ਭੁੱਲਰ ਦੀ ਮੌਤ ਦੀ ਸਜ਼ਾ ਬਦਲੇਗੀ ਉਮਰ ਕੈਦ 'ਚ

ਕੇਂਦਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਖਾਲਿਸਤਾਨੀ ਅੱਤਵਾਦੀ ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਨ 'ਤੇ ਉਸ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ ਅਤੇ ਰਹਿਮ ਦੀਆਂ ਅਪੀਲਾਂ ਦੇ ਨਿਪਟਾਰੇ 'ਚ ਦੇਰੀ ਦੇ ਅਧਾਰ 'ਤੇ ਮੌਤ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕਰਨ ਬਾਰੇ ਸੁਪਰੀਮ ਕੋਰਟ ਦੀ ਰੂਲਿੰਗ ਦੇ ਮੱਦੇਨਜ਼ਰ ਉਸ ਦੀ ਪਟੀਸ਼ਨ ਪ੍ਰਵਾਨ ਕੀਤੀ ਜਾਣੀ ਹੈ। ਚੀਫ ਜਸਟਿਸ ਪੀ ਸਦਾਸ਼ਿਵਮ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਸਾਹਮਣੇ ਅਟਾਰਨੀ ਜਨਰਲ ਗੁਲਾਮ ਵਾਹਨਵਤੀ ਨੇ ਕਿਹਾ ਕਿ ਇਹ ਇੱਕ ਅਜਿਹਾ ਮਾਮਲਾ ਹੈ, ਜਿਸ ਵਿੱਚ ਇਜਾਜ਼ਤ ਦਿੱਤੀ ਜਾਵੇਗੀ, ਕਿਉਂਕਿ ਦੋਸ਼ੀ ਦੀ ਰਹਿਮ ਦੀ ਅਪੀਲ ਦਾ ਨਿਪਟਾਰਾ 8 ਸਾਲ ਦੀ ਦੇਰੀ ਨਾਲ ਕੀਤਾ ਗਿਆ ਸੀ। ਜੱਜਾਂ ਨੇ ਕਿਹਾ ਕਿ ਇਸ ਮਾਮਲੇ 'ਚ ਹੁਣ 31 ਮਾਰਚ ਨੂੰ ਸੰਖੇਪ ਹੁਕਮ ਸੁਣਾਇਆ ਜਾਵੇਗਾ।rnਅਟਾਰਨੀ ਜਨਰਲ ਨੇ ਕਿਹਾ ਕਿ ਉਹ ਇਸ ਬਾਰੇ ਬਿਆਨ ਦੇ ਰਹੇ ਹਨ, ਕਿਉਂਕਿ 21 ਜਨਵਰੀ ਦੇ ਫੈਸਲੇ 'ਤੇ ਮੁੜ ਵਿਚਾਰ ਲਈ ਕੇਂਦਰ ਸਰਕਾਰ ਦੀ ਪਟੀਸ਼ਨ ਖਾਰਜ ਕੀਤੀ ਜਾ ਚੁੱਕੀ ਹੈ।rnਵਾਹਨਵਤੀ ਨੇ ਕਿਹਾ ਕਿ ਹੁਣ ਸਾਨੂੰ 21 ਜਨਵਰੀ ਦੇ ਫੈਸਲੇ ਦੀ ਪਾਲਣਾ ਕਰਨੀ ਹੋਵੇਗੀ ਅਤੇ ਇਸ ਵਿੱਚ ਸਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਉਨ੍ਹਾ ਕਿਹਾ ਕਿ ਭੁੱਲਰ ਦੀ ਪਤਨੀ ਨਵਨੀਤ ਕੌਰ ਦੀ ਸੁਧਾਰਾਤਮਕ ਪਟੀਸ਼ਨ ਦੇ ਗੁਣ-ਦੋਸ਼ 'ਤੇ ਗੌਰ ਕਰਨ ਦੀ ਹੁਣ ਕੋਈ ਲੋੜ ਨਹੀਂ ਹੈ। ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦਿਆਂ ਹੀ ਜੱਜਾਂ ਨੇ ਭੁੱਲਰ ਦੀ ਸਿਹਤ ਬਾਰੇ ਜਾਣਕਾਰੀ ਮੰਗੀ ਅਤੇ ਮਾਨਸਿਕ ਰੋਗਾਂ ਬਾਰੇ ਸੰਸਥਾਨ ਦੀ 8 ਫਰਵਰੀ ਦੀ ਰਿਪੋਰਟ ਦਾ ਜਾਇਜ਼ਾ ਲਿਆ। ਅਦਾਲਤ ਨੇ 31 ਜਨਵਰੀ ਨੂੰ ਭੁੱਲਰ ਨੂੰ ਫਾਂਸੀ ਦੇਣ 'ਤੇ ਰੋਕ ਲਾਉਂਦਿਆਂ ਆਪਣੇ ਉਸ ਫੈਸਲੇ 'ਤੇ ਮੁੜ ਵਿਚਾਰ ਕਰਨ 'ਤੇ ਸਹਿਮਤੀ ਦੇ ਦਿੱਤੀ ਸੀ, ਜਿਸ ਅਧੀਨ 1993 ਦੇ ਦਿੱਲੀ ਬੰਬ ਧਮਾਕਾ ਕਾਂਡ 'ਚ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਨ ਦੀ ਅਪੀਲ ਠੁਕਰਾ ਦਿੱਤੀ ਗਈ ਸੀ। ਅਦਾਲਤ ਨੇ ਇਸ ਮਾਮਲੇ 'ਚ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰਨ ਦੇ ਨਾਲ ਹੀ ਇਹਬਾਸ ਸੰਸਥਾਨ ਤੋਂ ਭੁੱਲਰ ਦੀ ਸਿਹਤ ਬਾਰੇ ਰਿਪੋਰਟ ਮੰਗੀ ਸੀ। ਅਦਾਲਤ ਦੇ ਜਨਵਰੀ ਦੇ ਫੈਸਲੇ ਤੋਂ ਬਾਅਦ ਭੁੱਲਰ ਦੀ ਪਤਨੀ ਨੇ ਇਹ ਪਟੀਸ਼ਨ ਦਾਇਰ ਕੀਤੀ ਸੀ। ਇਸ ਫੈਸਲੇ 'ਚ ਅਦਾਲਤ ਨੇ ਕਿਹਾ ਸੀ ਕਿ ਮੌਤ ਦੀ ਸਜ਼ਾ ਪ੍ਰਾਪਤ ਕੈਦੀ ਦੀ ਰਹਿਮ ਦੀ ਅਪੀਲ ਦੇ ਨਿਪਟਾਰੇ 'ਚ ਹੱਦੋਂ ਵੱਧ ਦੇਰੀ ਉਸ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਨ ਦਾ ਆਧਾਰ ਹੋ ਸਕਦਾ ਹੈ। ਭੁੱਲਰ ਦੀ ਪਤਨੀ ਨੇ ਪਟੀਸ਼ਨ ਵਿੱਚ ਕਿਹਾ ਸੀ ਕਿ ਇਸ ਨਵੀਂ ਰੂਲਿੰਗ ਦੀ ਰੋਸ਼ਨੀ 'ਚ ਉਸ ਦੇ ਪਤੀ ਦੇ ਮਾਮਲੇ 'ਤੇ ਅਦਾਲਤ ਵੱਲੋਂ ਪਹਿਲਾਂ ਦਿੱਤੇ ਗਏ ਫੈਸਲੇ 'ਤੇ ਨਵੇਂ ਸਿਰੇ ਤੋਂ ਵਿਚਾਰ ਕੀਤਾ ਜਾਵੇ।rnਵਰਨਣਯੋਗ ਹੈ ਕਿ ਰਾਜਧਾਨੀ 'ਚ ਯੂਥ ਕਾਂਗਰਸ ਦੇ ਹੈੱਡਕੁਆਰਟਰ 'ਤੇ ਸਤੰਬਰ 1993 'ਚ ਹੋਏ ਬੰਬ ਧਮਾਕੇ ਦੇ ਮਾਮਲੇ 'ਚ ਭੁੱਲਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਮਾਮਲੇ 'ਚ 9 ਵਿਅਕਤੀ ਮਾਰੇ ਗਏ ਸਨ ਅਤੇ ਯੂਥ ਕਾਂਗਰਸ ਦੇ ਵੇਲੇ ਦੇ ਪ੍ਰਧਾਨ ਐੱਮ ਐੱਸ ਬਿੱਟਾ ਸਮੇਤ 25 ਹੋਰ ਜ਼ਖਮੀ ਹੋ ਗਏ ਸਨ।