ਸਭ ਮਿਹਨਤਕਸ਼ਾਂ ਲਈ ਇਕਜੁੱਟ ਹੋ ਕੇ ਸੰਘਰਸ਼ ਵਿੱਢਣਾ ਸਮੇਂ ਦੀ ਲੋੜ : ਜਗਰੂਪ

ਮਹਿਲ ਕਲਾਂ (ਪ੍ਰੀਤਮ ਸਿੰਘ ਦਰਦੀ, ਅਣਖੀ)
ਗਦਰੀ ਸੂਰਬੀਰ ਤੇ ਉੱਘੇ ਇਨਕਲਾਬੀ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਤੇ ਗਿਆਨੀ ਨਿਹਾਲ ਸਿੰਘ ਯਾਦਗਾਰੀ ਫਾਊਂਡੇਸ਼ਨ ਜਲਾਲਦੀਵਾਲ ਵੱਲੋਂ ਦੋਵੇਂ ਮਹਾਨ ਸ਼ਖਸੀਅਤਾਂ ਦੀ ਬਰਸੀ ਧੂਮ-ਧਾਮ ਤੇ ਇਨਕਲਾਬੀ ਜੋਸ਼ ਨਾਲ ਮਨਾਈ ਗਈ, ਜਿਸ ਵਿੱਚ ਨੌਜਵਾਨਾਂ ਨੇ ਲਗਾਤਾਰ ਦਿਨ-ਰਾਤ ਇਕ ਕਰਕੇ ਤਿਆਰੀ ਕੀਤੀ। ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਕਾਮਰੇਡ ਅਮੋਲਕ ਸਿੰਘ ਨੇ ਗਦਰ ਪਾਰਟੀ ਦੇ ਸ਼ਾਨਾਮੱਤੇ ਇਤਿਹਾਸ ਅਤੇ ਬਾਬਿਆਂ ਵੱਲੋ ਆਜ਼ਾਦੀ ਸੰਘਰਸ਼ ਲਈ ਕੀਤੀਆਂ ਵੱਡੀਆਂ ਕੁਰਬਾਨੀਆਂ ਬਾਰੇ ਵਿਸਥਾਰ ਪੂਰਵਕ ਰੌਸ਼ਨੀ ਪਾਉਂਦਿਆਂ ਕਿਹਾ ਕਿ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਸੌ ਸਾਲ ਹੋ ਚੁੱਕਾ ਹੈ, ਪ੍ਰੰਤੂ ਸ਼ਹੀਦਾਂ ਦੇ ਸੁਪਨੇ ਅਜੇ ਵੀ ਪੂਰੇ ਨਹੀਂ ਹੋਏ। ਇਸ ਪਵਿੱਤਰ ਕਾਜ ਲਈ ਇੱਕ ਹੋਰ ਗਦਰ ਕਰਨ ਲਈ ਨੌਜਵਾਨਾਂ ਤੇ ਕਿਰਤੀ ਲੋਕਾਂ ਨੂੰ ਸੰਘਰਸ਼ ਕਰਨਾ ਪਵੇਗਾ।
ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਸਾਮਰਾਜ ਪੱਖੀ ਨੀਤੀਆਂ ਨੇ ਸਾਡੇ ਦੇਸ਼ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਖੜਾ ਕੀਤਾ ਹੈ।
18 ਸਾਲ ਤੋਂ 58 ਸਾਲ ਉਮਰ ਦੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਲਈ ਨਰੇਗਾ ਦੀ ਤਰਜ਼ 'ਤੇ ਬਨੇਗਾ (ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ) ਬਣਵਾਉਣ ਲਈ ਛੇ ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਨੂੰ ਨਰੇਗਾ ਤਹਿਤ ਆਪਣੇ ਖੇਤਾਂ ਵਿੱਚ ਕੰਮ ਕਰਨ ਦਾ ਹੱਕ ਅਤੇ ਆਰਥਿਕ ਤੌਰ 'ਤੇ ਬਰਬਾਦ ਹੋ ਰਹੀ ਕਿਸਾਨੀ ਨੂੰ ਬਚਾਉਣ ਲਈ ਕੇਂਦਰ ਸਰਕਾਰ ਵੱਲੋਂ ਕੋਈ ਠੋਸ ਨੀਤੀ ਤੈਅ ਕਰਾਉਣ ਲਈ ਦੇਸ਼ ਦੇ ਸਭ ਮਿਹਨਤਕਸ਼ ਲੋਕਾਂ ਨੂੰ ਇੱਕਜੁੱਟ ਹੋ ਕੇ ਸੰਘਰਸ਼ ਵਿੱਢਣ ਲਈ ਸਮੇਂ ਦੀ ਵੱਡੀ ਲੋੜ ਹੈ।
ਇਸ ਵਿਸ਼ਾਲ ਇਕੱਠ ਨੂੰ ਸੀ ਪੀ ਆਈ ਦੇ ਆਗੂ ਕਰਤਾਰ ਸਿੰਘ ਬੁਆਣੀ, ਕੁਲਦੀਪ ਸਿੰਘ ਭੋਲਾ, ਪ੍ਰੀਤਮ ਸਿੰਘ ਦਰਦੀ, ਸੀ ਪੀ ਐੱਮ ਦੇ ਅਮਰਜੀਤ ਸਿੰਘ ਮੱਟੂ, ਸੀ ਪੀ ਐਮ ਪੰਜਾਬ ਦੇ ਨਿਹਾਲ ਸਿੰਘ, ਆਮ ਆਦਮੀ ਪਾਰਟੀ ਦੇ ਸੁਖਦੀਪ ਸਿੰਘ ਅੱਪਰਾ ਨੇ ਸੰਬੋਧਨ ਕਰਦਿਆਂ ਦੇਸ਼ ਭਗਤ ਯੋਧਿਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਖੂਨਦਾਨ ਕੈਂਪ ਵਿੱਚ ਇੱਕ ਸੌ ਖੂਨਦਾਨੀਆਂ ਨੇ ਡੀ ਐੱਮ ਸੀ ਲੁਧਿਆਣਾ ਨੂੰ ਖੂਨਦਾਨ ਕੀਤਾ। ਸਿਵਲ ਹਸਪਤਾਲ ਰਾਏਕੋਟ ਦੀ ਟੀਮ ਨੇ ਛਾਤੀ ਰੋਗਾਂ ਦੇ ਦੋ ਸੌ ਮਰੀਜ਼ਾਂ ਨੂੰ ਮੁਫਤ ਚੈੱਕਅੱਪ ਕੀਤਾ ਤੇ ਪ੍ਰਬੰਧਕਾਂ ਵੱਲੋਂ ਦਵਾਈਆਂ ਦਿੱਤੀਆਂ ਗਈਆਂ। ਪੰਜਵੀਂ, ਅੱਠਵੀਂ, ਦਸਵੀਂ, ਬਾਹਰਵੀਂ ਜਮਾਤ ਵਿੱਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਤੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਗਿਆ। ਲੋਕ ਸੰਗੀਤ ਮੰਡਲੀ ਛਾਜਲੀ ਨੇ ਗਦਰ ਲਹਿਰ ਦਾ ਇਤਿਹਾਸ ਅਤੇ ਵਾਰਾਂ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਰੈੱਡ ਆਰਟਸ ਚੰਡੀਗੜ੍ਹ ਦੀ ਟੀਮ ਨੇ ਨਸ਼ਿਆਂ ਵਿਰੁੱਧ ਨੁੱਕੜ ਨਾਟਕ ਪੇਸ਼ ਕਰਕੇ ਨਸ਼ਿਆਂ ਦੀ ਜੜ੍ਹ ਤੋਂ ਪਰਦਾ ਚੁੱਕ ਕੇ ਅਮਿਟ ਪੈੜਾਂ ਛੱਡੀਆਂ।
ਗੁਰਚੇਤ ਚਿੱਤਰਕਾਰ ਦੀ ਟੀਮ ਵੱਲੋਂ ਨਾਟਕ 'ਰੱਬਾ ਤੂੰ ਅਸਤੀਫਾ ਦੇ' ਪੇਸ਼ ਕੀਤਾ ਗਿਆ। ਅੰਤ ਵਿੱਚ ਫਾਉਂਡੇਸ਼ਨ ਦੇ ਪ੍ਰਧਾਨ ਹਰਦੇਵ ਸਿੰਘ ਬਾਠ ਨੇ ਭਰਪੂਰ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ।