ਭਗੌੜਾ ਫੌਜੀ ਸਾਥੀ ਸਮੇਤ ਗ੍ਰਿਫਤਾਰ

ਮੇਹਟੀਆਣਾ (ਜਗਤਾਰ ਭੁੰਗਰਨੀ)-ਥਾਣਾ ਮੇਹਟੀਆਣਾ ਪੁਲਸ ਨੇ ਸੈਨਾ 'ਚੋਂ ਭਗੌੜਾ ਐਲਾਨੇ ਇੱਕ ਸੈਨਿਕ ਨੂੰ ਉਸ ਦੇ ਸਾਥੀ ਸਮੇਤ ਕਾਬੂ ਕਰਕੇ ਉਸ ਤੋਂ ਭਾਰੀ ਮਾਤਰਾ 'ਚ ਚੋਰੀ ਦੇ ਸਾਮਾਨ ਤੋਂ ਇਲਾਵਾ ਤਿੰਨ ਫੌਜ ਦੀਆਂ ਵਰਦੀਆਂ ਵੀ ਬਰਾਮਦ ਕੀਤੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੇਹਟੀਆਣਾ ਦੇ ਐੱਸ.ਐੱਚ.ਓ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਲਾਕੇ 'ਚ ਸੈਨਾ 'ਚੋਂ ਕੱਢਿਆ ਹੋਇਆ ਕਰਮਚਾਰੀ ਸ਼ਾਮ ਲਾਲ ਵਾਸੀ ਰਾਮਗੜ੍ਹ ਜ਼ਿਲ੍ਹਾ ਸਾਂਭਾ ਜੰਮੂ-ਕਸ਼ਮੀਰ ਵਰਦੀ 'ਚ ਘੁੰਮ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੀ.ਐੱਸ.ਪੀ ਹਰਦੀਪ ਕੁਮਾਰ ਦੀ ਅਗਵਾਈ 'ਚ ਪੁਲਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਅਤੇ ਇਸ ਦੌਰਾਨ ਕਥਿਤ ਦੋਸ਼ੀ ਨੂੰ ਸਬ-ਇੰਸਪੈਕਟਰ ਗੋਵਿੰਦਰ ਕੁਮਾਰ ਅਤੇ ਪੁਲਸ ਪਾਰਟੀ ਨੇ ਅਹਿਰਾਣਾ ਕਲਾਂ ਤੋਂ ਗ੍ਰਿਫਤਾਰ ਕਰ ਲਿਆ। ਸਬ-ਇੰਸਪੈਕਟਰ ਗੋਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਵੱਲੋਂ ਦਿੱਤੀ ਸੂਚਨਾ ਅਨੁਸਾਰ ਉਸ ਦਾ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਰਾਜ ਵਾਸੀ ਪਿੱਪਲਾਂਵਾਲਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਚੋਰੀ ਦੇ ਵੈਗਨਆਰ ਕਾਰ, ਇੱਕ ਮੋਟਰਸਾਈਕਲ, ਤਿੰਨ ਸਿਲੰਡਰ, 15 ਮੋਬਾਇਲ, ਇੱਕ ਏਅਰ ਪਿਸਟਲ ਤੋਂ ਇਲਾਵਾ ਤਿੰਨ ਵਰਦੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਪੁਲਸ ਨੇ ਚਾਰ ਏ.ਟੀ.ਐੱਮ ਕਾਰਡ, ਇੱਕ ਅਖਬਾਰ ਦਾ ਪਹਿਚਾਣ ਪੱਤਰ ਵੀ ਬਰਾਮਦ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਹ ਲੋਕਾਂ ਨੂੰ ਫੌਜ, ਸੀਮਾ ਸੁਰੱਖਿਆ ਬਲ, ਸੀ.ਆਰ.ਪੀ.ਐੱਫ ਅਤੇ ਸੀ.ਆਈ.ਡੀ 'ਚ ਭਰਤੀ ਕਰਵਾਉਣ ਦੇ ਨਾਂਅ 'ਤੇ ਠੱਗਦਾ ਸੀ।