ਜੰਗੀ ਤਣਾਅ ਨਵੀਂਆਂ ਸਿਖ਼ਰਾਂ ਵੱਲ

ਕੱਲ੍ਹ ਉੱਤਰੀ ਕੋਰੀਆ ਤੋਂ ਆਈ ਇਹ ਖ਼ਬਰ ਮੱਥਾ ਠਣਕਾਉਣ ਵਾਲੀ ਹੈ ਕਿ ਉਨ੍ਹਾਂ ਹਾਈਡਰੋਜਨ ਬੰਬ ਦੀ ਪਰਖ ਦਾ ਤਜਰਬਾ ਕਰ ਲਿਆ ਹੈ। ਸਾਰੀ ਦੁਨੀਆ ਵਿੱਚ ਇਸ ਦਾ ਬੁਰਾ ਮਨਾਇਆ ਗਿਆ ਹੈ। ਜਿਹੜਾ ਚੀਨ ਹੁਣ ਤੱਕ ਹਰ ਗੱਲ ਵਿੱਚ ਉੱਤਰੀ ਕੋਰੀਆ ਦੇ ਪੱਖ ਵਿੱਚ ਖੜੋਂਦਾ ਹੁੰਦਾ ਸੀ, ਇਸ ਵਾਰ ਉਹ ਇਸ ਤਜਰਬੇ ਦਾ ਵਿਰੋਧ ਕਰਨ ਵਾਲੇ ਲੋਕਾਂ ਵਿੱਚ ਖੜਾ ਹੈ। ਸੰਯੁਕਤ ਰਾਸ਼ਟਰ ਵੀ ਵਿਸ਼ੇਸ਼ ਮੀਟਿੰਗਾਂ ਸੱਦ ਰਿਹਾ ਹੈ।
ਸੰਸਾਰ ਦੀ ਸਰਦਾਰੀ ਦੇ ਦਾਅਵੇ ਕਰਨ ਵਾਲੇ ਜਿਹੜੇ ਦੇਸ਼ਾਂ ਨੇ ਇਸ ਤਜਰਬੇ ਦੇ ਵਿਰੋਧ ਦੀ ਅਗਵਾਈ ਕੀਤੀ ਹੈ, ਅਸੀਂ ਉਨ੍ਹਾਂ ਦੇ ਵਿਰੋਧ ਨੂੰ ਤਾਂ ਗ਼ਲਤ ਨਹੀਂ ਕਹਾਂਗੇ, ਪਰ ਇਸ ਤਜਰਬੇ ਤੱਕ ਹਾਲਾਤ ਦੇ ਪਹੁੰਚਣ ਦੀ ਕਹਾਣੀ ਚੇਤੇ ਰੱਖਣੀ ਚਾਹੀਦੀ ਹੈ। ਇੱਕ ਦੇਸ਼ ਤੋਂ ਪਾਟ ਕੇ ਦੋ ਕੋਰੀਆ ਬਣਾ ਦਿੱਤੇ ਗਏ ਸਨ। ਦੱਖਣੀ ਕੋਰੀਆ ਦੇ ਹੁਕਮਰਾਨ ਅਮਰੀਕਾ ਤੇ ਹੋਰ ਸਾਮਰਾਜੀ ਸ਼ਕਤੀਆਂ ਦੇ ਹੱਥ-ਠੋਕੇ ਬਣਨ ਕਾਰਨ ਲਗਾਤਾਰ ਉੱਤਰ ਕੋਰੀਆ ਦੇ ਨਾਲ ਦੁਸ਼ਮਣੀ ਦੀ ਸਿਖ਼ਰ ਕਰਨ ਹੀ ਲੱਗੇ ਰਹੇ। ਹਰ ਸਾਲ ਉਸ ਖਿੱਤੇ ਵਿੱਚ ਇਹੋ ਜਿਹੇ ਹਾਲਾਤ ਬਣਦੇ ਅਤੇ ਉਸ ਦੇ ਬਾਅਦ ਮਸਾਂ ਟਲਦੇ ਹਨ, ਜਿਨ੍ਹਾਂ ਤੋਂ ਜਾਪਦਾ ਹੈ ਕਿ ਜੰਗ ਬੱਸ ਕਿਸੇ ਵੇਲੇ ਵੀ ਲੱਗ ਜਾਣੀ ਹੈ। ਅਮਰੀਕੀ ਫ਼ੌਜਾਂ ਦੀਆਂ ਐਕਸਰਸਾਈਜ਼ਾਂ ਬਹੁਤੀ ਵਾਰ ਦੱਖਣੀ ਕੋਰੀਆ ਜਾ ਕੇ ਹੁੰਦੀਆਂ ਹਨ ਤੇ ਹਰ ਵਾਰ ਉੱਤਰੀ ਕੋਰੀਆ ਵਾਲੇ ਪਾਸੇ ਨੂੰ ਲਲਕਾਰੇ ਮਾਰਨ ਦਾ ਕੰਮ ਹੁੰਦਾ ਸੰਸਾਰ ਭਰ ਦੇ ਲੋਕ ਸਿਰਫ਼ ਵੇਖਦੇ ਹਨ, ਰੋਕਦੇ ਨਹੀਂ।
ਸਾਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਦੂਸਰੀ ਸੰਸਾਰ ਜੰਗ ਮੁੱਕਣ ਵੇਲੇ ਦੇ ਖ਼ਾਸ ਹਾਲਾਤ ਦੇ ਵਿੱਚ ਜਰਮਨੀ ਦੇ ਦੋ ਹਿੱਸੇ ਹੋ ਗਏ ਸਨ। ਜਦੋਂ ਤੱਕ ਪੂਰਬੀ ਜਰਮਨੀ ਨੂੰ ਤੋੜ ਨਹੀਂ ਲਿਆ, ਦੁਨੀਆ ਦੇ ਸਾਮਰਾਜੀ ਦੇਸ਼ ਉਸ ਦੇ ਵਿਰੁੱਧ ਵੀ ਓਸੇ ਤਰ੍ਹਾਂ ਹਰ ਵਰ੍ਹੇ ਠੰਢੀ ਜੰਗ ਵਾਲਾ ਮਾਹੌਲ ਬਣਾਉਣ ਹੀ ਲੱਗੇ ਰਹਿੰਦੇ ਸਨ, ਜਿਵੇਂ ਪਿਛਲੇ ਸਾਲਾਂ ਦੇ ਦੌਰਾਨ ਉੱਤਰੀ ਕੋਰੀਆ ਨਾਲ ਹੁੰਦਾ ਵੇਖਿਆ ਗਿਆ ਹੈ।
ਅਸੀਂ ਫਿਰ ਇਹ ਗੱਲ ਕਹਿ ਦੇਈਏ ਕਿ ਅਸੀਂ ਉੱਤਰੀ ਕੋਰੀਆ ਦੇ ਹਾਈਡਰੋਜਨ ਬੰਬ ਲਈ ਕੀਤੇ ਗਏ ਇਸ ਤਜਰਬੇ ਨੂੰ ਗ਼ਲਤ ਸਮਝਦੇ ਹਾਂ, ਪਰ ਇਸ ਦੀ ਜ਼ਿੰਮੇਵਾਰੀ ਇਕੱਲੇ ਉਸੇ ਉੱਤੇ ਨਹੀਂ ਸੁੱਟੀ ਜਾ ਸਕਦੀ। ਐਟਮ ਬੰਬ ਦਾ ਪਹਿਲਾ ਤਜਰਬਾ ਅਮਰੀਕਾ ਵਾਲਿਆਂ ਨੇ ਜਾਪਾਨ ਉੱਤੇ ਕੀਤਾ ਸੀ। ਓਦੋਂ ਅਮਰੀਕਾ ਨੇ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਉੱਤੇ ਐਟਮ ਬੰਬ ਉਸ ਵੇਲੇ ਸੁੱਟੇ ਸਨ, ਜਦੋਂ ਜੰਗ ਖ਼ਤਮ ਹੋਣ ਵਾਲੀ ਸੀ ਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਜੰਗ ਖ਼ਤਮ ਹੋ ਗਈ ਤਾਂ ਬੰਬ ਪਰਖਣ ਦਾ ਮੌਕਾ ਨਹੀਂ ਮਿਲਣਾ। ਉਸ ਪਿੱਛੋਂ ਕਦੇ ਕਿਸੇ ਹੋਰ ਦੇਸ਼ ਨੇ ਇਸ ਦੀ ਵਰਤੋਂ ਨਹੀਂ ਕੀਤੀ। ਫਿਰ ਮਸਾਂ ਸੱਤ ਸਾਲ ਬਾਅਦ ਹਾਈਡਰੋਜਨ ਬੰਬ ਦੀ ਕਾਢ ਤੇ ਇਸ ਦਾ ਤਜਰਬਾ ਵੀ ਅਮਰੀਕਾ ਵਾਲਿਆਂ ਨੇ ਕੀਤਾ ਸੀ ਤੇ ਉਨ੍ਹਾਂ ਨਾਲ ਫ਼ੌਜੀ ਪੱਖੋਂ ਬਰਾਬਰੀ ਲਈ ਅਗਲੇ ਸਾਲ ਰੂਸ ਦੀ ਸਰਕਾਰ ਨੇ ਵੀ ਕਰ ਦਿੱਤਾ ਸੀ। ਜਦੋਂ ਅਮਰੀਕਾ ਵਾਲਿਆਂ ਨੇ ਕਰ ਲਿਆ, ਫਿਰ ਉਨ੍ਹਾਂ ਦੇ ਧੜੇ ਦੇ ਹੋਰ ਦੇਸ਼ਾਂ ਨੂੰ ਕਰਨ ਦੀ ਲੋੜ ਨਹੀਂ ਸੀ ਰਹਿ ਗਈ, ਪਰ ਮਸਾਂ ਪੰਜ ਸਾਲ ਬਾਅਦ ਇਹੋ ਤਜਰਬਾ ਬਰਤਾਨੀਆ ਨੇ ਵੀ ਕੀਤਾ ਤੇ ਸੰਸਾਰ ਦੀ ਸੱਥ ਕਹਾਉਂਦੀ ਯੂ ਐੱਨ ਓ ਨੇ ਰੋਕਿਆ ਨਹੀਂ ਸੀ। ਨੌਂ ਸਾਲ ਹੋਰ ਲੰਘਣ ਮਗਰੋਂ ਚੀਨ ਨੇ ਵੀ ਇਹੋ ਤਜਰਬਾ ਕੀਤਾ ਤਾਂ ਸਾਰੇ ਪਾਸੇ ਰੌਲਾ ਪੈਣ ਲੱਗ ਪਿਆ। ਇਹ ਦੋਗਲਾ ਪੈਂਤੜਾ ਹੈ। ਸੰਸਾਰ ਦੇ ਅਮਨ ਦੀ ਗਾਰੰਟੀ ਲਈ ਸਾਰੇ ਦੇਸ਼ਾਂ ਉੱਤੇ ਇਹੋ ਜਿਹੇ ਤਜਰਬੇ ਕਰਨ ਦੀ ਬਰਾਬਰ ਦੀ ਰੋਕ ਹੋਣੀ ਚਾਹੀਦੀ ਹੈ।
ਇਸ ਵਕਤ ਸੰਸਾਰ ਦੇ ਵੀਹ ਤੋਂ ਵੱਧ ਦੇਸ਼ਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਕੋਲ ਐਟਮ ਬੰਬਾਂ ਦੇ ਭੰਡਾਰ ਹੋ ਸਕਦੇ ਹਨ। ਇਨ੍ਹਾਂ ਵਿੱਚ ਕੁਝ ਦੇਸ਼ ਇਹੋ ਜਿਹੇ ਹਨ, ਜਿੱਥੇ ਅਸਥਿਰਤਾ ਦਾ ਮਾਹੌਲ ਹੈ। ਪਾਕਿਸਤਾਨ ਵੱਲ ਹੀ ਵੇਖ ਲਈਏ ਤਾਂ ਓਥੇ ਸਰਕਾਰ ਨੂੰ ਕੋਈ ਪੁੱਛਦਾ ਨਹੀਂ ਤੇ ਫ਼ੌਜ ਸਮੇਤ ਸਾਰੀਆਂ ਸੁਰੱਖਿਆ ਫੋਰਸਾਂ ਅੰਦਰ ਕਈ ਲੋਕਾਂ ਬਾਰੇ ਖੁੱਲ੍ਹਾ ਕਿਹਾ ਜਾਂਦਾ ਹੈ ਕਿ ਉਹ ਅਜੋਕੇ ਸੰਸਾਰ ਦੇ ਸਭ ਤੋਂ ਖ਼ਤਰਨਾਕ ਦਹਿਸ਼ਤਗਰਦ ਟੋਲੇ ਆਈ ਐੱਸ ਆਈ ਐੱਸ ਨਾਲ ਵਫਾਦਾਰੀਆਂ ਰੱਖਦੇ ਹਨ। ਇਹੋ ਜਿਹੇ ਦੇਸ਼ ਵਿੱਚ ਪਿਆ ਐਟਮ ਬੰਬ ਕਿਸੇ ਵੇਲੇ ਉਸ ਟੋਲੇ ਕੋਲ ਚਲਾ ਗਿਆ ਤਾਂ ਸੰਸਾਰ ਵਿੱਚ ਤਬਾਹੀ ਮਚਾ ਸਕਦਾ ਹੈ। ਸੰਸਾਰ ਦੀਆਂ ਤਾਕਤਾਂ ਨੇ ਕਦੇ ਇਸ ਦੇ ਬਾਰੇ ਬਹੁਤੀ ਚਿੰਤਾ ਨਹੀਂ ਸੀ ਕੀਤੀ ਅਤੇ ਆਪਣੀ ਸੰਸਾਰ ਕੂਟਨੀਤੀ ਦੇ ਪੈਂਤੜਿਆਂ ਦੇ ਮੁਤਾਬਕ ਨਿਸ਼ਾਨੇ ਚੁਣਨ ਤੇ ਫੁੰਡਣ ਦਾ ਕੰਮ ਕੀਤਾ ਜਾਂਦਾ ਰਿਹਾ ਸੀ। ਖ਼ਤਰਨਾਕ ਹਥਿਆਰ ਤਾਂ ਕਿਸੇ ਕੋਲ ਵੀ ਪਏ ਖ਼ਤਰਨਾਕ ਹੋਣਗੇ।
ਅੱਜ ਦਾ ਸੰਸਾਰ ਅਮਨ ਦੀ ਇੱਛਾ ਰੱਖਦਾ ਹੈ। ਲੋਕ ਜੰਗਾਂ ਤੋਂ ਤੰਗ ਆਏ ਪਏ ਹਨ। ਅਫ਼ਗ਼ਾਨਿਸਤਾਨ ਤੇ ਇਰਾਕ ਵਿੱਚ ਛੇੜੀ ਗਈ ਜੰਗ ਕਿਸੇ ਪਾਸੇ ਨਹੀਂ ਲੱਗੀ ਤੇ ਨਵੇਂ ਮੋਰਚੇ ਵਿੱਢਣ ਦਾ ਕੰਮ ਹਰ ਸਾਲ ਹੁੰਦਾ ਰਿਹਾ ਹੈ। ਕੱਲ੍ਹ ਤੱਕ ਸ਼ਾਂਤ ਗਿਣੇ ਜਾਂਦੇ ਕਈ ਦੇਸ਼ਾਂ ਵਿੱਚ ਅਚਾਨਕ ਹਾਲਾਤ ਭੜਕ ਪਏ ਤੇ ਫਿਰ ਇੱਕ-ਦੋ ਸਾਲਾਂ ਦੇ ਵਿੱਚ ਹੀ ਉਹ ਬਦ-ਅਮਨੀ ਦੀ ਸਿਖ਼ਰ ਛੋਹਣ ਲੱਗੇ ਹਨ। ਸੰਸਾਰ ਕੂਟਨੀਤੀ ਨੂੰ ਆਪਣੀ ਲੋੜ ਦੇ ਖਾਤੇ ਵੇਖ ਕੇ ਚਲਾਉਣ ਵਾਲਿਆਂ ਨੂੰ ਆਪਣੇ ਪੈਂਤੜੇ ਬਦਲਣੇ ਤੇ ਏਦਾਂ ਦੀ ਨੌਬਤ ਕਿਸੇ ਹੋਰ ਥਾਂ ਆਉਣੋਂ ਰੋਕਣ ਦੇ ਯਤਨ ਕਰਨ ਦੀ ਲੋੜ ਹੈ। ਅਸੀਂ ਇਹ ਫਿਰ ਕਹਿ ਦੇਈਏ ਕਿ ਉੱਤਰੀ ਕੋਰੀਆ ਨੇ ਚੰਗਾ ਕੰਮ ਨਹੀਂ ਕੀਤਾ।