Latest News

ਬਾਦਲ ਪਰਵਾਰ ਲੂੰਬੜਾਂ ਦਾ ਟੱਬਰ : ਕੈਪਟਨ

Published on 14 Jan, 2016 11:06 AM.

ਮੇਲਾ ਮਾਘੀ 'ਤੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਪੰਜਾਬ ਦੇ ਮੌਜੂਦਾ ਹਾਲਤ ਨੂੰ ਲੈ ਕੇ ਗਹਿਰੀ ਚਿੰਤਾ ਪ੍ਰਗਟ ਕੀਤੀ, ਉਥੇ ਅਕਾਲੀ-ਭਾਜਪਾ ਸਰਕਾਰ ਨੂੰ ਲੰਮੇ ਹੱਥੀਂ ਲੈਂਦੇ ਹੋਏ ਪੰਜਾਬ ਨੂੰ ਦੁਬਾਰਾ ਖੁਸ਼ਹਾਲੀ ਦੇ ਰਾਹ 'ਤੇ ਲਿਆਉਣ ਲਈ ਲੋਕਾਂ ਨੂੰ ਇੱਕਜੁੱਟ ਹੋ ਕੇ ਕਾਂਗਰਸ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਮਾਘੀ ਕਾਨਫਰੰਸ 'ਤੇ ਆਪਣੇ ਪੂਰੇ ਮੂਡ 'ਚ ਦਿਖੇ ਕੈਪਟਨ ਨੇ ਜਿਥੇ ਬਾਦਲ ਪਰਵਾਰ ਨੂੰ ਲੂੰਬੜਾਂ ਦਾ ਟੱਬਰ ਦੱਸਿਆ, ਉਥੇ 'ਆਪ' ਪ੍ਰਮੁੱਖ ਕੇਜਰੀਵਾਲ ਨੂੰ ਇਕ ਹੋਰ 'ਛੋਟਾ' ਕਰਾਰ ਦਿੱਤਾ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ 'ਚ ਆਯੋਜਿਤ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਦੁੱਖਦਾਈ ਸਥਿਤੀ ਅਤੇ ਨਸ਼ੇ ਦੀ ਗ੍ਰਿਫਤ 'ਚ ਘਿਰ ਚੁੱਕੇ ਨੌਜਵਾਨਾਂ 'ਤੇ ਗਹਿਰੀ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਦੇਸ਼ ਦੇ ਅੰਨ ਭੰਡਾਰ 'ਚ ਇਕ ਵੱਡਾ ਹਿੱਸਾ ਪਾਉਣ ਵਾਲਾ ਪੰਜਾਬ ਦਾ ਕਿਸਾਨ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਰਿਹਾ ਹੈ। ਅਕਾਲੀਆਂ ਦੇ 'ਤੋਤੇ' ਵੱਲੋਂ ਘਟੀਆ ਬੀਜ ਅਤੇ ਗਲਤ ਛਿੜਕਾਅ ਦਵਾਈ ਦੀ ਸੌਦੇਬਾਜ਼ੀ ਕਰਨ ਨਾਲ ਆਰਥਿਕ ਪੱਖੋਂ ਇਕ ਵੱਡਾ ਘਾਟਾ ਉਠਾਉਣ 'ਤੇ ਕਿਸਾਨ ਆਤਮ-ਹੱਤਿਆ ਕਰ ਰਹੇ ਹਨ। ਉਥੇ ਚਿੱਟੇ ਦੀ ਗ੍ਰਿਫਤ 'ਚ ਆ ਕੇ ਪੰਜਾਬ ਦਾ ਨੌਜਵਾਨ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ, ਜਦਕਿ ਇਹ ਦੋਨੋਂ ਵਰਗ ਹੀ ਇਕ ਰਾਜ ਦੇ ਵਿਕਾਸ 'ਚ ਅਹਿਮ ਕੜੀ ਹੁੰਦੇ ਹਨ। ਨਸ਼ਾ ਕੌਣ ਬਣਾਉਂਦਾ ਹੈ, ਇਹ ਸਭ ਜਾਣਦੇ ਹਨ। ਕੈਪਟਨ ਨੇ ਕਿਹਾ ਕਿ ਜੇਕਰ ਪੁਲਸ ਨੂੰ ਖੁੱਲ੍ਹੇ ਰੂਪ 'ਚ ਇਕ ਹਫ਼ਤਾ ਦੇ ਦਿੱਤਾ ਜਾਵੇ ਤਾਂ ਸਭ ਸੌਦਾਗਰ ਥੱਲੇ ਲਿਟਾ ਦਿੱਤੇ ਜਾਣਗੇ।
ਪੁਰਾਣੀ ਸ਼ੈਲੀ 'ਚ ਪਰਤਦੇ ਹੋਏ ਕੈਪਟਨ ਨੇ ਕਿਹਾ ਕਿ ਹੁਣ 'ਬਲੂੰਗੜਾ' ਵੱਡਾ ਹੋ ਕੇ ਬਿੱਲਾ ਬਣ ਗਿਆ ਹੈ, ਹੁਣ ਉਸਨੂੰ ਖੁੰਡੇ ਦੀ ਜ਼ਰੂਰਤ ਨਹੀਂ ਹੈ। ਇਸਨੂੰ ਲੋਕ ਹੀ ਠੀਕ ਕਰਨਗੇ। ਕੈਪਟਨ ਅਨੁਸਾਰ ਲੂੰਬੜਾਂ ਦੇ ਪਰਵਾਰ, ਜਿਸ ਵਿਚ 4 ਲੂੰਬੜ ਹਨ, ਇਹ ਕਾਫ਼ੀ ਚਲਾਕ ਹਨ। ਇਹਨਾਂ ਚਾਰਾਂ ਨੇ ਹੀ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ, ਹੋਰ ਸਾਰੇ ਨੇਤਾ ਆਪਣੇ ਹੋਟਲ ਬਣਾਉਣ 'ਚ ਲੱਗੇ ਹੋਏ ਹਨ। ਬਾਦਲ ਪਰਵਾਰ ਨੇ ਕਾਂਗਰਸੀਆਂ 'ਤੇ ਪਰਚੇ ਤੇ ਪਰਚੇ ਦਰਜ ਕੀਤੇ ਹਨ। ਕਾਂਗਰਸ ਸੱਤਾ 'ਚ ਆਉਂਦੇ ਹੀ ਬਾਦਲ ਪਰਵਾਰ 'ਤੇ ਵੀ ਪਰਚੇ ਦਰਜ ਕਰਵਾਏ ਜਾਣਗੇ ਤਾਂ ਕਿ ਇਸ ਪਰਵਾਰ ਨੂੰ ਵੀ ਇਹ ਪਤਾ ਲੱਗੇ ਕਿ ਇਕ ਆਮ ਵਰਕਰ ਪਰਚਾ ਦਰਜ ਹੋਣ 'ਤੇ ਕਿੰਨਾ ਦੁੱਖ ਸਹਿੰਦਾ ਹੈ। ਉਹਨਾਂ ਅਨੁਸਾਰ ਕਾਂਗਰਸ ਦੀ ਸਰਕਾਰ ਬਨਣ 'ਤੇ ਉਹ ਕਿਸਾਨਾਂ ਦੀ ਜ਼ਮੀਨ ਨੂੰ ਨਿਲਾਮ ਨਹੀਂ ਹੋਣ ਦੇਣਗੇ। ਕੇਜਰੀਵਾਲ ਨੂੰ ਇਕ ਹੋਰ 'ਛੋਟੇ' ਦਾ ਨਾਂਅ ਦਿੰਦੇ ਹੋਏ ਕੈਪਟਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਸਮੇਤ ਕਈ ਹੋਰ ਨੇਤਾ ਹਰਿਆਣਾ ਅਤੇ ਯੂ.ਪੀ ਦੇ ਰਹਿਣ ਵਾਲੇ ਹਨ, ਜੋ ਇਕ ਨੇਤਾ ਮਿਲਿਆ ਹੈ, ਉਹ ਵੀ ਕੇਵਲ ਚੁਟਕਲੇ ਸੁਣਾ ਕੇ ਲੋਕਾਂ ਨੂੰ ਹਸਾ ਰਿਹਾ ਹੈ। ਕਿਸੇ ਨੂੰ ਵੀ ਪੰਜਾਬ ਦੇ ਇਤਿਹਾਸ ਸਮੇਤ ਕੋਈ ਹੋਰ ਜਾਣਕਾਰੀ ਨਹੀਂ ਹੈ। ਉਹ ਭਲਾ ਪੰਜਾਬ 'ਤੇ ਕਿਵੇਂ ਰਾਜ ਕਰ ਪਾਉਣਗੇ। ਕੈਪਟਨ ਨੇ ਕਿਹਾ ਕਿ ਉਹ ਵੀ ਇਕ ਸਮਾਂ ਸੀ, ਜਦ ਅੰਨਾ ਦੇ ਨਾਲ ਰਹਿੰਦੇ ਹੋਏ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਉਹ ਕਦੇ ਚੋਣ ਨਹੀਂ ਲੜੇਗਾ, ਪਰ ਦਿੱਲੀ ਦੇ ਬਾਅਦ ਹੁਣ ਉਹ ਪੰਜਾਬ 'ਤੇ ਰਾਜ ਕਰਨ ਦਾ ਸੁਪਨਾ ਦੇਖ ਰਿਹਾ ਹੈ। ਇਹ ਵੀ 'ਛੋਟੇ' ਦੀ ਹੀ ਤਰ੍ਹਾਂ ਝੂਠ 'ਤੇ ਝੂਠ ਬੋਲਦਾ ਹੈ। ਅੰਤ 'ਚ ਕੈਪਟਨ ਨੇ ਲੋਕਾਂ ਤੋਂ ਇਕ ਸਾਲ ਤੱਕ ਕਾਂਗਰਸ ਦੇ ਨਾਲ ਮੋਢੇ ਨਾਲ ਮੋਢਾ ਮਿਲਾਉਂਦੇ ਹੋਏ ਪੰਜਾਬ ਨੂੰ ਦੁਬਾਰਾ ਖੁਸ਼ਹਾਲੀ ਦੇ ਰਸਤੇ 'ਤੇ ਲਿਆਉਣ ਲਈ ਕਾਂਗਰਸ ਨੂੰ ਸੱਤਾ 'ਚ ਲਿਆਉਣ ਦੀ ਅਪੀਲ ਕੀਤੀ, ਕਿਉਂਕਿ ਫਰਵਰੀ 2017 ਵਿਚ ਇਕ ਨਵੀਂ ਹਕੂਮਤ ਸ਼ੁਰੂ ਹੋਵੇਗੀ। ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਆਪ ਪਾਰਟੀ ਨੂੰ ਨਵੇਂ ਟਿੱਡੇ ਦਲ ਦਾ ਨਾਂਅ ਦਿੰਦੇ ਹੋਏ ਲੋਕਾਂ ਨੂੰ ਉਸ ਤੋਂ ਬਚਣ ਦੀ ਪ੍ਰੇਰਨਾ ਦਿੱਤੀ। ਹਲਕਾ ਵਿਧਾਇਕ ਕਰਨ ਬਰਾੜ, ਆਲ ਇੰਡੀਆ ਯੂਥ ਕਾਂਕਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਸਾਂਸਦ ਜਗਮੀਤ ਸਿੰਘ ਬਰਾੜ, ਅੰਬਿਕਾ ਸੋਨੀ, ਰਜਿੰਦਰ ਕੌਰ ਭੱਠਲ, ਚਰਨਜੀਤ ਚੰਨੀ ਨੇ ਪੰਜਾਬ ਨਿਵਾਸੀਆਂ ਨੂੰ ਤੀਜੀ ਵਾਰ ਵੀ ਗਲਤੀ ਨੂੰ ਨਾ ਦੁਹਰਾਉਂਦੇ ਹੋਏ ਇਸ ਵਾਰ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਲਾਲ ਸਿੰਘ, ਸਾਧੂ ਸਿੰਘ ਧਰਮਕੋਟ, ਕੇਵਲ ਸਿੰਘ ਢਿੱਲੋਂ, ਸ਼ਕੀਲ ਅਹਿਮਦ, ਪਰਮਿੰਦਰ ਸਿੰਘ ਪਿੰਕੀ, ਮੁਹੰਮਦ ਸਦੀਕ, ਰਾਣਾ ਗੁਰਮੀਤ ਸਿੰਘ ਸੋਢੀ, ਦਰਸ਼ਨ ਬਰਾੜ, ਪਿੰਕੀ ਢਿੱਲੋਂ, ਭਾਈ ਹਰਨਿਰਪਾਲ ਸਿੰਘ ਕੁੱਕੂ, ਐੱਚ.ਐੱਸ.ਹੰਸਪਾਲ, ਸ਼ਰਨਜੀਤ ਸਿੰਘ ਸੰਧੂ, ਸਿਮਰਜੀਤ ਸਿੰਘ ਭੀਨਾ ਬਰਾੜ, ਸ਼ੰਮੀ ਤੇਰੀਆ, ਪੁਸ਼ਪਿੰਦਰ ਭੰਡਾਰੀ, ਹਰਭਗਵਾਨ ਸਿੰਘ ਸੰਧੂ ਸੱਕਾਂਵਾਲੀ, ਗੁਰਸੰਤ ਸਿੰਘ ਬਰਾੜ, ਹਰਮਨ ਬਧਾਈ, ਜਾਟ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਪੋਪਾ, ਭਿੰਦਰ ਸ਼ਰਮਾ, ਪ੍ਰਭਜੋਤ ਜਵਾਹਰੇਵਾਲਾ, ਜਸਕਰਨ ਸਿੰਘ ਬਰਾੜ ਲੱਖੇਵਾਲੀ, ਮੰਗਤ ਰਾਮ ਸ਼ਰਮਾ, ਭੂਸ਼ਣ ਸੁਖੀਜਾ, ਰਮੇਸ਼ ਗਿਰਧਰ, ਸ਼ੇਰਬਾਜ ਭੁੱਲਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ।

798 Views

e-Paper