ਕਈ ਤਰ੍ਹਾਂ ਦੇ ਭਰਮ ਦਾ ਕਾਰਨ ਬਣ ਰਹੇ ਤਿੰਨ ਮੁੱਦੇ

ਇਸ ਵਕਤ ਭਾਰਤ ਦੇ ਲੋਕਾਂ ਸਾਹਮਣੇ ਤਿੰਨ ਮਸਲੇ ਇਹੋ ਜਿਹੇ ਸਿਰ ਚੁੱਕੀ ਖੜੇ ਹਨ, ਜਿਨ੍ਹਾਂ ਦੇ ਅੰਦਰ ਦਾ ਸੱਚ ਸਾਹਮਣੇ ਨਹੀਂ ਆ ਰਿਹਾ। ਕਾਰਨ ਜੋ ਵੀ ਹੋਵੇ, ਇਸ ਨਾਲ ਲੋਕਾਂ ਵਿੱਚ ਵਿਸਵਿਸੇ ਵਧੀ ਜਾ ਰਹੇ ਹਨ।
ਪਹਿਲਾ ਮਾਮਲਾ ਆਜ਼ਾਦੀ ਲਹਿਰ ਦੇ ਇੱਕ ਉੱਘੇ ਹੀਰੋ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਅੰਤਲੇ ਪਲਾਂ ਦੇ ਨਾਲ ਸੰਬੰਧਤ ਹੈ। ਉਨ੍ਹਾ ਦੀ ਮੌਤ ਹੋ ਗਈ ਜਾਂ ਨਹੀਂ ਅਤੇ ਜੇ ਹੋਈ ਤਾਂ ਕਿੱਦਾਂ ਹੋਈ, ਇਸ ਬਾਰੇ ਅੱਜ ਤੱਕ ਲੋਕਾਂ ਨੂੰ ਸਾਰੀ ਗੱਲ ਪਤਾ ਨਹੀਂ ਲੱਗ ਸਕੀ। ਜਿੰਨੇ ਮੂੰਹ, ਓਨੀਆਂ ਗੱਲਾਂ ਹੋ ਰਹੀਆਂ ਹਨ। ਕਈ ਲੋਕ ਇਹ ਕਹੀ ਜਾਂਦੇ ਹਨ ਕਿ ਨੇਤਾ ਜੀ ਜ਼ਿੰਦਾ ਬਚ ਗਏ ਸਨ, ਪਰ ਉਨ੍ਹਾ ਨੂੰ ਪਤਾ ਸੀ ਕਿ ਪੰਡਿਤ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਨੂੰ ਉਨ੍ਹਾ ਦਾ ਜ਼ਿੰਦਾ ਹੋਣਾ ਪਸੰਦ ਨਹੀਂ ਆਉਣਾ, ਇਸ ਲਈ ਗੁਪਤ ਵਾਸ ਵਿੱਚ ਚਲੇ ਗਏ ਸਨ। ਇਸ ਤੋਂ ਵੱਖਰੀ ਧਾਰਨਾ ਵਾਲੇ ਇਹ ਕਹੀ ਜਾਂਦੇ ਹਨ ਕਿ ਨੇਤਾ ਜੀ ਮਰੇ ਨਹੀਂ, ਸਗੋਂ ਉਹ ਮਰਵਾਏ ਗਏ ਸਨ ਅਤੇ ਇਸ ਵਿੱਚ ਕਦੀ ਰੂਸ ਤੇ ਕਦੀ ਚੀਨ ਦੇ ਕਮਿਊਨਿਸਟ ਦੇਸ਼ਾਂ ਦਾ ਜ਼ਿਕਰ ਉਚੇਚ ਨਾਲ ਕਰਦੇ ਹਨ। ਇਸ ਸ਼ਰਾਰਤ ਦਾ ਹੱਲ ਇਹ ਹੈ ਕਿ ਸੱਚ ਤੋਂ ਪਰਦਾ ਚੁੱਕਿਆ ਜਾਵੇ, ਪਰ ਅੱਜ ਤੱਕ ਇਹ ਪਰਦਾ ਚੁੱਕਿਆ ਨਹੀਂ ਗਿਆ ਅਤੇ ਅੱਗੋਂ ਵੀ ਇਸ ਦੀ ਬਹੁਤੀ ਆਸ ਨਹੀਂ ਜਾਪ ਰਹੀ। ਸੁਭਾਸ਼ ਚੰਦਰ ਬੋਸ ਹੁਰਾਂ ਦੇ ਪਰਵਾਰ ਵਿੱਚੋਂ ਪੱਤਰਕਾਰੀ ਨਾਲ ਜੁੜਿਆ ਇੱਕ ਵਿਅਕਤੀ ਕੁਝ ਸੂਚਨਾਵਾਂ ਕੱਢ ਰਿਹਾ ਹੈ, ਪਰ ਉਹ ਆਪੋ ਵਿੱਚ ਮਿਲ ਨਹੀਂ ਰਹੀਆਂ।
ਦੂਸਰਾ ਮਾਮਲਾ ਸਮੁੱਚੇ ਭਾਰਤ ਦੇ ਲੋਕਾਂ ਲਈ ਅਹਿਮ ਇਹ ਹੈ ਕਿ ਪਾਕਿਸਤਾਨ ਨਾਲ ਜੰਗ ਦਾ ਸਮਝੌਤਾ ਜਦੋਂ ਤਾਸ਼ਕੰਦ ਵਿੱਚ ਹੋਇਆ ਤਾਂ ਓਥੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਦੇਹਾਂਤ ਹੋ ਗਿਆ ਸੀ। ਉਸ ਮੌਤ ਦਾ ਕਾਰਨ ਭੁਲੇਖਿਆਂ ਤੇ ਭਰਮਾਂ ਦਾ ਏਜੰਡਾ ਬਣਿਆ ਪਿਆ ਹੈ। ਉਨ੍ਹਾ ਦੇ ਸਹਾਇਕਾਂ ਨੇ ਵੀ ਆਪੋ ਆਪਣੇ ਢੰਗ ਨਾਲ ਕੁਝ ਗੱਲਾਂ ਲਿਖੀਆਂ ਸਨ ਤੇ ਇੱਕ ਜਣੇ ਦੀ ਲਿਖੀ ਗੱਲ ਦੂਸਰੇ ਨਾਲ ਮਿਲਦੀ ਨਹੀਂ। ਸ਼ਾਸਤਰੀ ਜੀ ਦਾ ਪੁੱਤਰ ਕਹਿੰਦਾ ਹੈ ਕਿ ਉਨ੍ਹਾ ਦੀ ਲਾਸ਼ ਦਾ ਰੰਗ ਨੀਲਾ ਪੈ ਗਿਆ ਸੀ। ਨੀਲਾ ਰੰਗ ਓਦੋਂ ਪੈਂਦਾ ਹੈ, ਜਦੋਂ ਕਿਸੇ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੋਵੇ। ਇਸ ਵਿੱਚ ਟੇਢੇ-ਸਿੱਧੇ ਇਸ਼ਾਰੇ ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਧਿਰ ਕਾਂਗਰਸ ਦੇ ਆਗੂਆਂ ਬਾਰੇ ਕੀਤੇ ਜਾਂਦੇ ਹਨ, ਪਰ ਸ਼ਾਸਤਰੀ ਜੀ ਦਾ ਜਿਹੜਾ ਪੁੱਤਰ ਇਹ ਮਾਮਲਾ ਚੁੱਕ ਕੇ ਸ਼ੱਕ ਪ੍ਰਗਟ ਕਰਨ ਤੱਕ ਜਾਂਦਾ ਹੈ, ਉਹ ਆਪ ਕਾਂਗਰਸ ਪਾਰਟੀ ਵਿੱਚ ਰਿਹਾ ਤੇ ਇੱਕ ਸਮੇਂ ਕੇਂਦਰ ਸਰਕਾਰ ਦਾ ਮੰਤਰੀ ਵੀ ਰਹਿ ਚੁੱਕਾ ਹੈ। ਏਦਾਂ ਦੀ ਸੋਚ ਲਈ ਜੇ ਉਹ ਸੱਚਮੁੱਚ ਗੰਭੀਰ ਸੀ ਤਾਂ ਉਸ ਨੂੰ ਇਹ ਮੁੱਦਾ ਓਸੇ ਵੇਲੇ ਆਪਣੀ ਸਰਕਾਰ ਦੇ ਕੋਲ ਉਠਾਉਣਾ ਚਾਹੀਦਾ ਸੀ, ਪਰ ਉਠਾਇਆ ਨਹੀਂ ਸੀ। ਹੁਣ ਤੱਕ ਜਿਸ ਗੱਲ ਬਾਰੇ ਲੋਕ ਸ਼ੱਕ ਕਰਨ ਤੋਂ ਨਹੀਂ ਹਟਦੇ, ਉਸ ਬਾਰੇ ਮੌਜੂਦਾ ਸਰਕਾਰ ਦੇ ਨਾਲ ਜੁੜੇ ਕਈ ਲੋਕ ਵੀ ਇਸ਼ਾਰੇ ਤਾਂ ਕਰਦੇ ਹਨ, ਪਰ ਇਸ਼ਾਰਿਆਂ ਦੇ ਬਾਰੇ ਸਥਿਤੀ ਸਪੱਸ਼ਟ ਕਰਨ ਦੀ ਉਹ ਕੋਈ ਲੋੜ ਨਹੀਂ ਸਮਝਦੇ।
ਹੁਣ ਤੀਸਰਾ ਮਾਮਲਾ ਇੱਕ ਕੇਂਦਰੀ ਰਾਜ ਮੰਤਰੀ ਤੇ ਭਾਰਤੀ ਫ਼ੌਜ ਦੇ ਸਾਬਕਾ ਕਮਾਂਡਰ ਜਨਰਲ ਵੀ ਕੇ ਸਿੰਘ ਦੀ ਭੂਮਿਕਾ ਬਾਰੇ ਉੱਛਲ ਪਿਆ ਹੈ। ਇਹ ਮਾਮਲਾ ਪਹਿਲਾਂ ਵੀ ਚਰਚਿਤ ਰਹਿ ਚੁੱਕਾ ਹੈ। ਜਦੋਂ ਉਹ ਇਸ ਦੇਸ਼ ਦੀ ਫ਼ੌਜ ਦਾ ਕਮਾਂਡਰ ਹੁੰਦਾ ਸੀ, ਕੇਂਦਰ ਦੀ ਮਨਮੋਹਨ ਸਿੰਘ ਸਰਕਾਰ ਨਾਲ ਉਸ ਦੀ ਸੁਰ ਨਹੀਂ ਸੀ ਮਿਲੀ ਤੇ ਇੱਕ ਮੌਕੇ ਅੱਧੀ ਰਾਤ ਵੇਲੇ ਉਸ ਦੇ ਵਕਤ ਫ਼ੌਜ ਦੀਆਂ ਟੁਕੜੀਆਂ ਦਿੱਲੀ ਵੱਲ ਮਾਰਚ ਕਰਨ ਲੱਗੀਆਂ ਸਨ। ਸਰਕਾਰ ਨੂੰ ਇਸ ਦੀ ਸੂਚਨਾ ਮਿਲੀ ਤਾਂ ਹੈਰਾਨੀ ਹੋਈ, ਕਿਉਂਕਿ ਰਾਜਧਾਨੀ ਦਿੱਲੀ ਵਿੱਚ ਕਦੇ ਕੋਈ ਇਹੋ ਜਿਹੀ ਐਕਸਰਸਾਈਜ਼ ਨਹੀਂ ਸੀ ਹੋਈ ਤੇ ਫ਼ੌਜ ਦੀ ਮੂਵਮੈਂਟ ਦੇ ਦਿੱਲੀ ਬੈਠੇ ਇੰਚਾਰਜ ਲੈਫਟੀਨੈਂਟ ਜਨਰਲ ਤੱਕ ਇਸ ਬਾਰੇ ਨਹੀਂ ਸਨ ਜਾਣਦੇ। ਜਿਸ ਰਾਤ ਇਹ ਕੰਮ ਹੋਇਆ, ਉਸ ਦਿਨ ਰੱਖਿਆ ਮੰਤਰੀ ਤੇ ਫ਼ੌਜ ਦਾ ਮੁਖੀ ਇਕੱਠੇ ਸਨ, ਓਦੋਂ ਵੀ ਉਸ ਨੇ ਗੱਲ ਨਹੀਂ ਸੀ ਕੀਤੀ ਅਤੇ ਉੱਤੋਂ ਛੱਬੀ ਜਨਵਰੀ ਸਿਰ ਉੱਤੇ ਹੋਣ ਕਰ ਕੇ ਇਸ ਤਰ੍ਹਾਂ ਦੇ ਕਿਸੇ ਮਾਰਚ ਬਾਰੇ ਓਥੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਫ਼ੌਜੀ ਮਾਰਚ ਤਾਂ ਅੱਧੀ ਰਾਤ ਰੋਕ ਦਿੱਤਾ ਗਿਆ ਤੇ ਜਿਹੜੀ ਖ਼ਬਰ ਥੋੜ੍ਹੀ-ਬਹੁਤ ਬਾਹਰ ਆਈ, ਉਸ ਦਾ ਉਸ ਸਰਕਾਰ ਨੇ ਖੰਡਨ ਕਰ ਛੱਡਿਆ, ਪਰ ਹੁਣ ਕਾਂਗਰਸ ਦੇ ਇੱਕ ਬੁਲਾਰੇ ਨੇ ਉਸ ਦੀ ਗੱਲ ਛੇੜ ਕੇ ਫਿਰ ਉਹ ਮੁੱਦਾ ਚੁੱਕ ਦਿੱਤਾ ਹੈ। ਓਦੋਂ ਦਾ ਕਮਾਂਡਰ ਹੁਣ ਕੇਂਦਰ ਦਾ ਰਾਜ ਮੰਤਰੀ ਹੋਣ ਕਰ ਕੇ ਸਥਿਤੀ ਇਸ ਬਾਰੇ ਵੀ ਗੰਭੀਰ ਹੈ ਤੇ ਸੱਚ ਸਾਹਮਣੇ ਆਉਣਾ ਚਾਹੀਦਾ ਹੈ।
ਏਦਾਂ ਦੇ ਬਹੁਤ ਸਾਰੇ ਹੋਰ ਮੁੱਦੇ ਹਨ, ਜਿਨ੍ਹਾਂ ਦਾ ਸੱਚ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ। ਕਿਉਂਕਿ ਮਾਮਲੇ ਬਹੁਤ ਗੰਭੀਰ ਹਨ ਤੇ ਸੱਚ ਉੱਤੇ ਸਵਾਲੀਆ ਨਿਸ਼ਾਨ ਲੱਗੇ ਹਨ, ਇਸ ਲਈ ਲੋਕ ਕਈ ਕੁਝ ਸੋਚਦੇ ਹਨ। ਕਦੀ ਤਾਂ ਇਨ੍ਹਾਂ ਗੱਲਾਂ ਦਾ ਜਵਾਬ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਲੋਕਾਂ ਵਿੱਚ ਇਹੋ ਜਿਹੇ ਭਰਮ ਪੈਦਾ ਹੁੰਦੇ ਰਹਿਣੇ ਇਸ ਦੇਸ਼ ਦੇ ਹਿੱਤ ਵਿੱਚ ਨਹੀਂ ਅਤੇ ਏਸੇ ਲਈ ਸਥਿਤੀ ਸਾਫ਼ ਹੋਣੀ ਚਾਹੀਦੀ ਹੈ।