ਕਾਮਰੇਡ ਬਰਧਨ ਨਹੀਂ ਰਹੇ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੀ ਪੀ ਆਈ ਦੇ ਬਜ਼ੁਰਗ ਆਗੂ ਕਾਮਰੇਡ ਏ ਬੀ ਬਰਧਨ ਨਹੀਂ ਰਹੇ। ਉਨ੍ਹਾ ਦਾ ਸ਼ਨੀਵਾਰ ਦੇਰ ਸ਼ਾਮ ਦੇਹਾਂਤ ਹੋ ਗਿਆ। ਉਹ ਕਾਫੀ ਦੇਰ ਤੋਂ ਬਿਮਾਰ ਚੱਲੇ ਆ ਰਹੇ ਸਨ। ਅਧਰੰਗ ਦੇ ਦੌਰੇ ਕਾਰਨ ਕਾਮਰੇਡ ਬਰਧਨ ਨੂੰ ਪਿਛਲੇ ਮਹੀਨੇ ਦਿੱਲੀ ਦੇ ਜੀ ਬੀ ਪੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਹ ਇੱਥੇ ਹਸਪਤਾਲ 'ਚ 7 ਦਸੰਬਰ ਤੋਂ ਇਲਾਜ ਅਧੀਨ ਸਨ। ਕਾਮਰੇਡ ਬਰਧਨ ਦਾ ਦੇਸ਼ ਦੇ ਟਰੇਡ ਯੂਨੀਅਨ ਅੰਦੋਲਨ 'ਚ ਵਿਸ਼ੇਸ਼ ਸਥਾਨ ਹੈ। ਉਨ੍ਹਾ 1957 'ਚ ਮਹਾਰਾਸ਼ਟਰ ਅਸੰਬਲੀ ਦੀ ਚੋਣ ਇੱਕ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਜਿੱਤੀ ਸੀ। ਬਾਅਦ 'ਚ ਉਹ ਦੇਸ਼ ਦੀ ਸਭ ਤੋਂ ਪੁਰਾਣੀ ਟਰੇਡ ਯੂਨੀਅਨ ਏਟਕ ਦੇ ਜਨਰਲ ਸਕੱਤਰ ਅਤੇ ਬਾਅਦ ਵਿੱਚ ਪ੍ਰਧਾਨ ਬਣੇ। ਉਹ 1990ਵਿਆਂ 'ਚ ਦਿੱਲੀ ਦੀ ਸਿਆਸਤ 'ਚ ਆਏ ਸਨ। ਜਦ ਉਹ ਪਾਰਟੀ ਦੇ ਡਿਪਟੀ ਜਨਰਲ ਸਕੱਤਰ ਬਣੇ ਸਨ। 1996 'ਚ ਉਨ੍ਹਾ ਇੰਦਰਜੀਤ ਗੁਪਤਾ ਦੀ ਥਾਂ ਪਾਰਟੀ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ ਸੀ।