ਓਬਾਮਾ ਨੇ ਪਾਕਿ ਨੂੰ ਦੱਸਿਆ ਅੱਤਵਾਦੀਆਂ ਦੀ ਪਨਾਹਗਾਹ

ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਸਮੇਤ ਦੁਨੀਆ ਦੇ ਕਈ ਹਿੱਸਿਆਂ 'ਚ ਦਹਾਕਿਆਂ ਤੱਕ ਅਸਥਿਰਤਾ ਬਣੀ ਰਹੇਗੀ ਅਤੇ ਅਲਕਾਇਦਾ ਅਤੇ ਆਈ ਐੱਸ ਅਮਰੀਕਾ ਲਈ ਸਿੱਧਾ ਖਤਰਾ ਹਨ। ਕਾਂਗਰਸ ਨੂੰ ਆਪਣੇ ਆਖਰੀ ਭਾਸ਼ਣ 'ਚ ਓਬਾਮਾ ਨੇ ਕਿਹਾ ਹੈ ਕਿ ਅਲਕਾਇਦਾ ਅਤੇ ਹੁਣ ਆਈ ਐੱਸ ਦੋਹਾਂ ਤੋਂ ਹੀ ਅਮਰੀਕੀ ਲੋਕਾਂ ਨੂੰ ਸਿੱਧਾ ਖਤਰਾ ਹੈ, ਕਿਉਂਕਿ ਦੁਨੀਆ 'ਚ ਮੁੱਠੀ ਭਰ ਅੱਤਵਾਦੀ, ਜਿਨ੍ਹਾਂ ਲਈ ਆਪਣੀ ਜ਼ਿੰਦਗੀ ਦਾ ਕੋਈ ਮਹੱਤਵ ਨਹੀਂ ਹੈ, ਬਹੁਤ ਨੁਕਸਾਨ ਕਰ ਸਕਦੇ ਹਨ। ਇਹ ਅਮਰੀਕੀ ਸੰਸਦ ਕਾਂਗਰਸ ਨੂੰ ਓਬਾਮਾ ਦਾ ਆਖਰੀ ਅਤੇ ਅੱਠਵਾਂ ਭਾਸ਼ਨ ਸੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਲਕਾਇਦਾ ਅਤੇ ਆਈ ਐੱਸ ਵਰਗੀਆਂ ਜਥੇਬੰਦੀਆਂ ਦੇਸ਼ ਦੇ ਲੋਕਾਂ ਦੇ ਦਿਮਾਗ 'ਚ ਜ਼ਹਿਰ ਭਰਨ ਲਈ ਇੰਟਰਨੈੱਟ ਦੀ ਵਰਤੋਂ ਕਰ ਰਹੀਆਂ ਹਨ ਅਤੇ ਅਮਰੀਕਾ ਦੇ ਭਾਈਵਾਲਾਂ ਨੂੰ ਕਮਜ਼ੋਰ ਕਰ ਰਹੀਆਂ ਹਨ।
ਬਰਾਕ ਓਬਾਮਾ ਨੇ ਕਿਹਾ ਕਿ ਅਮਰੀਕਾ ਨੇ ਆਈ ਐੱਸ ਨੂੰ ਖਤਮ ਕਰਨ ਉਪਰ ਧਿਆਨ ਕੇਂਦਰਤ ਕੀਤਾ ਹੈ ਅਤੇ ਇਹ ਦਾਅਵਾ ਕਰਨਾ ਇੱਕ ਤਰ੍ਹਾਂ ਨਾਲ ਉਹਨਾ ਦੀ ਮਰਜ਼ੀ ਦੇ ਅਨੁਸਾਰ ਦੱਸਣਾ ਹੈ ਕਿ ਇਹ ਤੀਜੀ ਵਿਸ਼ਵ ਜੰਗ ਹੈ।
ਬਰਾਕ ਓਬਾਮਾ ਨੇ ਕਿਹਾ ਕਿ ਵੱਡੀ ਗਿਣਤੀ ਆਈ ਐੱਸ ਅੱਤਵਾਦੀ ਅਪਾਰਟਮੈਂਟਾਂ ਅਤੇ ਗੈਰਜਾਂ 'ਚ ਸਾਜ਼ਿਸ਼ਾਂ ਰਚਦੇ ਹਨ ਅਤੇ ਅਮਰੀਕੀ ਨਾਗਰਿਕਾਂ ਲਈ ਵੱਡਾ ਖਤਰਾ ਪੈਦਾ ਕਰਦੇ ਹਨ, ਜਿਸ ਨੂੰ ਰੋਕਿਆ ਜਾਣਾ ਚਾਹੀਦਾ। ਉਹਨਾ ਕਿਹਾ ਕਿ ਆਈ ਐੱਸ ਅਮਰੀਕਾ ਦੇ ਕੌਮੀ ਵੱਕਾਰ ਲਈ ਖਤਰਾ ਬਣ ਗਏ ਹਨ। ਬਰਾਕ ਓਬਾਮਾ ਨੇ ਕਿਹਾ ਕਿ ਅਮਰੀਕਾ ਪਿਛਲੇ ਇੱਕ ਸਾਲ ਤੋਂ ਆਈ ਐੱਸ ਦੇ ਫੰਡ ਰੋਕਣ, ਸਾਜ਼ਿਸ਼ਾਂ ਨੂੰ ਨਾਕਾਮ ਕਰਨ, ਅੱਤਵਾਦੀਆਂ ਨੂੰ ਆਉਣ ਤੋਂ ਰੋਕਣ ਅਤੇ ਉਹਨਾ ਦੀ ਨਾਪਾਕ ਵਿਚਾਰਧਾਰਾ ਨੂੰ ਖਤਮ ਕਰਨ ਲਈ 60 ਤੋਂ ਵੱਧ ਦੇਸ਼ਾਂ ਦੇ ਗੱਠਜੋੜ ਦੀ ਅਗਵਾਈ ਕਰ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਕੋਈ 10 ਹਜ਼ਾਰ ਹਵਾਈ ਹਮਲਿਆਂ ਨਾਲ ਆਈ ਐੱਸ ਦੀ ਲੀਡਰਸ਼ਿਪ ਉਸ ਦੇ ਤੇਲ, ਸਿਖਲਾਈ ਕੇਂਦਰਾਂ ਅਤੇ ਹਥਿਆਰਾਂ ਨੂੰ ਨਸ਼ਟ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਇਹ ਹਵਾਈ ਹਮਲੇ ਸੀਰੀਆ ਅਤੇ ਇਰਾਕ 'ਚ ਆਈ ਐੱਸ ਦੇ ਟਿਕਾਣਿਆਂ 'ਤੇ ਕੀਤੇ ਜਾ ਰਹੇ ਹਨ ਅਤੇ ਸਰਕਾਰੀ ਫੌਜਾਂ ਨੂੰ ਹਥਿਆਰ ਅਤੇ ਸਿਖਲਾਈ ਦੇ ਰਹੇ ਹਾਂ।
ਬਰਾਕ ਓਬਾਮਾ ਨੇ ਕਿਹਾ ਕਿ ਆਈ ਐੱਸ ਤੋਂ ਬਿਨਾਂ ਵੀ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਪੱਛਮੀ ਏਸ਼ੀਆ, ਅਫਗਾਨਿਸਤਾਨ, ਪਾਕਿਸਤਾਨ, ਮੱਧ ਅਮਰੀਕਾ, ਅਫਰੀਕਾ ਅਤੇ ਏਸ਼ੀਆ ਦੇ ਕਈ ਹਿੱਸਿਆਂ 'ਚ ਦਹਾਕਿਆਂ ਤੱਕ ਅਸਥਿਰਤਾ ਬਣੀ ਰਹੇਗੀ। ਓਬਾਮਾ ਨੇ ਕਿਹਾ ਕਿ ਇਹਨਾਂ ਮੁਲਕਾਂ 'ਚ ਨਵੇਂ ਅੱਤਵਾਦੀ ਨੈੱਟਵਰਕ ਵੀ ਬਣੇ ਹਨ, ਪਰ ਕਈ ਹੋਰ ਲੋਕ ਜਾਤੀ ਲੜਾਈ, ਭੁੱਖਮਰੀ ਅਤੇ ਸ਼ਰਨਾਰਥੀਆਂ ਦੀ ਸਮੱਸਿਆ ਨਾਲ ਵੀ ਜੂਝ ਰਹੇ ਹਨ।