ਪਠਾਨਕੋਟ 'ਤੇ ਸ਼ਰੀਫ ਵੱਲੋਂ ਲਗਾਤਾਰ ਦੂਸਰੀ ਉੱਚ ਪੱਧਰੀ ਮੀਟਿੰਗ

ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਭਾਰਤ ਦੀ ਘੁਰਕੀ ਮਗਰੋਂ ਐਕਸ਼ਨ ਵਿੱਚ ਆ ਗਏ ਹਨ। ਨਵਾਜ਼ ਸ਼ਰੀਫ ਨੇ ਦੋ ਦਿਨਾਂ ਵਿੱਚ ਦੋ ਉੱੰਚ ਪੱਧਰੀ ਮੀਟਿੰਗਾਂ ਕੀਤੀਆਂ। ਸ਼ੁੱਕਰਵਾਰ ਨੂੰ ਹੋਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਨਵਾਜ਼ ਸ਼ਰੀਫ ਨੇ ਕੀਤੀ। ਇਸ ਮੀਟਿੰਗ ਵਿੱਚ ਪਠਾਨਕੋਟ ਹਮਲੇ ਦੀ ਜਾਂਚ ਦੇ ਮਾਮਲੇ ਵਿੱਚ ਭਾਰਤ ਨਾਲ ਸਹਿਯੋਗ ਕਰਨ ਦਾ ਸੰਕਲਪ ਦੁਹਰਾਇਆ ਗਿਆ। ਸ਼ੁੱਕਰਵਾਰ ਨੂੰ ਹੋਈ ਇਸ ਮੀਟਿੰਗ ਵਿੱਚ ਸੀਨੀਅਰ ਸਿਆਸੀ ਆਗੂਆਂ ਤੋਂ ਇਲਾਵਾ ਫੌਜ ਮੁਖੀ ਜਨਰਲ ਰਹੀਲ ਸ਼ਰੀਫ ਅਤੇ ਕੌਮੀ ਸੁਰੱਖਿਆ ਸਲਾਹਕਾਰ ਨਾਸਿਰ ਜੰਜੂਆ ਨੇ ਵੀ ਹਿੱਸਾ ਲਿਆ। ਇਸ ਦੇ ਨਾਲ ਹੀ ਨਵਾਜ਼ ਸ਼ਰੀਫ ਨੇ ਕੌਮੀ ਸੁਰੱਖਿਆ ਸਲਾਹਕਾਰ ਨਾਸਿਰ ਜੰਜੂਆ ਨੂੰ ਆਪਣੇ ਭਾਰਤੀ ਹਮਰੁਤਬਾ ਅਜੀਤ ਡੋਭਾਲ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਦੇ ਹੁਕਮ ਦਿੱਤੇ ਹਨ। ਭਾਰਤ ਨੇ ਕੱਲ੍ਹ ਤਾੜਨਾ ਕੀਤੀ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਪ੍ਰਸਤਾਵਿਤ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਪਾਕਿਸਤਾਨ ਵੱਲੋਂ ਪਠਾਨਕੋਟ ਹਮਲਿਆਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ 'ਤੇ ਨਿਰਭਰ ਕਰੇਗੀ। ਭਾਰਤ ਦੀ ਇਕ ਘੁਰਕੀ ਤੋਂ ਬਾਅਦ ਪਾਕਿਸਤਾਨ ਸਰਕਾਰ ਅਤੇ ਉਥੋਂ ਦੀ ਫੌਜ ਇਸ ਦਿਸ਼ਾ ਵਿੱਚ ਸਰਗਰਮ ਹੋ ਗਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਠਾਨਕੋਟ ਹਮਲੇ ਦੀ ਜਾਂਚ ਇੰਟੈਲੀਜੈਂਸ ਬਿਊਰੋ ਆਈ ਬੀ ਨੂੰ ਕਰਨ ਦੇ ਹੁਕਮ ਦਿੱਤੇ ਹਨ। ਨਵਾਜ਼ ਸ਼ਰੀਫ ਨੇ ਆਪਣੇ ਸੀਨੀਅਰ ਮੰਤਰੀਆਂ ਅਤੇ ਹੋਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਨ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਆਈ ਬੀ ਨੂੰ ਸੌਂਪੇ ਜਾਣ ਦੇ ਨਿਰਦੇਸ਼ ਦਿੱਤੇ ਸਨ। ਇਸ ਉੱਚ ਪੱਧਰੀ ਮੀਟਿੰਗ 'ਚ ਖਜ਼ਾਨਾ ਮੰਤਰੀ ਇਸ਼ਾਕ ਡਾਰ, ਗ੍ਰਹਿ ਮੰਤਰੀ ਚੌਧਰੀ ਨਿਸਾਰ ਅਲੀ ਖਾਨ, ਵਿਦੇਸ਼ ਮਾਮਲੇ ਦੇ ਸਲਾਹਕਾਰ ਸਰਤਾਜ ਅਜ਼ੀਜ਼, ਵਿਦੇਸ਼ ਮਾਮਲਿਆਂ ਦੇ ਸਹਾਇਕ ਤਾਰਿਕ ਫਾਤਮੀ, ਕੌਮੀ ਸੁਰੱਖਿਆ ਸਲਾਹਕਾਰ ਨਾਸਿਰ ਖਾਨ ਜੰਜੂਆ, ਵਿਦੇਸ਼ ਸਕੱਤਰ ਅਜ਼ੀਜ਼ ਅਹਿਮਦ ਚੌਧਰੀ ਅਤੇ ਆਈ ਬੀ ਦੇ ਮੁਖੀ ਆਫਤਾਬ ਸੁਲਤਾਨ ਨੇ ਹਿੱਸਾ ਲਿਆ। ਨਵਾਜ਼ ਸ਼ਰੀਫ ਨੇ ਇਹ ਕਦਮ ਉਸ ਵੇਲੇ ਚੁੱਕਿਆ ਜਦੋਂ ਭਾਰਤ ਨੇ ਪਾਕਿਸਤਾਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਪ੍ਰਸਤਾਵਤ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਪਠਾਨਕੋਟ ਹਮਲੇ ਦੇ ਸ਼ੱਕੀ ਦੋਸ਼ੀਆਂ ਵਿਰੁੱਧ ਕਾਰਵਾਈ 'ਤੇ ਨਿਰਭਰ ਕਰੇਗੀ। ਰਿਪੋਰਟਾਂ ਮੁਤਾਬਕ ਨਵਾਜ਼ ਸ਼ਰੀਫ ਨੇ ਭਾਰਤ ਵੱਲੋਂ ਦਿੱਤੇ ਗਏ ਸਬੂਤਾਂ ਦੇ ਅਧਾਰ 'ਤੇ ਆਈ ਬੀ ਦੇ ਮੁਖੀ ਆਫਤਾਬ ਸੁਲਤਾਨ ਨੂੰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵਾਜ਼ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਅੱਤਵਾਦ ਵਿਰੁੱਧ ਲੜਾਈ 'ਚ ਭਾਰਤ ਦਾ ਸਹਿਯੋਗ ਵਧਾਉਣ ਲਈ ਤਿਆਰ ਹੈ।