ਕਾਂਗਰਸ ਵੱਲੋਂ ਖੰਡਨ ਦੇ ਬਾਵਜੂਦ ਮਨੀਸ਼ ਆਪਣੇ ਦਾਅਵੇ 'ਤੇ ਕਾਇਮ

ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਸੰਨ 2012 'ਚ ਫੌਜ ਦੀ ਇੱਕ ਟੁਕੜੀ ਦੇ ਦਿੱਲੀ ਕੂਚ ਕਰਨ ਦੀ ਖਬਰ ਨੇ ਇੱਕ ਵਾਰ ਫਿਰ ਘਮਸਾਨ ਮਚਾ ਦਿੱਤਾ ਹੈ। ਮਨੀਸ਼ ਤਿਵਾੜੀ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਸੀ ਕਿ ਕੂਚ ਦੀ ਖਬਰ ਸਹੀ ਸੀ, ਜਿਸ ਨੂੰ ਲੈ ਕੇ ਜਿੱਥੇ ਭਾਜਪਾ ਬਚਾਅ ਦੀ ਸਥਿਤੀ ਵਿੱਚ ਆ ਗਈ, ਉਥੇ ਕਾਂਗਰਸ ਅੰਦਰੋਂ ਦੋ ਸੁਰ ਸਾਹਮਣੇ ਆਏ।
ਐਤਵਾਰ ਸਵੇਰੇ-ਸਵੇਰੇ ਕਾਂਗਰਸ ਨੇ ਕੂਚ ਦੀ ਖਬਰ ਦਾ ਅਧਿਕਾਰਤ ਤੌਰ 'ਤੇ ਖੰਡਨ ਕਰ ਦਿੱਤਾ, ਪਰ ਤਿਵਾੜੀ ਆਪਣੇ ਦਾਅਵੇ 'ਤੇ ਕਾਇਮ ਹਨ। ਬਾਅਦ ਦੁਪਹਿਰ ਉਹਨਾ ਇਸ ਸੰਬੰਧ ਵਿੱਚ ਕਿਹਾ ਕਿ ਮੇਰੇ ਬਿਆਨ 'ਚ ਜੋੜ-ਘਟਾਓ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਪੀ ਸੀ ਚਾਕੋ ਨੇ ਕਾਂਗਰਸ ਦੀ ਤਰਫੋਂ ਫੌਜ ਦੇ ਦਿੱਲੀ ਕੂਚ ਦੀ ਖਬਰ ਦਾ ਇਹ ਕਹਿਦਿਆਂ ਖੰਡਨ ਕੀਤਾ, '2012 'ਚ ਛਪੀ ਉਸ ਰਿਪੋਰਟ ਨੂੰ ਅਸੀਂ ਖਾਰਜ ਕਰ ਸਕਦੇ ਹਾਂ। ਸਰਕਾਰ ਦੀ ਇਜਾਜ਼ਤ ਬਿਨਾਂ ਫੌਜ ਦੀ ਕੋਈ ਵੀ ਟੁਕੜੀ ਦਿੱਲੀ ਵੱਲ ਨਹੀਂ ਵਧੀ ਸੀ।' ਚਾਕੋ ਤੋਂ ਕੁਝ ਦੇਰ ਪਹਿਲਾਂ ਮਣੀਸ਼ੰਕਰ ਅਈਅਰ ਨੇ ਕਿਹਾ ਕਿ ਜਿੱਥੋਂ ਤੱਕ ਲੱਗਦਾ ਹੈ, ਕੁਝ ਨਾ ਕੁਝ ਤਾਂ ਹੋਇਆ ਸੀ ਉਸ ਰਾਤ, ਜੋ ਸੰਵਿਧਾਨ ਤੇ ਜਮਹੂਰੀਅਤ ਦੇ ਖਿਲਾਫ ਸੀ।
ਉਸ ਸਮੇਂ ਰੱਖਿਆ ਮੰਤਰੀ ਰਹੇ ਏ ਕੇ ਐਂਟਨੀ ਨੇ ਮਨੀਸ਼ ਤਿਵਾੜੀ ਦੇ ਬਿਆਨ ਨੂੰ ਖਾਰਜ ਕਰਦਿਆਂ ਕਿਹਾ ਕਿ ਮੈਂ ਪਹਿਲਾਂ ਵੀ ਸੰਸਦ ਵਿੱਚ ਬਿਆਨ ਦਿੱਤਾ ਸੀ ਕਿ ਅਜਿਹਾ ਕੁਝ ਨਹੀਂ ਹੋਇਆ। ਮੈਂ ਪਹਿਲਾਂ ਵੀ ਇਸ ਗੱਲ ਤੋਂ ਇਨਕਾਰ ਕੀਤਾ ਸੀ ਤੇ ਹੁਣ ਵੀ ਕਰਦਾ ਹਾਂ।
ਓਧਰ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਮਨੀਸ਼ ਤਿਵਾੜੀ ਕਾਂਗਰਸ ਦੇ ਬੁਲਾਰੇ ਨਹੀਂ ਹਨ ਅਤੇ ਇਹ ਉਸ ਦੀ ਨਿੱਜੀ ਰਾਇ ਹੋ ਸਕਦੀ ਹੈ। ਕਾਂਗਰਸ ਉਸ ਦੇ ਬਿਆਨ ਤੋਂ ਖੁਦ ਨੂੰ ਅਲੱਗ ਕਰਦੀ ਹੈ। ਮੈਂ ਇਹ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਇਸ ਦਾਅਵੇ 'ਚ ਕੋਈ ਵੀ ਸਚਾਈ ਨਹੀਂ। ਮੇਰੇ ਸਾਥੀ ਮਨੀਸ਼ ਤਿਵਾੜੀ ਉਸ ਸਮੇਂ ਨਾ ਤਾਂ ਸੁਰੱਖਿਆ ਸੰਬੰਧੀ ਬਣੀ ਕੈਬਨਿਟ ਕਮੇਟੀ ਦੇ ਮੈਂਬਰ ਸਨ ਅਤੇ ਨਾ ਹੀ ਕਿਸੇ ਹੋਰ ਨਿਰਣਾ ਲੈਣ ਵਾਲੀ ਬਾਡੀ ਦੇ ਮੈਂਬਰ ਹਨ। ਇਹ ਪੂਰੀ ਤਰ੍ਹਾਂ ਗਲਤ, ਗੈਰ-ਜ਼ਰੂਰੀ ਅਤੇ ਅਣਉਚਿੱਤ ਹੈ ਕਿ ਉਸ ਸਮੇਂ ਕੀਤੇ ਗਏ ਦਾਅਵੇ ਨੂੰ ਸਹੀ ਠਹਿਰਾਇਆ ਜਾਵੇ।
ਇਨ੍ਹਾਂ ਦੋਵਾਂ ਆਗੂਆਂ ਦੇ ਇਲਾਵਾ ਕਾਂਗਰਸੀ ਆਗੂ ਪੀ ਸੀ ਚਾਕੋ ਨੇ ਕਿਹਾ ਕਿ ਉਸ ਸਮੇਂ ਇੱਕ ਅੰਗਰੇਜ਼ੀ ਅਖਬਾਰ 'ਚ ਛਪੀ ਰਿਪੋਰਟ ਨੂੰ ਅਧਿਕਾਰਤ ਰੂਪ ਵਿੱਚ ਜ਼ਿੰਮੇਵਾਰ ਸੂਤਰਾਂ ਦੁਆਰਾ ਖਾਰਜ ਕਰ ਦਿੱਤਾ ਗਿਆ ਸੀ। ਮੈਂ ਕਾਂਗਰਸ ਪਾਰਟੀ ਵੱਲੋਂ ਸਾਫ ਕਰਨਾ ਚਾਹਾਂਗਾ ਕਿ ਇਹ ਰਿਪੋਰਟ ਪੂਰੀ ਤਰ੍ਹਾਂ ਗਲਤ ਹੈ। ਉਸ ਸਮੇਂ ਸੈਨਾ ਨੇ ਇਸ ਤਰ੍ਹਾਂ ਦੀ ਕੋਈ ਹਲਚਲ ਨਹੀਂ ਕੀਤੀ ਸੀ।
ਤਿਵਾੜੀ ਦੇ ਬਿਆਨ 'ਤੇ ਵੀ ਕੇ ਸਿੰਘ ਦੇ ਇਲਾਵਾ ਭਾਜਪਾ ਆਗੂ ਐੱਸ ਐੱਨ ਨੇ ਕਿਹਾ ਕਿ ਜੇਕਰ ਅਜਿਹਾ ਕੁਝ ਸੀ ਤਾਂ ਤਿਵਾੜੀ ਉਸ ਸਮੇਂ ਕਿਉਂ ਚੁੱਪ ਸਨ, ਜਦ ਉਸ ਦੀ ਹੀ ਪਾਰਟੀ ਨੇ 2012 ਵਿੱਚ ਸੈਨਾ ਦੀ ਮੂਵਮੈਂਟ ਦੇ ਦਾਅਵੇ ਨੂੰ ਖਾਰਜ ਕੀਤਾ ਸੀ।
ਵਰਨਣਯੋਗ ਹੈ ਕਿ ਸ਼ਨੀਵਾਰ ਇੱਕ ਪੁਸਤਕ ਦੇ ਰਿਲੀਜ਼ ਸਮਾਗਮ ਦੌਰਾਨ ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ 2012 ਵਿੱਚ ਬਿਨਾਂ ਜਾਣਕਾਰੀ ਦਿੱਤਿਆਂ ਸੈਨਾ ਦੀਆਂ ਟੁਕੜੀਆਂ ਦੇ ਦਿੱਲੀ ਵਲ ਕੂਚ ਅੰਗਰੇਜ਼ੀ ਦੈਨਿਕ 'ਇੰਡੀਅਨ ਐੱਕਸਪ੍ਰੈੱਸ' 'ਚ ਛਪੀ ਖਬਰ ਬਿਲਕੁੱਲ ਸਹੀ ਸੀ। ਉਸ ਸਮੇਂ ਮੈਂ ਰੱਖਿਆ ਮਾਮਲਿਆਂ ਦੀ ਸੰਸਦੀ ਸਥਾਈ ਸੰਮਤੀ ਵਿੱਚ ਕੰਮ ਕਰ ਰਿਹਾ ਸੀ।
ਅੰਗਰੇਜ਼ੀ ਦੇ ਇੱਕ ਸਮਾਚਾਰ ਪੱਤਰ ਨੇ 4 ਅਪ੍ਰੈਲ 2012 ਨੂੰ ਸੈਨਾ ਦੀਆਂ ਦੋ ਟੁਕੜੀਆਂ ਦੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਦਿੱਲੀ ਵੱਲ ਕੂਚ ਕਰਨ ਦੀ ਖਬਰ ਛਾਪੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ 16 ਜਨਵਰੀ 2012 ਨੂੰ ਜਿਸ ਦਿਨ ਥਲ ਸੈਨਾ ਦੇ ਮੁਖੀ ਜਨਰਲ ਵੀ ਕੇ ਸਿੰਘ ਸਰਕਾਰ ਦੇ ਖਿਲਾਫ ਆਪਣੀ ਉਮਰ ਦੇ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਗਏ ਸਨ, ਉਸੇ ਦਿਨ ਦੇਰ ਰਾਤ ਇੰਟੈਲੀਜੈਂਸ ਏਜੰਸੀ ਨੂੰ ਇਹ ਪਤਾ ਲੱਗਿਆ ਕਿ ਬਿਨਾਂ ਕਿਸੇ ਸੂਚਨਾ ਦੇ ਦਿੱਲੀ ਦੇ ਨੇੜੇ ਸੈਨਾ ਦੀਆਂ ਦੋ ਟੁਕੜੀਆਂ ਦਾ ਜਮਾਵੜਾ ਹੋ ਗਿਆ ਹੈ। ਅਖਬਾਰ ਵਿੱਚ ਛਪੀ ਖਬਰ 'ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਹਿਸਾਰ ਤੋਂ ਸੈਨਾ ਦੀ ਟੁਕੜੀ ਨਜ਼ਫਗੜ੍ਹ ਤੱਕ ਆਈ ਸੀ, ਜਦਕਿ ਆਗਰਾ ਤੋਂ ਇੱਕ ਟੁਕੜੀ ਹਿੰਡਨ ਤੱਕ ਪਹੁੰਚੀ ਸੀ। ਆਮ ਤੌਰ 'ਤੇ ਸੈਨਾ ਦੀਆਂ ਟੁਕੜੀਆਂ ਦੇ ਅਭਿਆਸ ਦੀ ਖਬਰ ਸਰਕਾਰ ਨੂੰ ਪਹਿਲਾਂ ਹੀ ਦਿੱਤੀ ਜਾਂਦੀ ਹੈ, ਪ੍ਰੰਤੂ ਖਬਰ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਮਾਮਲੇ 'ਚ ਅਜਿਹਾ ਨਹੀਂ ਹੋਇਆ ਸੀ।
ਇਹ ਵੀ ਕਿਹਾ ਗਿਆ ਹੈ ਕਿ ਜਿਸ ਸਮੇਂ ਸੈਨਾ ਦੀ ਇਹ ਮੂਵਮੈਂਟ ਹੋਈ, ਉਸ ਸਮੇਂ ਰੱਖਿਆ ਸਕੱਤਰ ਸ਼ਸ਼ੀਕਾਂਤ ਸ਼ਰਮਾ ਮਲੇਸ਼ੀਆ ਦੌਰੇ 'ਤੇ ਸਨ, ਪ੍ਰੰਤੂ ਸਰਕਾਰ ਨੇ ਉਸ ਨੂੰ ਤੁਰੰਤ ਤਲਬ ਕੀਤਾ। ਇਸ ਦੇ ਬਾਅਦ ਸ਼ਰਮਾ ਰਾਤ ਨੂੰ ਦਿੱਲੀ ਪਹੁੰਚੇ ਅਤੇ ਸਿੱਧੇ ਆਪਣੇ ਦਫਤਰ ਗਏ, ਉਥੋਂ ਸਿੱਧੇ ਉਨ੍ਹਾ ਤਤਕਾਲੀਨ ਡੀ ਜੀ ਐੱਮ ਓ (ਡਾਇਰੈਕਟਰ ਜਨਰਲ ਮਿਲਟਰੀ ਅਪ੍ਰੇਸ਼ਨ) ਏ ਕੇ ਚੌਧਰੀ ਨੂੰ ਪੂਰੇ ਮਾਮਲੇ ਨੂੰ ਦੇਖਣ ਅਤੇ ਉਸ ਦਾ ਪੂਰਾ ਬਿਊਰਾ ਦੇਣ ਲਈ ਕਿਹਾ, ਜਿਸ ਦੇ ਬਾਅਦ ਸੈਨਾ ਦੀਆਂ ਟੁਕੜੀਆਂ ਨੂੰ ਉਥੇ ਹੀ ਰੋਕ ਦਿੱਤਾ ਗਿਆ ਅਤੇ ਉਸ ਦੇ ਬਾਅਦ ਉਨ੍ਹਾ ਨੂੰ ਉਥੋਂ ਵਾਪਸ ਭੇਜ ਦਿੱਤਾ ਗਿਆ।
ਓਧਰ ਕੇਂਦਰੀ ਮੰਤਰੀ ਅਤੇ ਸਾਬਕਾ ਸੈਨਾ ਪ੍ਰਮੁੱਖ ਵੀ ਕੇ ਸਿੰਘ ਨੇ 2012 ਦੀ ਇਸ ਰਿਪੋਰਟ ਨੂੰ ਪੂਰੀ ਤਰ੍ਹਾਂ ਖਾਰਜ ਕਰਦੇ ਹੋਏ ਤਿਵਾੜੀ ਦੀ ਟਿੱਪਣੀ 'ਤੇ ਕਿਹਾ, 'ਉਨ੍ਹਾ ਨੂੰ ਇਨ੍ਹਾਂ ਦਿਨਾਂ 'ਚ ਕੋਈ ਕੰਮਕਾਰ ਨਹੀਂ। ਉਨ੍ਹਾ ਨੂੰ ਮੇਰੀ ਕਿਤਾਬ ਪੜ੍ਹ ਲੈਣੀ ਚਾਹੀਦੀ ਹੈ, ਉਸ ਤੋਂ ਸਭ ਕੁਝ ਸਾਫ ਹੋ ਜਾਵੇਗਾ।'
ਐੱਨ ਡੀ ਟੀ ਵੀ ਨਾਲ ਗੱਲਬਾਤ 'ਚ ਇਸ ਰਿਪੋਰਟ ਨੂੰ ਛਾਪਣ ਵਾਲੇ ਅਖਬਾਰ 'ਇੰਡੀਅਨ ਐੱਕਸਪ੍ਰੈੱਸ' ਦੇ ਸ਼ੇਖਰ ਗੁਪਤਾ ਨੇ ਕਿਹਾ ਕਿ ਇਸ ਰਿਪੋਰਟ ਨੂੰ ਕਿਸੇ ਤਰ੍ਹਾਂ ਦੇ ਪ੍ਰਮਾਣ ਦੀ ਜ਼ਰੂਰਤ ਨਹੀਂ। ਸਭ ਜਾਣਦੇ ਹਨ ਕਿ ਸੱਚ ਕੀ ਹੈ। ਜਿੱਥੋਂ ਤੱਕ ਵੱਖ-ਵੱਖ ਆਗੂਆਂ ਵੱਲੋਂ ਇੱਕ-ਦੂਸਰੇ 'ਤੇ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਦਾ ਸਵਾਲ ਹੈ, ਉਸ 'ਤੇ ਉਨ੍ਹਾ ਕਿਹਾ ਕਿ ਉਨ੍ਹਾ ਨੂੰ ਖੁਸ਼ੀ ਹੈ ਕਿ ਰਾਜਨੀਤਕ ਖੇਮੇ ਵਿੱਚ ਕਿਸੇ ਨੇ ਇਸ ਮਾਮਲੇ 'ਤੇ ਗੱਲ ਕੀਤੀ ਹੈ।