ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ 2 ਮਹੀਨੇ 'ਚ ਜਾਂਚ ਪੂਰੀ ਕਰਨ ਦੇ ਹਾਈ ਕੋਰਟ ਵੱਲੋਂ ਆਦੇਸ਼

ਜੈਪੁਰ (ਨਵਾਂ ਜ਼ਮਾਨਾ ਸਰਵਿਸ)-ਰਾਜਸਥਾਨ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਇੱਕ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਸੰਬੰਧਤ ਜਾਂਚ ਅਧਿਕਾਰੀ (ਆਈ ਓ) ਨੂੰ ਆਦੇਸ਼ ਜਾਰੀ ਕੀਤਾ ਹੈ। ਰਾਮ ਰਹੀਮ 'ਤੇ ਦੋਸ਼ ਹੈ ਕਿ ਉਸ ਨੇ ਸਿਰਸਾ ਸਥਿਤ ਆਪਣੇ ਆਸ਼ਰਮ 'ਚ ਇੱਕ ਔਰਤ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਬੰਧਕ ਬਣਾ ਕੇ ਰੱਖਿਆ ਹੈ। ਅਦਾਲਤ ਨੇ 2 ਮਹੀਨੇ 'ਚ ਇਹ ਜਾਂਚ ਪੂਰੀ ਕਰਕੇ ਅਦਾਲਤ 'ਚ ਰਿਪੋਰਟ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ। ਹਾਈ ਕੋਰਟ ਦੇ ਐਕਟਿੰਗ ਚੀਫ਼ ਜਸਟਿਸ ਅਜੀਤ ਸਿੰਘ ਨੇ ਆਈ ਓ ਨੂੰ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਤੇਜ਼ੀ ਨਾਲ ਪੂਰੀ ਕਰੇ ਅਤੇ 2 ਮਹੀਨੇ ਦੇ ਅੰਦਰ ਜਾਂਚ ਦੀ ਰਿਪੋਰਟ ਪੇਸ਼ ਕਰੇ। ਮਾਲਵੀਆ ਨਗਰ ਦੇ ਐਸ ਐਸ ਪੀ, ਜੋ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਨੇ ਅਦਾਲਤ 'ਚ ਇਸ ਕੇਸ ਦੀ ਹੁਣ ਤੱਕ ਹੋਈ ਜਾਂਚ ਦੀ ਰਿਪੋਰਟ ਪੇਸ਼ ਕੀਤੀ। ਇਸ ਤੋਂ ਪਹਿਲਾਂ ਪੁਲਸ ਦੁਆਰਾ ਅਦਾਲਤ ਨੂੰ ਦਿੱਤੀ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਸੀ ਬੀ ਆਈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਫਿਲਹਾਲ ਹੱਤਿਆ ਤੇ ਬਲਾਤਕਾਰ ਦੇ 3 ਮਾਮਲੇ ਅਤੇ ਇੱਕ ਵਿਅਕਤੀ ਦਾ ਕਥਿਤ ਤੌਰ 'ਤੇ ਲਿੰਗ ਕੱਟੇ ਜਾਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਵੱਲੋਂ ਬ੍ਰਹਮਾਨੰਗ ਸੰਧੂ ਅਦਾਲਤ 'ਚ ਪੈਰਵੀ ਲਈ ਪੇਸ਼ ਹੋਏ ਸਨ। ਇਹ ਮਾਮਲਾ ਕਮਲੇਸ਼ ਕੁਮਾਰ ਦੀ ਪਟੀਸ਼ਨ ਨਾਲ ਜੁੜਿਆ ਹੋਇਆ ਹੈ, ਜਿਸ ਮਹਿਲਾ ਗੁੱਡੀ ਦੇਵੀ (25) ਨੂੰ ਜਬਰਨ ਆਸ਼ਰਮ 'ਚ ਬੰਧਕ ਬਣਾ ਕੇ ਰੱਖਣ ਦਾ ਦੋਸ਼ ਹੈ, ਕਮਲੇਸ਼ ਉਸ ਔਰਤ ਦਾ ਪਤੀ ਹੈ। ਉਸ ਦਾ ਦੋਸ਼ ਹੈ ਕਿ ਉਸ ਦੀ ਪਤਨੀ ਗੁੱਡੀ ਡੇਰੇ ਦੇ ਮੈਨੇਜਿੰਗ ਡਾਇਰੈਕਟਰ ਡੀ ਪੀ ਐਸ ਦੱਤਾ ਦੇ ਸੰਪਰਕ 'ਚ ਸੀ ਅਤੇ ਦੱਤਾ ਨੇ ਗੁੱਡੀ ਨੂੰ ਕਥਿਤ ਤੌਰ 'ਤੇ ਸਿਰਸਾ ਆਸ਼ਰਮ 'ਚ ਹੋਣ ਵਾਲੇ ਇੱਕ ਸਤਿਸੰਗ ਦੇ ਲਈ ਬੁਲਾਇਆ ਸੀ। ਕਮਲੇਸ਼ ਨੇ ਦੋਸ਼ ਲਗਾਇਆ ਕਿ ਉਹ ਆਪਣੀ ਪਤਨੀ ਦੇ ਨਾਲ 24 ਮਾਰਚ ਨੂੰ ਰੇਲ ਗੱਡੀ ਰਾਹੀਂ ਸਿਰਸਾ ਪਹੁੰਚੇ। ਅਗਲੇ 4 ਦਿਨ ਤੱਕ ਉਸ ਦੀ ਪਤਨੀ ਨੇ ਔਰਤਾਂ ਦੇ ਇੱਕ ਸਮੂਹ ਨਾਲ ਸਤਿਸੰਗ 'ਚ ਹਿੱਸਾ ਲਿਆ। ਇਸ ਦੌਰਾਨ ਗੁੱਡੀ ਦੇਵੀ ਕਥਿਤ ਤੌਰ 'ਤੇ ਕਮਲੇਸ਼ ਨੂੰ ਸਿਰਫ਼ ਇੱਕ ਦਿਨ 29 ਮਾਰਚ ਨੂੰ ਹੀ ਮਿਲੀ। ਕਮਲੇਸ਼ ਨੇ ਦੱਸਿਆ ਕਿ ਇੱਕ ਸੇਵਾਦਾਰ ਨੇ ਉਸ ਨੂੰ ਕਿਹਾ ਕਿ ਉਸ ਦੀ ਪਤਨੀ ਗਹਿਰੀ ਸਾਧਨਾ 'ਚ ਹੈ ਅਤੇ ਧਿਆਨ ਖ਼ਤਮ ਹੋਣ 'ਤੇ ਹੀ ਉਹ ਬਾਹਰ ਆਏਗੀ। ਕਮਲੇਸ਼ ਦਾ ਦੋਸ਼ ਹੈ ਕਿ ਉਸ ਦੇ ਬਾਅਦ ਤੋਂ ਹੀ ਉਸ ਦੀ ਪਤਨੀ ਲਾਪਤਾ ਹੈ। 7 ਮਈ 2015 ਨੂੰ ਵੀ ਇਸ ਸਿਲਸਿਲੇ 'ਚ ਜਵਾਹਰ ਸਰਕਲ ਪੁਲਸ ਸਟੇਸ਼ਨ 'ਚ ਜੈਪੁਰ ਦੀ ਇੱਕ ਸਥਾਨਕ ਅਦਾਲਤ ਦੇ ਆਦੇਸ਼ ਦੇ ਬਾਅਦ ਕਮਲੇਸ਼ ਦੀ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਹੋਇਆ ਸੀ।