ਪੰਜ ਪਿਆਰਿਆਂ ਵੱਲੋਂ ਜਥੇਦਾਰਾਂ, ਮੱਕੜ ਤੇ ਮੁੱਖ ਸਕੱਤਰ ਦੇ ਬਾਈਕਾਟ ਦੀ ਵੱਖ-ਵੱਖ ਸ਼ਖਸੀਅਤਾਂ ਵੱਲਂੋ ਹਮਾਇਤ

ਅੰਮ੍ਰਿਤਸਰ (ਜਸਬੀਰ ਸਿੰਘ)
ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜ ਪਿਆਰਿਆਂ ਵੱਲੋਂ ਜਥੇਦਾਰਾਂ ਦਾ ਸਮਾਜਿਕ ਬਾਈਕਾਟ ਕਰਨ ਤੇ ਮੱਕੜ ਤੇ ਮੁੱਖ ਸਕੱਤਰ ਨੂੰ ਪੰਥਕ ਪਰੰਪਰਾ ਦਾ ਹਨਨ ਕਰਨ ਦੇ ਦੋਸ਼ੀ ਠਹਿਰਾਉਣ ਦਾ ਸੁਆਗਤ ਕਰਦਿਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਡੇਰਾ ਮੁਖੀ ਨੂੰ ਮੁਆਫੀ ਦੇ ਕੇ ਬੱਜਰ ਗਲਤੀ ਕਰਨ ਵਾਲੇ ਜਥੇਦਾਰਾਂ ਨੂੰ ਕਿਸੇ ਵੀ ਜਨਤਕ ਸਮਾਗਮ ਵਿੱਚ ਬੋਲਣ ਨਾ ਦਿੱਤਾ ਜਾਵੇ ਅਤੇ ਜਿਥੇ ਵੀ ਇਹ ਜਾਣ ਇਹਨਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇ। ਜਾਰੀ ਇੱਕ ਬਿਆਨ ਰਾਹੀ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਥੇਦਾਰ ਨਹੀਂ, ਸਗੋਂ ਬਾਦਲਾਂ ਤੇ ਮੱਕੜ ਦਾ ਸਰਬਰਾਹ ਹੈ। ਤਖਤ ਸ੍ਰੀ ਪਟਨਾ ਸਾਹਿਬ ਦੇ ਸਿੱਖ ਸੰਗਤਾਂ ਵੱਲੋਂ ਦੁਰਕਾਰੇ ਗਏ ਅਗਿਆਨੀ ਇਕਬਾਲ ਸਿੰਘ ਨੂੰ ਵੀ ਕੋਈ ਅਧਿਕਾਰ ਨਹੀਂ ਕਿ ਉਹ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਬੈਠ ਕੇ ਪੰਥਕ ਫੈਸਲੇ ਲਵੇ। ਉਹਨਾਂ ਕਿਹਾ ਕਿ ਗਿਆਨੀ ਗੁਰਮੁੱਖ ਸਿੰਘ ਤੇ ਗਿਆਨੀ ਮੱਲ ਸਿੰਘ ਵੀ ਇਸ ਵੇਲੇ ਬਾਦਲ ਪਰਵਾਰ ਦੇ ਕਾਰ ਸੇਵਕ ਬਣ ਚੁੱਕੇ ਹਨ ਤੇ ਇਹਨਾਂ ਨੂੰ ਜਥੇਦਾਰ ਅਖਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਉਹ ਗੁਰੂ ਸਾਹਿਬ ਵੱਲੋ ਸ਼ੁਰੂ ਕੀਤੀ ਗਈ ਪੰਜ ਪ੍ਰਧਾਨੀ ਮਰਿਆਦਾ ਦੀ ਹਮਾਇਤ ਕਰਦੇ ਹਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ 'ਤੇ ਕਈ ਲੱਖ ਤਨਖਾਹ ਲੈਣ ਵਾਲੇ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਪੰਜ ਪਿਆਰਿਆਂ ਨੂੰ ਬਰਖਸਾਤ ਕਰਨ ਦੀ ਘਿਨਾਉਣੀ ਕਾਰਵਾਈ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਨ ਕਿ ਪੰਜ ਪਿਆਰਿਆਂ ਵੱਲੋਂ ਦੋਸ਼ੀ ਗਰਦਾਨੇ ਗਏ ਇਹਨਾਂ ਦੋ ਮਹਾਂ ਦੋਸ਼ੀਆਂ ਦਾ ਵੀ ਬਾਈਕਾਟ ਕੀਤਾ ਜਾਵੇ ਅਤੇ ਫਤਿਹਗੜ੍ਹ ਸਾਹਿਬ ਵਾਂਗ ਮੱਕੜ ਵਰਗਿਆਂ ਕਿਸੇ ਵੀ ਹੋਰ ਸਟੇਜ ਤੋਂ ਵੀ ਬੋਲਣ ਨਾ ਦਿੱਤਾ ਜਾਵੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਪੰਜ ਪਿਆਰਿਆਂ ਦਾ ਫੈਸਲਾ ਅਤਿ-ਸ਼ਲਾਘਾਯੋਗ ਹੈ ਤੇ ਇਹ ਫੈਸਲਾ ਪੰਜ ਪਿਆਰਿਆਂ ਨੂੰ ਬਹੁਤ ਪਹਿਲਾਂ ਲੈ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਫੈਸਲੇ ਦੀ ਹਮਾਇਤ ਕਰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਥੇਦਾਰਾਂ ਤੇ ਮੱਕੜ ਨੂੰ ਕਿਸੇ ਵੀ ਸਟੇਜ ਤਂੋ ਬੋਲਣ ਨਹੀਂ ਦੇਵੇਗਾ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਹ ਪੰਜ ਪਿਆਰਿਆਂ ਦੀ ਹਰ ਪ੍ਰਕਾਰ ਨਾਲ ਹਮਾਇਤ ਕਰਦੇ ਹਨ ਅਤੇ ਸਰਕਾਰੀ ਜਥੇਦਾਰਾਂ ਦਾ ਸਿੱਖ ਸੰਗਤਾਂ ਨੂੰ ਬਾਈਕਾਟ ਦਾ ਸੱਦਾ ਦਿੰਦੇ ਹਨ। ਉਹਨਾਂ ਕਿਹਾ ਕਿ ਮੱਕੜ ਨੇ ਜਿੰਨਾ ਨੁਕਸਾਨ ਇਸ ਵੇਲੇ ਸਿੱਖ ਕੌਮ ਦਾ ਕੀਤਾ ਹੈ, ਇੰਨਾ ਤਾਂ ਅੰਗਰੇਜ਼ ਆਪਣੇ ਸਰਬਰਾਹ ਰੂੜ ਸਿੰਘ ਕੋਲੋਂ ਵੀ ਨਹੀਂ ਕਰਵਾ ਸਕੇ ਸਨ। ਉਹਨਾਂ ਕਿਹਾ ਕਿ ਉਹ ਪੰਜ ਪਿਆਰਿਆਂ ਨੂੰ ਹਰ ਪ੍ਰਕਾਰ ਦੀ ਹਮਾਇਤ ਦੇਣ ਲਈ ਵਚਨਬੱਧ ਹਨ ਤੇ ਉਹਨਾਂ ਦੀ ਬਹਾਲੀ ਲਈ ਜੇਕਰ ਅਦਾਲਤ ਵਿੱਚ ਜਾਣ ਦੀ ਲੋੜ ਪਈ ਤਾਂ ਉਹ ਪਹਿਲਕਦਮੀ ਕਰਨਗੇ।