Latest News
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਨਹੀਂ ਰਹੇ

Published on 07 Jan, 2016 12:08 PM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਦਾ ਵੀਰਵਾਰ ਸਵੇਰੇ 8 ਵਜੇ ਇੱਥੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) 'ਚ ਦੇਹਾਂਤ ਹੋ ਗਿਆ। ਉਹ 79 ਸਾਲਾਂ ਦੇ ਸਨ। ਸਈਦ ਨੂੰ ਛਾਤੀ 'ਚ ਤਕਲੀਫ ਦੇ ਬਾਅਦ 24 ਦਸੰਬਰ ਨੂੰ ਏਮਜ਼ 'ਚ ਦਾਖਲ ਕਰਵਾਇਆ ਗਿਆ ਸੀ। ਉਹਨਾ ਨੂੰ ਆਈ ਸੀ ਯੂ 'ਚ ਰਖਿਆ ਗਿਆ ਸੀ। ਉਹ ਕੱਲ੍ਹ ਤੋਂ ਵੈਂਟੀਲੇਟਰ 'ਤੇ ਸਨ। ਉਹਨਾ ਦੇ ਦੇਹਾਂਤ ਦੇ ਬਾਅਦ ਜੰਮੂ-ਕਸ਼ਮੀਰ 'ਚ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ।
ਸਈਦ ਦੇ ਪਰਵਾਰ 'ਚ ਇੱਕ ਲੜਕਾ ਅਤੇ ਤਿੰਨ ਲੜਕੀਆਂ ਹਨ, ਜਿਨ੍ਹਾਂ 'ਚੋਂ ਵੱਡੀ ਲੜਕੀ ਮਹਿਬੂਬਾ ਮੁਫਤੀ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ। ਮੁਫਤੀ ਮੁਹੰਮਦ ਸਈਦ ਕੇਂਦਰ 'ਚ ਵਿਸ਼ਵਨਾਥ ਪ੍ਰਤਾਪ ਸਿੰਘ ਦੀ ਸਰਕਾਰ 'ਚ ਗ੍ਰਹਿ ਮੰਤਰੀ ਵੀ ਰਹੇ ਸਨ। ਸਈਦ ਦੇ ਦੇਹਾਂਤ ਦੀ ਖਬਰ ਮਿਲਦੇ ਸਾਰ ਹੀ ਪਰਵਾਰਕ ਮੈਂਬਰ ਅਤੇ ਰਾਜ ਸਰਕਾਰ ਦੇ ਉੱਚ ਅਧਿਕਾਰੀ ਹਸਪਤਾਲ ਪਹੁੰਚ ਗਏ। ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਸਈਦ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਧਰ ਕਿਹਾ ਜਾ ਰਿਹਾ ਹੈ ਕਿ ਮਹਿਬੂਬਾ ਮੁਫਤੀ ਜੰਮੂ-ਕਸ਼ਮੀਰ ਦੀ ਅਗਲੀ ਮੁੱਖ ਮੰਤਰੀ ਬਣ ਸਕਦੀ ਹੈ।
ਮੁਫਤੀ ਮੁਹੰਮਦ ਸਈਦ ਨੇ ਪਿਛਲੇ ਸਾਲ ਮਾਰਚ 'ਚ ਪੀ ਡੀ ਪੀ-ਭਾਜਪਾ ਗੱਠਜੋੜ ਸਰਕਾਰ 'ਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ। ਏਮਜ਼ ਦੇ ਟਰਾਮਾ ਸੈਂਟਰ 'ਚ ਟਰਾਮਾ ਸਰਜਰੀ ਤੇ ਕ੍ਰਿਟੀਕਲ ਕੇਅਰ ਦੇ ਇਲਾਵਾ ਪ੍ਰੋ: ਗੁਪਤਾ ਨੇ ਕਿਹਾ ਸੀ ਕਿ ਇੰਡੋਕਰਨਿਲੋਜੀ ਅਤੇ ਮੈਡੀਸਨ ਵਿਭਾਗ ਦੇ ਡਾਕਟਰਾਂ ਦੀ ਇੱਕ ਟੀਮ ਉਹਨਾ ਦੀ ਦੇਖ-ਰੇਖ ਕਰ ਰਹੀ ਸੀ।
ਸਈਦ ਨੂੰ 24 ਦਸੰਬਰ ਨੂੰ ਤੇਜ਼ ਬੁਖਾਰ ਅਤੇ ਗਰਦਨ ਦੇ ਦਰਦ ਕਾਰਨ ਜੰਮੂ-ਕਸ਼ਮੀਰ ਤੋਂ ਦਿੱਲੀ ਲਿਆ ਕੇ ਏਮਜ਼ 'ਚ ਭਰਤੀ ਕਰਾਇਆ ਗਿਆ ਸੀ, ਫਿਰ ਉਹਨਾ ਨੂੰ ਆਈ ਸੀ ਯੂ 'ਚ ਰੱਖਿਆ ਗਿਆ ਸੀ। ਸਈਦ ਸ਼ੂਗਰ ਦੀ ਬੀਮਾਰੀ ਤੋਂ ਵੀ ਪੀੜਤ ਸਨ ਅਤੇ ਉਹ ਏਮਜ਼ 'ਚ ਹਰ ਮਹੀਨੇ ਨਿਯਮਤ ਜਾਂਚ ਦੇ ਲਈ ਆਉਂਦੇ ਰਹਿੰਦੇ ਸਨ।
ਜਦੋਂ ਤੋਂ ਸਈਦ ਬੀਮਾਰ ਸਨ, ਹਸਪਤਾਲ 'ਚ ਦਾਖਲ ਸਨ, ਉਦੋਂ ਤੋਂ ਹੀ ਮਹਿਬੂਬਾ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਦੀ ਚਰਚਾ ਸੀ।
ਇਸ ਤੋਂ ਪਹਿਲਾਂ 13 ਨਵੰਬਰ ਨੂੰ ਖੁਦ ਮੁਫਤੀ ਨੇ ਕਿਹਾ ਸੀ ਕਿ ਮਹਿਬੂਬਾ ਮੁੱਖ ਮੰਤਰੀ ਬਣ ਸਕਦੀ ਹੈ ਅਤੇ ਉਹ ਰਿਟਾਇਰ ਹੋ ਸਕਦੇ ਹਨ। ਉਨ੍ਹਾ ਕਿਹਾ ਕਿ ਮਹਿਬੂਬਾ ਨੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਪਾਰਟੀ ਪ੍ਰਧਾਨ ਦੇ ਤੌਰ 'ਤੇ ਬਹੁਤ ਚੰਗਾ ਕੰਮ ਕੀਤਾ। ਉਸ ਦੇ ਯਤਨਾਂ ਨਾਲ ਹੀ ਪਾਰਟੀ ਨੂੰ ਵੱਡੀ ਗਿਣਤੀ 'ਚ ਵੋਟ ਮਿਲੇ। ਉਹ ਸੂਬੇ ਦੇ ਲੋਕਾਂ ਨਾਲ ਲਗਾਤਾਰ ਸੰਪਰਕ 'ਚ ਹੈ ਅਤੇ ਉਸ ਦੀਆਂ ਕੋਸ਼ਿਸ਼ਾਂ ਨਾਲ ਹੀ ਪਾਰਟੀ ਜੰਮੂ ਦੇ ਲੋਕਾਂ 'ਚ ਭਰੋਸਾ ਕਾਇਮ ਕਰਨ 'ਚ ਸਫਲ ਰਹੀ ਹੈ। ਉਨ੍ਹਾ ਕਿਹਾ ਸੀ ਕਿ ਉਹ ਪ੍ਰਸ਼ਾਸਨਕ ਕੰਮਾਂ 'ਚ ਰੁੱਝੇ ਰਹਿੰਦੇ ਹਨ, ਪ੍ਰੰਤੂ ਮੁਫਤੀ ਦਾ ਜ਼ਮੀਨੀ ਪੱਧਰ 'ਤੇ ਲੋਕਾਂ ਦੇ ਨਾਲ ਚੰਗਾ ਸੰਪਰਕ ਹੈ। ਸਾਬਕਾ ਉੱਪ ਮੁੱਖ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਨੇਤਾ ਮੁਜ਼ੱਫਰ ਹੁਸੈਨ ਬੇਗ ਅਤੇ ਤਾਰਿਕ ਹਾਮਿਦ ਕਾਰਾ ਦੁਆਰਾ ਪਾਰਟੀ ਹਾਈ ਕਮਾਨ ਦੇ ਖਿਲਾਫ ਬਿਗਲ ਵਜਾਉਣ 'ਤੇ ਉਨ੍ਹਾ ਕਿਹਾ ਸੀ ਕਿ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਹਰ ਪਾਰਟੀ 'ਚ ਹੁੰਦੀਆਂ ਹਨ। ਲੋਕਤੰਤਰ 'ਚ ਤਾਂ ਸਭ ਨੂੰ ਬੋਲਣ ਦਾ ਅਧਿਕਾਰ ਹੁੰਦਾ ਹੈ। ਬੇਗ ਪਾਰਟੀ ਦੇ ਸੀਨੀਅਰ ਨੇਤਾ ਹਨ।
ਮੁਫਤੀ ਮੁਹੰਮਦ ਸਈਦ ਨੇ ਭਾਜਪਾ ਨਾਲ ਗੱਠਜੋੜ ਕਰਕੇ ਸਰਕਾਰ ਬਣਾਈ ਸੀ। ਉਹ ਪਿਛਲੇ ਸਾਲ ਮਾਰਚ 'ਚ ਮੁੱਖ ਮਤੰਰੀ ਬਣੇ ਸਨ।
ਮੁੱਖ ਮੰਤਰੀ ਬਣਦੇ ਸਾਰ ਹੀ ਉਹਨਾਂ ਇੱਕ ਵਿਵਾਦਤ ਬਿਆਨ ਦਿੱਤਾ ਸੀ। ਉਨ੍ਹਾ ਕਿਹਾ ਸੀ ਕਿ ਵੱਖਵਾਦੀਆਂ, ਪਾਕਿਸਤਾਨ ਅਤੇ ਅੱਤਵਾਦੀਆਂ ਨੇ ਮਿਲ ਕੇ ਜੰਮੂ-ਕਸ਼ਮੀਰ 'ਚ ਚੋਣਾਂ ਦੇ ਲਈ ਬੇਹਤਰ ਮਾਹੌਲ ਤਿਆਰ ਕੀਤਾ। ਸਈਦ ਨੇ ਸੂਬੇ 'ਚ ਚੰਗੇ ਮਾਹੌਲ 'ਚ ਚੋਣਾਂ ਹੋਣ ਦਾ ਕ੍ਰੈਡਿਕ ਸੁਰੱਖਿਆ ਫੋਰਸਾਂ ਨੂੰ ਨਹੀਂ ਸੀ ਦਿੱਤਾ। ਹਾਲਾਂਕਿ ਇਸ ਬਿਆਨ ਦੇ ਬਾਅਦ ਕਾਫੀ ਬਵਾਲ ਮਚਿਆ ਸੀ, ਪ੍ਰੰਤੂ ਮੁਫਤੀ ਆਪਣੇ ਬਿਆਨ 'ਤੇ ਅੜੇ ਰਹੇ। ਉਨ੍ਹਾ ਕਿਹਾ ਸੀ ਕਿ ਮੈਂ ਜੋ ਕਹਿ ਦਿੱਤਾ, ਉਹ ਕਹਿ ਦਿੱਤਾ।
ਮੁਫਤੀ ਦੇ ਕਾਰਜਕਾਲ ਦੌਰਾਨ ਪੀ ਡੀ ਪੀ ਨੇ ਸੰਸਦ 'ਤੇ ਹਮਲੇ ਦੇ ਦੋਸ਼ 'ਚ ਫਾਂਸੀ 'ਤੇ ਚੜ੍ਹਾÂ ਗਏ ਅਫਜ਼ਲ ਗੁਰੂ ਦੀ ਸਜ਼ਾ ਨੂੰ ਨਿਆਂ ਦਾ ਮਜ਼ਾਕ ਕਰਾਰ ਦਿੱਤਾ ਸੀ। ਪੀ ਡੀ ਪੀ ਵਿਧਾਇਕਾਂ ਨੇ ਕਿਹਾ ਸੀ ਕਿ ਵਿਧਾਇਕ ਇੰਜੀਨੀਅਰ ਰਾਸ਼ਿਦ ਨੇ ਵਿਧਾਨ ਸਭਾ 'ਚ ਅਫਜ਼ਲ ਗੁਰੂ 'ਤੇ ਪ੍ਰਸਤਾਵ ਰੱਖ ਕੇ ਸਹੀ ਕੰਮ ਕੀਤਾ ਸੀ। ਇਹਨਾਂ ਲੋਕਾਂ ਨੇ ਅਫਜ਼ਲ ਗੁਰੂ ਦੇ ਅਸਤਾਂ ਨੂੰ ਕਸ਼ਮੀਰ ਲਿਆਏ ਜਾਣ ਦੀ ਮੰਗ ਕੀਤੀ। ਆਜ਼ਾਦ ਵਿਧਾਇਕ ਰਾਸ਼ਿਦ ਨੇ 2011 'ਚ ਅਫਜ਼ਲ ਗੁਰੂ ਨੂੰ ਮਾਫੀ ਦਿੱਤੇ ਜਾਣ ਦਾ ਪ੍ਰਸਤਾਵ ਰੱਖਿਆ ਸੀ।
ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੋਨੀਆ ਤੇ ਹੋਰ ਸੀਨੀਅਰ ਨੇਤਾਵਾਂ ਵੱਲੋਂ ਸਈਦ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਮੇਤ ਹੋਰ ਨੇਤਾਵਾਂ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਦੇ ਦੇਹਾਂਤ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸਈਦ ਦੇ ਪਰਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਆਪਣੇ ਸੰਦੇਸ਼ 'ਚ ਕਿਹਾ ਕਿ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਦੇ ਦੇਹਾਂਤ 'ਤੇ ਬਹੁਤ ਦੁੱਖ ਹੈ। ਉਨ੍ਹਾ ਜੰਮੂ-ਕਸ਼ਮੀਰ ਅਤੇ ਦੇਸ਼ ਦੇ ਲੋਕਾਂ ਲਈ ਲੰਮਾ ਸਮਾਂ, ਜੋ ਕੰਮ ਕੀਤਾ, ਉਸ ਦੇ ਲਈ ਉਹ ਹਮੇਸ਼ਾ ਯਾਦ ਰਹਿਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਈਦ ਦੇ ਦੇਹਾਂਤ 'ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਸਈਦ ਦੇ ਦੇਹਾਂਤ ਨਾਲ ਰਾਜ ਅਤੇ ਦੇਸ਼ ਨੂੰ ਬੜਾ ਘਾਟਾ ਪਿਆ ਹੈ। ਉਹਨਾ ਬੜੀ ਸੰਵੇਦਨਸ਼ੀਲਤਾ ਨਾਲ ਸੂਬੇ ਦੀ ਅਗਵਾਈ ਕੀਤੀ। ਉਹਨਾ ਦੀ ਛਵੀ ਦਾ ਲੋਕਾਂ 'ਤੇ ਗਹਿਰਾ ਪ੍ਰਭਾਵ ਸੀ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਸਈਦ ਦੇ ਦੇਹਾਂਤ ਨਾਲ ਬਹੁਤ ਦੁਖੀ ਹੈ। ਉਨ੍ਹਾ ਕਿਹਾ ਕਿ ਜੰਮੂ-ਕਸ਼ਮੀਰ ਨਾਲ ਜੁੜੇ ਜਟਿਲ ਮੁੱਦਿਆਂ ਬਾਰੇ ਸਈਦ ਦੀ ਪਰਪੱਕ ਸਮਝ ਸੀ। ਉਹ ਘਾਟੀ 'ਚ ਸਥਾਈ ਸ਼ਾਂਤੀ ਲਿਆਉਣਾ ਚਾਹੁੰਦੇ ਸਨ। ਸ੍ਰੀ ਸਿੰਘ ਨੇ ਕਿਹਾ ਕਿ ਸਈਦ ਨੂੰ ਆਮ ਜਨਤਾ ਖਾਸ ਤੌਰ 'ਤੇ ਸਮਾਜ ਦੇ ਗਰੀਬ ਤਬਕੇ ਦੇ ਪ੍ਰਤੀ ਉਹਨਾ ਦੇ ਪ੍ਰੇਮ ਦੇ ਲਈ ਜਾਣਿਆ ਜਾਂਦਾ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਰਿਜਿਜੂ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਵੀ ਸਈਦ ਦੇ ਦੇਹਾਂਤ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਸਈਦ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ। ਸ੍ਰੀਮਤੀ ਗਾਂਧੀ ਨੇ ਆਪਣੇ ਸ਼ੋਕ ਸੰਦੇਸ਼ 'ਚ ਕਿਹਾ ਕਿ ਸਈਦ ਦੇ ਦੇਹਾਂਤ ਨਾਲ ਜੰਮੂ-ਕਸ਼ਮੀਰ ਹੀ ਨਹੀਂ ਪੂਰੇ ਦੇਸ਼ ਤੋਂ ਇੱਕ ਮਹਾਨ ਨੇਤਾ ਖੁੱਸ ਗਿਆ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਉਹ ਸਈਦ ਦੇ ਦੇਹਾਂਤ ਨਾਲ ਬੇਹੱਦ ਦੁਖੀ ਹੈ। ਗਾਂਧੀ ਨੇ ਸਈਦ ਦੇ ਪਰਵਾਰ ਅਤੇ ਸਮੱਰਥਕਾਂ ਪ੍ਰਤੀ ਗਹਿਰੀ ਹਮਦਰਦੀ ਪ੍ਰਗਟ ਕੀਤੀ ਹੈ।

733 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper