ਪੰਜਾਬ ਸਰਕਾਰ ਵੱਲੋਂ ਦਰਦਨਾਕ ਸੜਕ ਹਾਦਸੇ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਮਦਦ ਦਾ ਐਲਾਨ

ਅੰਮ੍ਰਿਤਸਰ (ਜਸਬੀਰ ਸਿੰਘ)
ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੀਤੀ ਰਾਤ ਅੰਮ੍ਰਿਤਸਰ ਨੇੜੇ ਅੰਮ੍ਰਿਤਸਰ-ਮਹਿਤਾ ਰੋਡ 'ਤੇ ਵਾਪਰੇ ਦਰਦਨਾਕ ਸੜਕ ਹਾਦਸੇ, ਜਿਸ ਵਿਚ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਗੰਭੀਰ ਜ਼ਖ਼ਮੀ ਹੋ ਗਏ ਸਨ, 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਵਾਰਾਂ ਨਾਲ ਦਿਲੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਤੋਂ ਇਲਾਵਾ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਵਿਖੇ ਦਾਖ਼ਲ ਜ਼ਖ਼ਮੀਆਂ ਦਾ ਹਾਲ ਜਾਨਣ ਲਈ ਉਚੇਚੇ ਤੌਰ 'ਤੇ ਪਹੁੰਚੇ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਰਵੀ ਭਗਤ ਅਤੇ ਜ਼ਿਲ੍ਹਾ ਪੁਲਸ ਮੁਖੀ (ਦਿਹਾਤੀ) ਜਸਦੀਪ ਸਿੰਘ ਸੈਣੀ ਵੀ ਸਨ। ਉਨ੍ਹਾ ਜ਼ਖ਼ਮੀਆਂ ਸੰਬੰਧੀ ਡਾਕਟਰਾਂ ਤੋਂ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਜ਼ਖ਼ਮੀਆਂ ਦਾ ਵਿਸ਼ੇਸ਼ ਤੌਰ 'ਤੇ ਖਿਆਲ ਰੱਖਣ ਅਤੇ ਇਲਾਜ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਜ਼ਖ਼ਮੀਆਂ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਸਾਰਾ ਇਲਾਜ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਵੇਗਾ ਅਤੇ ਹੋਰ ਵੀ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਡਾਕਟਰ ਇੰਚਾਰਜ ਡਾ. ਏ ਪੀ ਸਿੰਘ ਨੇ ਸ. ਮਜੀਠੀਆ ਨੂੰ ਦੱਸਿਆ ਕਿ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਵਿਖੇ ਦਾਖ਼ਲ 11 ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ, ਜਿਨ੍ਹਾਂ ਵਿਚ ਦਲਜੀਤ ਕੌਰ ਪਤਨੀ ਜੈਮਲ ਸਿੰਘ, ਕੰਵਲਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ (ਦੋਵੇਂ ਵਾਸੀ ਪਿੰਡ ਸਿੱਧਵਾਂ), ਨਿਸ਼ਾਨ ਸਿੰਘ ਪੁੱਤਰ ਬਰਾ ਰਾਮ ਪਿੰਡ ਸਰਹਾਲਾ, ਜਸਵਿੰਦਰ ਕੌਰ ਪੁੱਤਰੀ ਦਿਲਬਾਗ ਸਿੰਘ, ਜਗੀਰ ਸਿੰਘ ਪੁੱਤਰ ਕਰਤਾਰ ਸਿੰਘ, ਅਮਨਦੀਪ ਕੌਰ ਪਤਨੀ ਕੁਲਵੰਤ ਸਿੰਘ, ਜਸ਼ਨਪ੍ਰੀਤ ਸਿੰਘ ਪੁੱਤਰ ਦਿਲਬਾਗ ਸਿੰਘ, ਪਰਕਾਸ਼ ਕੌਰ ਪਤਨੀ ਜਗੀਰ ਸਿੰਘ, ਅਮਰਬੀਰ ਕੌਰ ਪਤਨੀ ਬੀਰ ਸਿੰਘ, ਰਾਜਵਿੰਦਰ ਕੌਰ ਪਤਨੀ ਦਿਲਬਾਗ ਸਿੰਘ ਅਤੇ ਬੱਚੀ ਸੋਨੀਆ (ਸਾਰੇ ਵਾਸੀ ਪਿੰਡ ਕੋਟਲੀ ਢੋਲੇਸ਼ਾਹ) ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਖ਼ਮੀਆਂ ਦਾ ਇਲਾਜ ਮਾਹਿਰ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਇਸ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਲਈ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਬੀਤੀ ਰਾਤ ਉਕਤ ਦੁਰਘਟਨਾ ਦੌਰਾਨ ਸਚਦੇਵਾ ਕੰਪਨੀ ਦੀ ਇਕ ਬੱਸ ਅਤੇ ਇਕ ਘੜੁੱਕੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਦੋਂ ਕਿ ਘੜੁੱਕੇ 'ਚ ਸਵਾਰ ਮਜ਼ਦੂਰ ਕੱਲ੍ਹ ਸ਼ਾਮੀਂ ਆਪਣੇ ਕੰਮ ਤੋਂ ਵਾਪਸ ਪਰਤ ਰਹੇ ਸਨ। ਹਾਦਸੇ ਦੌਰਾਨ ਮਰਨ ਵਾਲਿਆਂ ਵਿਚ ਰਮਨਦੀਪ ਕੌਰ ਪੁੱਤਰੀ ਕੁਲਵੰਤ ਸਿੰਘ, ਮਨਿੰਦਰ ਕੌਰ, ਸ਼ਰਨਜੀਤ ਕੌਰ, ਸੰਦੀਪ ਕੌਰ (ਸਾਰੇ ਵਾਸੀ ਕੋਟਲੀ ਢੋਲੇਸ਼ਾਹ), ਸਵਰਨ ਕੌਰ ਪਤਨੀ ਅਮਰੀਕ ਸਿੰਘ ਵਾਸੀ ਸਿੱਧਵਾਂ, ਜੀਤ ਕੌਰ ਪਤਨੀ ਦਾਰਾ ਸਿੰਘ ਵਾਸੀ ਸਿੱਧਵਾਂ, ਜਗਦੀਸ਼ ਕੌਰ ਸਰਹਾਲਾ ਆਦਿ ਸ਼ਾਮਲ ਹਨ। ਵੱਲਾ ਹਸਪਤਾਲ ਤੋਂ ਇਲਾਵਾ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ 2, ਕੇ.ਡੀ ਹਸਪਤਾਲ ਵਿਖੇ ਇਕ ਅਤੇ ਅਮਨਦੀਪ ਹਸਪਤਾਲ ਵਿਖੇ ਵੀ ਇਕ ਜ਼ਖ਼ਮੀ ਦਾ ਇਲਾਜ ਚੱਲ ਰਿਹਾ ਹੈ। ਇਸ ਉਪਰੰਤ ਸ. ਮਜੀਠੀਆ ਪਿੰਡ ਸਰਹਾਲਾ, ਸਿੱਧਵਾਂ ਅਤੇ ਕੋਟਲੀ ਢੋਲੇਸ਼ਾਹ ਵਿਖੇ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਵਿਚ ਵੀ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਐਡਵੋਕੇਟ ਭਗਵਾਨ ਸਿੰਘ ਸਿਆਲਕਾ, ਪ੍ਰੋ. ਸਰਚਾਂਦ ਸਿੰਘ ਆਦਿ ਮੌਜੂਦ ਸਨ।