ਸੁਬਰਾਮਣੀਅਮ ਸਵਾਮੀ ਦਾ ਮੁਸਲਮਾਨਾਂ ਨੂੰ 'ਪੈਕੇਜ' 3 ਮੰਦਰ ਦੇ ਦਿਓ, 40 ਹਜ਼ਾਰ ਮਸਜਿਦਾਂ ਰੱਖ ਲਓ!

ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)
ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਮਾਮਲੇ ਨੂੰ ਲੈ ਕੇ ਸਰਗਰਮ ਸੀਨੀਅਰ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਇੱਕ ਹੋਰ ਵਿਵਾਦਪੂਰਨ ਬਿਆਨ ਦਿੱਤਾ ਹੈ। ਉਨ੍ਹਾ ਮੁਸਲਮਾਨਾਂ ਲਈ ਭਗਵਾਨ ਕ੍ਰਿਸ਼ਨ ਦੇ ਪੈਕੇਜ ਦੀ ਪੇਸ਼ਕਸ ਕਰਦੇ ਹੋਏ ਕਿਹਾ, 'ਸਾਨੂੰ ਤਿੰਨ ਮੰਦਰ ਦੇ ਦਿਓ ਅਤੇ 39997 ਮਸਜਿਦਾਂ ਆਪਣੇ ਕੋਲ ਰੱਖ ਲਓ।'
ਸਵਾਮੀ ਨੇ ਟਵੀਟ ਕੀਤਾ, ਅਸੀਂ ਹਿੰਦੂ ਭਗਵਾਨ ਕ੍ਰਿਸ਼ਨ ਦਾ ਪੈਕੇਜ ਮੁਸਲਮਾਨਾਂ ਨੂੰ ਆਫਰ ਕਰਦੇ ਹਾਂ, ਸਾਨੂੰ ਤਿੰਨ ਮੰਦਰ ਦੇ ਦਿਓ ਅਤੇ 39997 ਮਸਜਿਦਾਂ ਆਪਣੇ ਕੋਲ ਰੱਖ ਲਓ। ਮੈਨੂੰ ਉਮੀਦ ਹੈ ਕਿ ਮੁਸਲਮਾਨ ਆਗੂ ਦਰਯੋਧਨ ਨਹੀਂ ਬਣਨਗੇ। ਸਵਾਮੀ ਇਸ ਤੋਂ ਪਹਿਲਾਂ ਕਹਿ ਚੁੱਕੇ ਹਨ ਕਿ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਮਾਮਲੇ ਨੂੰ ਰਾਜਨੀਤਕ ਸਟੰਟ ਦੇ ਤੌਰ 'ਤੇ ਨਹੀਂ ਦੇਖਿਆ ਜਾਣਾ ਚਾਹੀਦਾ।
ਸਵਾਮੀ ਨੇ ਕਿਹਾ ਕਿ ਮੰਨ ਲਓ ਕਿ ਅਸੀਂ ਇਸ ਸਾਲ ਮੰਦਰ ਨਹੀਂ ਬਣਾਉਂਦੇ ਤਾਂ ਅਗਲੇ ਸਾਲ ਚੋਣਾਂ ਹਨ ਅਤੇ ਸਾਲ 2018 ਤੱਕ ਇੰਤਜ਼ਾਰ ਕਰਨਾ ਪਵੇਗਾ। ਉਦੋਂ ਕਿਹਾ ਜਾਵੇਗਾ ਕਿ ਇਹ ਲੋਕ ਸਭਾ ਚੋਣਾਂ ਲਈ ਕੀਤਾ ਜਾ ਰਿਹਾ ਹੈ। ਦੇਸ਼ 'ਚ ਹਰ ਸਾਲ ਕਿਸੇ ਨਾ ਕਿਸੇ ਸੂਬੇ 'ਚ ਚੋਣਾਂ ਹਨ। ਸਿਰਫ ਚੋਣਾਂ ਨੂੰ ਲੈ ਕੇ ਮੰਦਰ ਦਾ ਨਿਰਮਾਣ ਨਹੀਂ ਰੋਕ ਸਕਦੇ।
ਦਿੱਲੀ ਯੂਨੀਵਰਸਿਟੀ 'ਚ ਰਾਮ ਮੰਦਰ ਬਣਾਉਣ ਸੰਬੰਧੀ ਚੱਲ ਰਹੇ ਸੈਮੀਨਾਰ ਦਾ ਵਿਰੋਧ ਕਰਨ ਵਾਲਿਆਂ 'ਤੇ ਵਰ੍ਹਦਿਆਂ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਇਹ ਅਸਹਿਣਸ਼ੀਲਤਾ ਨਹੀਂ। ਰਾਮ ਜਨਮ ਭੂਮੀ ਮੰਦਰ 'ਤੇ ਦੋ ਦਿਨਾ ਸੈਮੀਨਾਰ ਖਿਲਾਫ ਦਿੱਲੀ ਯੂਨੀਵਰਸਿਟੀ ਦੇ ਕਲਾ ਵਿਭਾਗ ਵਿੱਚ ਕਾਂਗਰਸ ਅਤੇ ਖੱਬੇ-ਪੱਖੀ ਵਿਦਿਆਰਥੀ ਸੰਗਠਨਾਂ ਸਮੇਤ ਵੱਖ-ਵੱਖ ਸੰਗਠਨਾਂ ਦੇ ਕਈ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਜਤਾਇਆ, ਜਿਸ ਦੇ ਬਾਅਦ ਪੁਲਸ ਨੇ ਉਨ੍ਹਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਨਾਲ ਹੀ ਸੁਬਰਾਮਨੀਅਮ ਸਵਾਮੀ ਨੇ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ 'ਤੇ ਸੰਮੇਲਨ ਸ਼ੁਰੂ ਕੀਤਾ। ਉਨ੍ਹਾ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੋਈ ਵੀ ਕੰਮ ਜਬਰੀ ਜਾਂ ਕਾਨੂੰਨ ਦੇ ਖਿਲਾਫ ਨਹੀਂ ਕੀਤਾ ਜਾਵੇਗਾ। ਇਸ ਸੈਮੀਨਾਰ 'ਚ ਸਵਾਮੀ ਨੇ ਕਿਹਾ, 'ਅਯੁੱਧਿਆ 'ਚ ਰਾਮ ਮੰਦਰ ਦਾ ਨਿਰਮਾਣ ਸਾਡੀ ਸੰਸਕ੍ਰਿਤੀ ਨੂੰ ਪੁਨਰ ਸੁਰਜੀਤ ਕਰਨ ਲਈ ਜ਼ਰੂਰੀ ਹੈ ਅਤੇ ਜਦ ਤੱਕ ਇਸ ਦਾ ਨਿਰਮਾਣ ਨਹੀਂ ਹੋ ਜਾਂਦਾ, ਤਦ ਤੱਕ ਅਸੀਂ ਇਸ ਕਾਰਜ ਨੂੰ ਨਹੀਂ ਛੱਡਾਂਗੇ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਦਾਲਤ 'ਚ ਅਸੀਂ ਜਿੱਤਾਂਗੇ।'
ਉਨ੍ਹਾ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਨੇ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਸੀ। ਸਵਾਮੀ ਨੇ ਕਾਂਗਰਸ ਨੂੰ ਅਪੀਲ ਕੀਤੀ ਕਿ ਉਹ ਇਸ ਦੇ ਸਮਰਥਨ 'ਚ ਅੱਗੇ ਆਵੇ। ਉਨ੍ਹਾ ਕਿਹਾ ਕਿ ਰਾਜੀਵ ਗਾਂਧੀ ਨੇ ਨਿੱਜੀ ਤੌਰ 'ਤੇ ਮੈਨੂੰ ਕਿਹਾ ਸੀ ਕਿ ਰਾਮ ਮੰਦਰ ਦਾ ਨਿਰਮਾਣ ਹੋਵੇਗਾ, ਜਦੋਂ ਵੀ ਉਨ੍ਹਾ ਨੂੰ ਮੌਕਾ ਮਿਲੇਗਾ, ਉਹ ਇਸ 'ਚ ਮਦਦ ਕਰਨਗੇ ਅਤੇ ਪਾਰਟੀ ਦੇ ਵਿਰੋਧ ਦੇ ਬਾਵਜੂਦ ਉਨ੍ਹਾ ਜੋ ਪਹਿਲੀ ਮਦਦ ਕੀਤੀ, ਉਹ ਟੈਲੀਵੀਜ਼ਨ 'ਤੇ ਰਮਾਇਣ ਦਾ ਪ੍ਰਸਾਰਨ ਸ਼ੁਰੂ ਕਰਨ ਦੀ ਸੀ।