ਮਸੂਦ ਅਜ਼ਹਰ ਮਨਾ ਰਿਹਾ ਜਸ਼ਨ, ਪਾਕਿਸਤਾਨ ਹਕੂਮਤ ਖਾਮੋਸ਼ ਬੈਠੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਪਠਾਨਕੋਟ ਹਮਲੇ ਦੇ ਖੁੱਲ੍ਹੇਆਮ ਜਸ਼ਨ ਮਨਾ ਰਿਹਾ ਹੈ। ਅੱਤਵਾਦੀ ਜਥੇਬੰਦੀ ਨੇ ਆਪਣੀ ਇੱਕ ਵੈੱਬਸਾਈਟ ਬਨਤੇ ਆਇਸ਼ਾ ਡਾਟਕਾਮ ਉੱਪਰ ਇਸ ਜਸ਼ਨ ਦਾ ਐਲਾਨ ਕੀਤਾ ਹੈ। ਇਸ ਵੈੱਬਸਾਈਟ ਉੱਪਰ ਭਾਰਤ ਨੂੰ ਅਤਿ ਲੋੜੀਂਦੇ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੀ ਆਵਾਜ਼ 'ਚ ਕੁਝ ਆਡਿਓ ਕਲਿਪ ਵੀ ਹਨ। ਨਾਲ ਹੀ ਉਰਦੂ ਵਿੱਚ ਲਿਖਿਆ ਲੇਖ ਵੀ ਅਪਲੋਡ ਕੀਤਾ ਹੈ। ਵੈੱਬਸਾਈਟ ਦਾ ਸਰਵਰ ਪਾਕਿਸਤਾਨ ਵਿੱਚ ਹੀ ਹੈ। ਇਸ ਦੇ ਬਾਵਜੂਦ ਪਾਕਿਸਤਾਨ ਹਕੂਮਤ ਨੇ ਮਸੂਦ ਵਿਰੁੱਧ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ ਹੈ। ਇਸ ਆਡਿਓ ਕਪਿਲ ਵਿੱਚ ਮਸੂਦ ਨੇ ਅੱਤਵਾਦੀਆਂ ਨੂੰ ਫਰੀਸ਼ਤੇ ਦੱਸਿਆ ਹੈ। ਉਹ ਖੁਸ਼ੀ ਪ੍ਰਗਟ ਕਰ ਰਹੇ ਹਨ ਕਿ ਭਾਰਤੀ ਖੁਫੀਆ ਏਜੰਸੀਆਂ ਅਤੇ ਅਫਸਰ ਹਮਲੇ ਦੇ 48 ਘੰਟੇ ਬਾਅਦ ਵੀ ਇਹ ਪਤਾ ਨਹੀਂ ਲਗਾ ਸਕੇ ਕਿ ਇਹ ਅੱਤਵਾਦੀ ਕਿੱਥੋਂ ਆਏ ਸਨ। ਮਸੂਦ ਨੇ ਕਿਹਾ ਕਿ ਅੱਤਵਾਦੀ 48 ਘੰਟੇ ਭੁੱਖੇ -ਪਿਆਸੇ ਲੜਦੇ ਰਹੇ ਅਤੇ ਇਹ ਕੋਈ ਆਸਾਨ ਕੰਮ ਨਹੀਂ ਹੈ। ਦੂਜੇ ਆਡਿਓ ਕਲਿਪ ਵਿੱਚ ਮਸੂਦ ਕੁਰਾਨ ਦੀਆਂ ਆਇਤਾਂ ਪੜ੍ਹ ਰਿਹਾ ਹੈ। ਇਸੇ ਦਰਮਿਆਨ ਭਾਰਤ ਨੇ ਅੱਤਵਾਦੀਆਂ ਦੇ ਸੰਚਾਲਕਾਂ ਦੀ ਪਛਾਣ ਕਰ ਲਈ ਹੈ, ਜੋ ਪਾਕਿਸਤਾਨ ਬੈਠੇ ਅੱਤਵਾਦੀਆਂ ਨੂੰ ਲਗਾਤਾਰ ਨਿਰਦੇਸ਼ ਦੇ ਰਹੇ ਸਨ। ਇਹਨਾਂ ਵਿੱਚ ਇੱਕ ਦਾ ਨਾਂਅ ਮੌਲਾਨਾ ਮਸੂਦ ਅਜ਼ਹਰ ਹੈ ਅਤੇ ਹੋਰਨਾਂ ਸੰਚਾਲਕਾਂ ਵਿੱਚ ਉਸ ਦੇ ਭਰਾ ਅਬਦੁਲ ਰਾਊਫ ਅਸਗਰ, ਮੌਲਾਨਾ ਅਸ਼ਫਾਕ ਅਹਿਮਦ, ਹਾਫਿਜ਼ ਅਬਦੁੱਲ ਸਕੂਰ ਅਤੇ ਕਾਸਿਮ ਜਾਨ ਸ਼ਾਮਲ ਹਨ।
ਭਾਰਤ ਨੇ ਇਹਨਾਂ ਦੇ ਫੋਨ ਨੰਬਰਾਂ ਸਮੇਤ ਇਹ ਸਾਰੀ ਜਾਣਕਾਰੀ ਪਾਕਿਸਤਾਨ ਨੂੰ ਸੌਂਪ ਦਿੱਤੀ ਹੈ। ਇਸ ਦੇ ਨਾਲ ਹੀ ਅੱਤਵਾਦੀਆਂ ਦੀਆਂ ਲਾਸ਼ਾਂ ਤੋਂ ਮਿਲੀਆਂ ਪਾਕਿਸਤਾਨੀ ਦਵਾਈਆਂ ਵੀ ਸੌਂਪੀਆਂ ਗਈਆਂ ਹਨ, ਪਰ ਪਾਕਿਸਤਾਨ ਨੇ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਇਸ ਵੈੱਬਸਾਈਟ 'ਤੇ ਪਠਾਨਕੋਟ ਹਮਲੇ ਤੋਂ ਇਲਾਵਾ ਮਸੂਦ ਦਾ ਨਵੰਬਰ 2015 ਵਿੱਚ ਜਹਾਦ ਬਾਰੇ ਇੱਕ ਲੰਮਾ ਭਾਸ਼ਣ ਵੀ ਹੈ। ਇਸ ਵੈੱਬਸਾਈਟ ਉੱਪਰ ਉਸ ਦੇ ਭਰਾ ਅਬਦੁੱਲ ਰਾਊਫ ਅਜ਼ਗਰ ਦੀ ਇਕ ਆਡਿਓ ਕਲਿਪ ਵਿੱਚ ਹੈ। ਇਸ ਵਿੱਚ ਉਹ ਮਕਬੂਜ਼ਾ ਕਸ਼ਮੀਰ ਦੇ ਮੁਜ਼ੱਫਰਾਬਾਦ ਦੇ ਨੌਜਵਾਨਾਂ ਨੂੰ ਭਾਰਤ ਖਿਲਾਫ ਜੰਗ ਵਿੱਚ ਸ਼ਾਮਲ ਹੋਣ ਲਈ ਭੜਕਾ ਰਿਹਾ ਹੈ।