ਸ਼੍ਰੋਮਣੀ ਕਮੇਟੀ ਵੱਲੋਂ ਚਾਰ ਪਿਆਰੇ ਬਰਖਾਸਤ

ਅੰਮ੍ਰਿਤਸਰ
(ਜਸਬੀਰ ਸਿੰਘ ਪੱਟੀ)
ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣ ਵਾਲੇ ਤਖਤਾਂ ਦੇ ਜਥੇਦਾਰਾਂ ਨੂੰ ਤਲਬ ਕਰਨ ਵਾਲੇ ਪੰਜ ਪਿਆਰਿਆਂ ਵਿਚਂੋ ਇੱਕ ਨੂੰ ਬੀਤੇ ਕੱਲ੍ਹ ਸੇਵਾ-ਮੁਕਤ ਤੇ ਚਾਰ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿੱਚ ਨੌਕਰੀ ਤਂੋ ਬਰਖਾਸਤ ਕਰ ਦਿੱਤਾ ਗਿਆ ਹੈ, ਜਦਕਿ ਪੰਜ ਪਿਆਰਿਆਂ ਦੇ ਮੁਖੀ ਭਾਈ ਸਤਨਾਮ ਸਿੰਘ ਖੰਡਾ ਨੇ ਬਰਖਾਸਤਗੀ ਦੇ ਹਾਲੇ ਹੁਕਮ ਨਾ ਮਿਲਣ ਦੀ ਗੱਲ ਕਰਦਿਆਂ ਕਿਹਾ ਕਿ ਉਹ 2 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਰੱਖੀ ਮੀਟਿੰਗ ਜ਼ਰੂਰ ਕਰਨਗੇ ਤੇ ਆਪਣਾ ਅਗਲਾ ਫੈਸਲਾ ਸੁਣਾਉਣਗੇ।
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੁੱਖ ਦਫਤਰ ਵਿਖੇ ਹੋਈ ਮੀਟਿੰਗ ਵਿੱਚ ਕਮੇਟੀ ਦੇ ਕੁੱਲ 15 ਮੈਂਬਰਾਂ ਵਿੱਚੋਂ 13 ਮੈਂਬਰਾਂ ਨੇ ਭਾਗ ਲਿਆ, ਜਦਕਿ ਕਮੇਟੀ ਦੇ ਜਰਨਲ ਸਕੱਤਰ ਸੁਖਦੇਵ ਸਿੰਘ ਭੌਰ ਤੇ ਮੈਂਬਰ ਸੂਬਾ ਸਿੰਘ ਡੱਬਵਾਲੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ। ਵਿਰੋਧੀ ਧਿਰ ਦੇ ਦੋ ਮੈਂਬਰਾਂ ਮੰਗਲ ਸਿੰਘ ਸੰਧੂ ਤੇ ਭਜਨ ਸਿੰਘ ਸ਼ੇਰਗਿੱਲ ਨੇ ਪੰਜ ਪਿਆਰਿਆਂ ਦੀ ਬਰਖਾਸਤਗੀ ਦਾ ਵਿਰੋਧ ਕਰਦਿਆਂ ਆਪਣਾ ਵਿਰੋਧੀ ਨੋਟ ਵੀ ਦਰਜ ਕਰਵਾਇਆ ਤੇ ਕਿਹਾ ਕਿ ਚਾਰ ਸਿੱਖਾਂ ਦੀ ਕਾਤਲ ਤੇ ਵੱਖ-ਵੱਖ ਬਲਾਤਕਾਰਾਂ ਦੇ ਕੇਸਾਂ ਵਿੱਚ ਅਦਾਲਤ ਵਿੱਚ ਤਰੀਕਾਂ ਭੁਗਤ ਰਹੇ ਡੇਰਾ ਮੁਖੀ ਨੂੰ ਮੁਆਫੀ ਦੇਣ ਵਾਲੇ ਜਥੇਦਾਰਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਸੀ, ਪਰ ਇਥੇ ਤਾਂ ਉਲਟੇ ਬਾਂਸ ਬਰੇਲੀ ਨੂੰ ਭੇਜੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜ ਪਿਆਰਿਆਂ ਨੇ ਸਹੀ ਸਮੇਂ 'ਤੇ ਸਹੀ ਕਾਰਵਾਈ ਕੀਤੀ ਹੈ ਅਤੇ ਉਹਨਾਂ ਦਾ ਸਾਥ ਦਿੱਤਾ ਜਾਣਾ ਚਾਹੀਦਾ ਹੈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਗਲ ਸਿੰਘ ਸੰਧੂ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪੰਜ ਪਿਆਰਿਆਂ ਦੀ ਬਰਖਾਸਤਗੀ ਦਾ ਫੈਸਲਾ ਸੁਣਾਇਆ ਤਾਂ ਉਹਨਾਂ ਕਿਹਾ ਕਿ ਮੱਕੜ ਸਾਹਿਬ ਇੰਨੇ ਬੇਗੈਰਤ ਨਾ ਹੋਵੋ, ਕੌਮ ਤਾਂÎ ਪਹਿਲਾਂ ਹੀ ਸੰਕਟ ਵਿਚੋਂ ਗੁਜ਼ਰ ਰਹੀ ਹੈ। ਉਹਨਾਂ ਕਿਹਾ ਕਿ ਪੰਜ ਪਿਆਰਿਆਂ ਦਾ ਫੈਸਲਾ ਪੂਰੀ ਤਰ੍ਹਾਂ ਪੰਥ ਪ੍ਰਵਾਨਿਤ ਤੇ ਮਰਿਆਦਾ ਤੇ ਨਿਯਮਾਂ ਅਨੁਸਾਰ ਦਰੁੱਸਤ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਜਥੇਦਾਰਾਂ ਨੂੰ ਵਿਹਲਿਆਂ ਕਰਦੀ, ਪਰ ਮੱਕੜ ਨੇ ਬਾਦਲਾਂ ਦੇ ਇਸ਼ਾਰਿਆਂ 'ਤੇ ਪੰਜ ਪਿਆਰਿਆਂ ਨੂੰ ਵਿਹਲੇ ਕਰਕੇ ਜਿਥੇ ਪ੍ਰੰਪਰਾਵਾਂ ਦਾ ਘਾਣ ਕੀਤਾ ਹੈ, ਉਥੇ ਸ਼੍ਰੋਮਣੀ ਕਮੇਟੀ ਦੇ ਨਿਯਮਾਂਵਾਲੀ ਦਾ ਵੀ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਵੇਲੇ ਅਸਿੱਧੇ ਰੂਪ ਵਿੱਚ ਬਾਦਲਾਂ ਦੇ ਅਧੀਨ ਹੈ ਤੇ ਜੋ ਵੀ ਹੁਕਮ ਚੰਡੀਗੜ੍ਹ ਦੇ ਗਲਿਆਰਿਆਂ ਤੋਂ ਆਉਂਦੇ ਹਨ, ਉਹ ਹੀ ਲਾਗੂ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਨੇ ਮੀਟਿੰਗ ਵਿੱਚ ਮਤਾ ਪਾਸ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਐੱਸ.ਐੱਸ. ਕੋਹਲੀ ਨੂੰ ਪਹਿਲਾਂ ਬਰਖਾਸਤ ਕੀਤਾ ਤੇ ਫਿਰ ਚੰਡੀਗੜ੍ਹ ਤੋਂ ਆਏ ਹੁਕਮਾਂ ਦੀ ਤਾਮੀਲ ਕਰਦਿਆਂ ਕਾਰਜਕਾਰਨੀ ਕਮੇਟੀ ਦੇ ਲੈ ਗਏ ਫੈਸਲੇ ਨੂੰ ਰੱਦ ਕਰਦਿਆਂ ਅਗਲੇ ਦਿਨ ਹੀ ਵਾਪਸ ਲੈ ਲਿਆ ਗਿਆ, ਜੋ ਗੁਰਦੁਆਰਾ ਐਕਟ ਤੇ ਨਿਯਮਾਂ ਦੀ ਘੋਰ ਉਲੰਘਣਾ ਹੈ। ਉਹਨਾਂ ਕਿਹਾ ਕਿ ਗੁਰੂ ਦੀ ਗੋਲਕ ਦੀ ਦੁਰਵਰਤਂੋ ਜਿੰਨੀ ਇਸ ਵੇਲੇ ਹੋ ਰਹੀ ਹੈ, ਇੰਨੀ ਪਹਿਲਾਂ ਕਦੇ ਨਹੀਂ ਹੋਈ। ਉਹਨਾਂ ਕਿਹਾ ਕਿ ਉਹ ਪੰਜ ਪਿਆਰਿਆਂ ਦੀ ਹਰ ਪ੍ਰਕਾਰ ਦੀ ਹਮਾਇਤ ਕਰਦੇ ਹਨ ਤੇ ਜਿਥੇ ਉਹ ਲੋੜ ਮਹਿਸੂਸ ਕਰਨ ਉਹਨਾਂ ਦਾ ਸਾਥ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜ ਪਿਆਰਿਆਂ ਦੀ ਪਰੰਪਰਾ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਤੇ ਉਸ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਪੰਜ ਪਿਆਰਿਆਂ ਦੇ ਮੁਖੀ ਭਾਈ ਸਤਿਨਾਮ ਸਿੰਘ ਖੰਡਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਹਾਲੇ ਤੱਕ ਬਰਖਾਸਤਗੀ ਦੇ ਹੁਕਮ ਨਹੀਂ ਮਿਲੇ ਹਨ, ਪਰ ਉਹ ਟੀ.ਵੀ ਦੀ ਨਿਊਜ਼ ਹੀ ਸੁਣ ਰਹੇ ਹਨ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਪਹਿਲਾਂ ਨਿਰਧਾਰਤ ਕੀਤੀ 2 ਜਨਵਰੀ ਦੀ ਮੀਟਿੰਗ ਕਰਨਗੇ? ਉਹਨਾਂ ਕਿਹਾ ਕਿ ਮੀਟਿੰਗ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਵੇਰੇ 11 ਵਜੇ ਹਰ ਹਾਲਤ ਵਿੱਚ ਹੋਵੇਗੀ। ਉਹਨਾਂ ਕਿਹਾ ਕਿ ਪੰਜ ਪਿਆਰੇ ਕਿਸੇ ਦੇ ਮੁਥਾਜ਼ ਨਹੀਂ ਹਨ ਤੇ ਉਹਨਾਂ ਨੇ ਜਥੇਦਾਰਾਂ ਨੂੰ ਤਲਬ ਕਰਨ ਦਾ ਜਿਹੜਾ ਫੈਸਲਾ ਕੀਤਾ ਹੈ, ਉਹ ਮਰਿਆਦਾ ਤੇ ਪੰਥਕ ਪਰੰਪਰਾਵਾਂ ਤੇ ਨਿਯਮਾਂ ਦੀ ਰੌਸ਼ਨੀ ਵਿੱਚ ਕੀਤਾ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠਾ ਦੇ ਘਰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ, ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਤੇ ਮੰਤਰੀ ਸਿਕੰਦਰ ਸਿੰਘ ਨੇ ਸ਼ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਤੇ ਰਾਜਿੰਦਰ ਸਿੰਘ ਮਹਿਤਾ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਹਦਾਇਤ ਕੀਤੀ ਕਿ ਕਿਸੇ ਵੀ ਕਿਸਮ ਦੀ ਬਹਾਨੇਬਾਜ਼ੀ ਨਹੀਂ ਚੱਲੇਗੀ ਤੇ ਪੰਜ ਪਿਆਰਿਆਂ ਨੂੰ ਬਿਨਾਂ ਕਿਸੇ ਦੇਰੀ ਦੇ ਬਰਾਖਸਤ ਕੀਤਾ ਜਾਵੇ। ਬੱਸ! ਹਾਈ ਕਮਾਂਡ ਦੇ ਹੁਕਮਾਂ 'ਤੇ ਫੁੱਲ ਚੜ੍ਹਾਉਂਦਿਆਂ ਮੱਕੜ ਤੇ ਸਾਥੀਆਂ ਨੇ ਪੰਜ ਪਿਆਰਿਆਂ ਨੂੰ ਇਸ ਤਰ੍ਹਾਂ ਬਰਖਾਸਤ ਕਰ ਦਿੱਤਾ, ਜਿਸ ਤਰ੍ਹਾਂ ਕਿਸੇ ਚੌਕੀਦਾਰ ਨੂੰ ਵੀ ਨਹੀਂ ਕੀਤਾ ਜਾਂਦਾ। ਸਾਬਕਾ ਸਕੱਤਰ ਕੁਲਵੰਤ ਸਿੰਘ ਦਾ ਮੰਨਣਾ ਹੈ ਕਿ ਬਰਖਾਸਤਗੀ ਤੋਂ ਪਹਿਲਾਂ ਚਾਰਜਸ਼ੀਟ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ ਤੇ ਅਦਾਲਤ ਪੰਜਾਂ ਪਿਆਰਿਆਂ ਨੂੰ ਰਾਹਤ ਦੇਵੇਗੀ। ਉਹਨਾਂ ਕਿਹਾ ਕਿ ਪੰਜ ਪਿਆਰਿਆਂ ਨੂੰ ਬਰਖਾਸਤ ਕਰਕੇ ਸ਼੍ਰੋਮਣੀ ਕਮੇਟੀ ਨਵਂੇ ਝਮੇਲੇ ਵਿੱਚ ਫਸ ਗਈ ਹੈ ਤੇ ਇਸ ਦੇ ਦੂਰ ਰਸ ਸਿੱਟੇ ਭਿਆਨਕ ਨਿਕਲਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਲਕੇ ਪੰਜ ਪਿਆਰਿਆਂ ਦੀ ਮੀਟਿੰਗ ਵਿੱਚ ਮੱਕੜ ਸਮੇਤ ਸਮੁੱਚੀ ਕਾਰਜਕਾਰਨੀ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਜਾਂ ਫਿਰ ਤਨਖਾਹੀਆ ਦੇਣ ਦੇ ਵੀ ਆਦੇਸ਼ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।