ਕਰਜ਼ੇ ਨੇ ਇਕ ਹੋਰ ਜਾਨ ਲਈ


ਪਾਤੜਾਂ (ਨਵਾਂ ਜ਼ਮਾਨਾ ਸਰਵਿਸ)-ਨਜ਼ਦੀਕੀ ਪਿੰਡ ਦੁਗਾਲ ਕਲਾਂ ਦੇ ਕਰਜ਼ੇ ਵਿੱਚ ਡੁੱਬੇ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ ਗਈ ਹੈ। ਮ੍ਰਿਤਕ ਦੇ ਵਾਰਸਾਂ ਵੱਲੋਂ ਪੁਲਸ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ, ਜਿਸ ਤੋਂ ਬਾਅਦ ਮ੍ਰਿਤਕ ਵਿਅਕਤੀ ਦਾ ਅੰਤਿਮ ਸੰਸਕਾਰ ਪਿੰਡ ਦੁਗਾਲ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸਬ ਡਵੀਜ਼ਨ ਪਾਤੜਾਂ ਦੇ ਅਧੀਨ ਆਉਂਦੇ ਪਿੰਡ ਦੁਗਾਲ ਕਲਾਂ ਦਾ ਰਹਿਣ ਵਾਲਾ ਦਰਸ਼ਨ ਕੁਮਾਰ ਦਰਸ਼ੀ ਪਿੰਡ ਵਿੱਚ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਕਰਨ ਦੇ ਨਾਲ-ਨਾਲ ਦੁੱਧ ਦਾ ਕੰਮ ਕਰਦਾ ਆ ਰਿਹਾ ਸੀ, ਜਿਸ ਦੌਰਾਨ ਦੁੱਧ ਦੇ ਕੰਮ ਵਿੱਚ ਘਾਟਾ ਪੈ ਜਾਣ ਕਰਕੇ ਉਸ ਦੇ ਸਿਰ ਵੀਹ ਲੱਖ ਤੋਂ ਵੱਧ ਕਰਜ਼ਾ ਚੜ੍ਹ ਗਿਆ, ਇਸ ਕਰਜ਼ੇ ਨੂੰ ਉਤਾਰਨ ਲਈ ਉਸ ਨੇ ਕਾਫ਼ੀ ਚਾਰਾਜੋਈ ਕੀਤੀ ਤੇ ਬੈਂਕ ਤੋਂ ਕਰਜ਼ਾ ਮਨਜ਼ੂਰ ਕਰਵਾਇਆ, ਪਰ ਉਸਦੇ ਕੰਮ ਵਿੱਚ ਕੋਈ ਸੁਧਾਰ ਨਾ ਹੋਣ ਕਾਰਨ ਉਸ ਨੂੰ ਸਦਾ ਚਿੰਤਾ ਲੱਗੀ ਰਹਿੰਦੀ ਸੀ, ਜਿਸ ਦੇ ਚੱਲਦਿਆਂ ਬੀਤੀ ਦੇਰ ਰਾਤ ਉਸ ਨੇ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ।
ਕੇਸ ਦੀ ਪੜਤਾਲ ਕਰ ਰਹੇ ਅਧਿਕਾਰੀ ਮੋਹਣ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਦੇ ਵਾਰਸਾਂ ਦੇ ਦੱਸਣ ਅਨੁਸਾਰ ਉਕਤ ਵਿਅਕਤੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕੀਤੀ ਹੈ, ਜਿਸ 'ਤੇ ਬਣਦੀ ਕਾਰਵਾਈ ਕਰਕੇ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ।