ਪੱਤਰ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਜ਼ਿਕਰਯੋਗ ਹੈ ਕਿ ਸਰਕਾਰ ਨੇ 21 ਅਪ੍ਰੈਲ ਨੂੰ ਹੋਈ ਮੀਟਿੰਗ 'ਚ ਸਮਾਰਟ ਸ਼ਹਿਰਾਂ ਦੇ ਮਿਸ਼ਨ ਨੂੰ ਪ੍ਰਵਾਨਗੀ ਦਿੱਤੀ ਸੀ। ਗਿਆਨ ਭਾਈਵਾਲ ਹੋਣ ਨਾਤੇ ਬੀ ਪੀ ਵੱਲੋਂ ਸ਼ਹਿਰਾਂ ਦੇ ਡਿਜ਼ਾਈਨ ਅਤੇ ਪ੍ਰਬੰਧ ਬਾਰੇ ਵੀ ਸ਼ਹਿਰੀ ਵਿਕਾਸ ਮੰਤਰਾਲੇ ਦੀ ਹਮਾਇਤ ਕੀਤੀ ਜਾਵੇਗੀ।

809 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper