ਕਲੀ-ਜੁੱਟ ਬਾਰੇ ਹਾਈ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਲੀ-ਜੁੱਟ ਫਾਰਮੂਲੇ ਬਾਰੇ ਦਿੱਲੀ ਹਾਈ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਹਾਈ ਕੋਰਟ ਨੇ ਦਿੱਲੀ ਸਰਕਾਰ ਤੋਂ ਪੁੱਛਿਆ ਸੀ ਕਿ ਇੱਕ ਹਫਤੇ ਦੌਰਾਨ ਦਿੱਲੀ ਵਿੱਚ ਪ੍ਰਦੂਸ਼ਣ ਕਿੰਨਾ ਘਟਿਆ ਹੈ। ਸਰਕਾਰ ਨੇ ਇਸ ਸੰਬੰਧ ਵਿੱਚ ਅੰਕੜੇ ਪੇਸ਼ ਕਰਨ ਲਈ ਸਰਕਾਰ ਤੋਂ ਇੱਕ ਹਫਤੇ ਦਾ ਹੋਰ ਸਮਾਂ ਮੰਗਿਆ ਹੈ। ਦਿੱਲੀ ਸਰਕਾਰ ਨੇ ਅਦਾਲਤ ਨੂੰ ਕਿਹਾ ਹੈ ਕਿ ਅੰਕੜੇ ਪੇਸ਼ ਕਰਨ ਲਈ ਇੱਕ ਹਫਤੇ ਦਾ ਸਮਾਂ ਕਾਫੀ ਨਹੀਂ ਹੈ। ਦਿੱਲੀ ਦੇ ਟਰਾਂਸਪੋਰਟ ਮੰਤਰੀ ਗੋਪਾਲ ਰਾਏ ਨੇ ਦੱਸਿਆ ਹੈ ਕਿ ਕਲੀ-ਜੁੱਟ ਦਾ ਫਾਰਮੂਲਾ 15 ਜਨਵਰੀ ਤੱਕ ਲਾਗੂ ਰਹੇਗਾ ਅਤੇ ਇਸ ਦੇ ਬਾਅਦ ਅੰਕੜੇ ਦੇਖੇ ਜਾਣਗੇ ਅਤੇ ਅਗਲੀ ਰਣਨੀਤੀ ਬਣਾਈ ਜਾਵੇਗੀ। ਉਨ੍ਹਾ ਦੱਸਿਆ ਕਿ ਕਲੀ-ਜੁੱਟ ਦੀ ਯੋਜਨਾ ਕਿੰਨੀ ਸਫਲ ਰਹੀ ਹੈ, ਇਸ ਦਾ ਪਤਾ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਲੱਗ ਜਾਵੇਗਾ। ਉਹਨਾ ਕਿਹਾ ਕਿ 7 ਦਿਨ ਦਾ ਸਮਾਂ ਅੰਕੜੇ ਇਕੱਠੇ ਕਰਨ ਲਈ ਕਾਫੀ ਨਹੀਂ ਹੈ। ਸੁਣਵਾਈ ਦੌਰਾਨ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਤੋਂ ਪੁੱਛਿਆ ਕਿ ਉਹ ਅੰਕੜੇ ਪੇਸ਼ ਕਰੇ, ਜਿਸ ਤੋਂ ਸਾਬਤ ਹੋਵੇ ਕਿ ਇਸ ਨਿਯਮ ਦੇ ਲਾਗੂ ਹੋਣ ਨਾਲ ਦਿੱਲੀ ਵਿੱਚ ਕਿੰਨਾ ਪ੍ਰਦੂਸ਼ਣ ਘਟਿਆ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਇਹ ਜਨਹਿੱਤ ਨਾਲ ਜੁੜਿਆ ਮਾਮਲਾ ਹੈ। ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕਿਹਾ ਕਿ ਸਰਦੀਆਂ ਵਿੱਚ ਪ੍ਰਦੂਸ਼ਣ ਬਹੁਤ ਹੁੰਦਾ ਹੈ। ਉਹਨਾ ਦੱਸਿਆ ਕਿ ਹੁਣ ਤੱਕ ਦੇ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦਿੱਲੀ ਵਿੱਚ ਕਲੀ-ਜੁੱਟ ਦਾ ਫਾਰਮੂਲਾ ਲਾਗੂ ਕਰਨ ਤੋਂ ਬਾਅਦ ਪ੍ਰਦੂਸ਼ਣ ਕਾਫੀ ਹੱਦ ਤੱਕ ਘਟਿਆ ਹੈ। ਹਰੀਸ਼ ਸਾਲਵੇ ਨੇ ਦੱਸਿਆ ਕਿ ਲੋਕਾਂ ਨੇ ਇਸ ਨਿਯਮ ਦਾ ਸਾਥ ਦਿੱਤਾ ਹੈ ਅਤੇ ਇਸ ਨਾਲ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਮਿਲੀ ਹੈ। ਉਹਨਾ ਦੱਸਿਆ ਕਿ ਇਹ ਫਾਰਮੂਲਾ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਲਾਗੂ ਹੈ ਅਤੇ ਇਸ ਦੇ ਚੰਗੇ ਸਿੱਟੇ ਸਾਹਮਣੇ ਆਏ ਹਨ। ਉਹਨਾ ਕਿਹਾ ਕਿ ਇਸ ਨਿਯਮ ਨੂੰ ਪੰਦਰਾਂ ਜਨਵਰੀ ਤੋਂ ਬਾਅਦ ਵੀ ਜਾਰੀ ਰਖਿਆ ਜਾ ਸਕਦਾ ਹੈ।