Latest News

ਸੁਖਬੀਰ ਵੱਲੋਂ ਪਲੇਠੀ ਤੀਰਥ ਯਾਤਰਾ ਰੇਲ ਗੱਡੀ ਰਵਾਨਾ

Published on 01 Jan, 2016 11:55 AM.

ਅੰਮ੍ਰਿਤਸਰ (ਜਸਬੀਰ ਸਿੰਘ)
ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਪਲੇਠੀ ਤੀਰਥ ਯਾਤਰਾ ਰੇਲ ਗੱਡੀ ਨੂੰ ਝੰਡੀ ਦੇ ਕੇ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਲਈ ਰਵਾਨਾ ਕੀਤਾ। ਉਨ੍ਹਾ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਸੂਬੇ ਅਤੇ ਮੁਲਕ ਵਿਚ ਅਮਨ-ਚੈਨ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਕਾਮਨਾ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਅਮੀਰ ਵਿਰਸੇ ਦੀ ਸੰਭਾਲ ਅਤੇ ਇਸ ਦੀ ਪ੍ਰਫੁੱਲਤਾ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਡਿਊਟੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਤੋਂ ਜਾਣੂ ਕਰਵਾਈਏ। ਇਸ ਦੇ ਨਾਲ ਹੀ ਸੱਭਿਆਚਾਰਕ ਵਿਰਾਸਤ ਸੂਬੇ ਵਿਚ ਵਿਰਾਸਤੀ ਸੈਰ-ਸਪਾਟੇ ਨੂੰ ਹੁਲਾਰਾ ਦੇਣ ਦਾ ਵੀ ਕੰਮ ਕਰੇਗੀ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ ਸਰਕਾਰ ਦੀ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਦੀ ਸੰਭਾਲ ਅਤੇ ਉਤਸ਼ਾਹਤ ਕਰਨ ਦੀ ਇਕ ਕੋਸ਼ਿਸ਼ ਹੈ।
ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਅਮੀਰ ਵਿਰਸੇ ਦੀ ਸੰਭਾਲ ਲਈ ਕੀਤੇ ਜਾ ਰਹੇ ਹੋਰਨਾਂ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾ ਐਲਾਨ ਕੀਤਾ ਕਿ ਇਕ ਸਾਲ ਦੇ ਅੰਦਰ ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਇਕ ਨਵੀਂ ਦਿਖ ਮਿਲੇਗੀ, ਕਿਉਂਕਿ ਇਥੇ ਚੱਲ ਰਹੇ ਵਿਕਾਸ ਕਾਰਜ ਪੂਰੇ ਹੋਣ ਦੇ ਕੰਢੇ ਹਨ। ਉਨ੍ਹਾ ਦੱਸਿਆ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਸਰਕਾਰ 100 ਕਰੋੜ ਰੁਪਏ ਖਰਚੇਗੀ।
ਉਨ੍ਹਾ ਕਿਹਾ ਕਿ ਅੰਮ੍ਰਿਤਸਰ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਅਤੇ 69 ਕਰੋੜ ਰੁਪਏ ਦੀ ਰਾਸ਼ੀ ਇਥੋਂ ਦੀਆਂ ਇਤਿਹਾਸਕ ਇਮਾਰਤਾਂ ਦੀ ਸਾਂਭ-ਸੰਭਾਲ ਲਈ ਖਰਚੇ ਜਾਣ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੀ ਸੁੰਦਰਤਾ 'ਤੇ 211 ਕਰੋੜ ਰੁਪਏ ਦੀ ਰਾਸ਼ੀ ਖਰਚੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਬਾਰੇ ਗੱਲ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਅਗਲੇ ਇਕ ਸਾਲ ਵਿਚ ਪਿੰਡਾਂ ਦੇ ਵਿਕਾਸ ਕਾਰਜਾਂ 'ਤੇ 6000 ਕਰੋੜ ਰੁਪਏ ਅਤੇ ਸ਼ਹਿਰਾਂ ਲਈ 4000 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾ ਇਹ ਵੀ ਐਲਾਨ ਕੀਤਾ ਕਿ ਅਗਲੇ ਪੰਜ ਸਾਲਾਂ ਵਿਚ ਸੂਬੇ ਦੇ ਸਾਰੇ ਪਿੰਡਾਂ ਦੀਆਂ ਗਲੀਆਂ ਸੀਮਿੰਟ ਦੀਆਂ ਬਣਨਗੀਆਂ। ਇਸੇ ਤਰ੍ਹਾਂ ਰਾਜ ਦੇ 140 ਸ਼ਹਿਰਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਾਜੈਕਟਾਂ 'ਤੇ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ।
18 ਡੱਬਿਆਂ ਵਾਲੀ ਤੀਰਥ ਯਾਤਰਾ ਰੇਲ ਗੱਡੀ ਵਿਚ 1080 ਸ਼ਰਧਾਲੂ ਬੈਠ ਸਕਦੇ ਹਨ ਅਤੇ ਇਸ ਦੀ ਪੈਂਟਰੀ 1500 ਯਾਤਰੀਆਂ ਲਈ ਖਾਣਾ ਤਿਆਰ ਕਰਨ ਦੇ ਸਮਰੱਥ ਹੈ। ਇਹ ਰੇਲ ਗੱਡੀ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਤੋਂ ਬਾਅਦ 6 ਜਨਵਰੀ ਨੂੰ ਵਾਪਸ ਪਰਤੇਗੀ ਅਤੇ ਸ਼ਰਧਾਲੂਆਂ ਨੂੰ ਖਾਣੇ, ਰਹਿਣ-ਸਹਿਣ, ਆਉਣ-ਜਾਣ ਆਦਿ ਦੀਆਂ ਸਾਰੀਆਂ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਦੀਆਂ ਸੱਤ ਹੋਰ ਰੇਲ ਗੱਡੀਆਂ ਨੰਦੇੜ ਸਾਹਿਬ ਲਈ ਮੌੜ (ਬਠਿੰਡਾ), ਸ੍ਰੀ ਆਨੰਦਪੁਰ ਸਾਹਿਬ, ਤਰਨ ਤਾਰਨ, ਪਟਿਆਲਾ, ਬਟਾਲਾ (ਗੁਰਦਾਸਪੁਰ), ਸ੍ਰੀ ਮੁਕਤਸਰ ਸਾਹਿਬ ਅਤੇ ਬਿਆਸ ਤੋਂ ਇਸੇ ਮਹੀਨੇ ਚੱਲਣਗੀਆਂ। ਇਸ ਤੋਂ ਇਲਾਵਾ ਇਸ ਮਹੀਨੇ ਲੁਧਿਆਣਾ ਅਤੇ ਜਲੰਧਰ ਤੋਂ ਦੋ ਰੇਲ ਗੱਡੀਆਂ ਵਾਰਾਨਸੀ ਅਤੇ ਇਕ ਰੇਲ ਗੱਡੀ ਮਾਲੇਰਕੋਟਲਾ ਤੋਂ ਅਜਮੇਰ ਸ਼ਰੀਫ਼ ਲਈ ਚੱਲੇਗੀ। ਇਸ ਸਕੀਮ ਤਹਿਤ ਜਨਵਰੀ ਅਤੇ ਫਰਵਰੀ ਮਹੀਨਿਆਂ 'ਚ 11 ਹੋਰ ਤੀਰਥ ਯਾਤਰਾ ਰੇਲ ਗੱਡੀਆਂ ਚਲਾਏ ਜਾਣ ਦੀ ਯੋਜਨਾ ਹੈ। ਇਸੇ ਤਰ੍ਹਾਂ ਕਟੜਾ ਅਤੇ ਬਾਸੀਲਕਾ (ਚੇਨਈ) ਲਈ ਵੀ ਅਜਿਹੀਆਂ ਰੇਲ ਗੱਡੀਆਂ ਚਲਾਏ ਜਾਣ ਦਾ ਪ੍ਰਸਤਾਵ ਹੈ। ਇਸ ਸਕੀਮ ਤਹਿਤ 4 ਜਨਵਰੀ ਤੋਂ ਸਾਲਾਸਰ (ਰਾਜਸਥਾਨ) ਅਤੇ ਚਿੰਤਪੁਰਨੀ (ਹਿਮਾਚਲ ਪ੍ਰਦੇਸ਼) ਲਈ ਮੁਫ਼ਤ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਸ ਯੋਜਨਾ ਤਹਿਤ ਹਰੇਕ ਵਿਧਾਲ ਸਭਾ ਹਲਕੇ ਵਿਚੋਂ 1000 ਸ਼ਰਧਾਲੂਆਂ ਨੂੰ ਲਿਜਾਏ ਜਾਣਗੇ। ਇਸ ਸਕੀਮ 'ਤੇ ਕਰੀਬ 187 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ।
ਇਸ ਰੇਲ ਗੱਡੀ ਵਿਚ ਦਰਸ਼ਨਾਂ ਲਈ ਰਵਾਨਾ ਹੋਏ 1050 ਯਾਤਰੀਆਂ ਵਿਚ ਪੰਜਾਬ ਦੇ ਭਲਾਈ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਉਨ੍ਹਾ ਦੇ ਪਰਵਾਰਕ ਮੈਂਬਰ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਸਹੂਲਤ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਵੀ ਇਸ ਰੇਲ ਗੱਡੀ ਵਿਚ ਗਏ ਹਨ। ਰੇਲ ਗੱਡੀ ਵਿਚ ਸ਼ਰਧਾਲੂਆਂ ਨੂੰ ਆਡੀਓ ਸੀ ਡੀਜ਼ ਰਾਹੀਂ ਸ਼ਬਦ ਵੀ ਸੁਣਾਏ ਜਾਣਗੇ। ਇਸ ਮੌਕੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ, ਸੈਰ-ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸੋਹਣ ਸਿੰਘ ਠੰਡਲ, ਮੁੱਖ ਸੰਸਦੀ ਸਕੱਤਰ ਅਮਰਪਾਲ ਸਿੰਘ ਬੋਨੀ ਅਜਨਾਲਾ, ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਸਰ ਵੀਰ ਸਿੰਘ ਲੋਪੋਕੇ, ਪ੍ਰਮੁੱਖ ਸਕੱਤਰ ਟ੍ਰਾਂਸਪੋਰਟ ਆਰ ਵੈਂਕਟਰਤਨਮ, ਡਾਇਰੈਕਟਰ ਸੱਭਿਆਚਾਰਕ ਮਾਮਲੇ ਐੱਨ ਪੀ ਐੱਸ ਰੰਧਾਵਾ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।

720 Views

e-Paper