ਏ ਟੀ ਐੱਮ 'ਚ 11 ਲੱਖ ਦੀ ਲੁੱਟ

ਜਲੰਧਰ (ਸ਼ੈਲੀ ਐਲਬਰਟ)-ਜਲੰਧਰ ਜ਼ਿਲ੍ਹੇ 'ਚ ਅਣਪਛਾਤੇ ਲੁਟੇਰਿਆਂ ਨੇ ਇੱਕ ਬੈਂਕ ਦੇ ਏ ਟੀ ਐੱਮ ਵਿੱਚੋਂ ਲੋਕਾਂ ਦੇ ਲੱਖਾਂ ਰੁਪਏ ਲੁੱਟ ਲਏ। ਉਨ੍ਹਾਂ ਨੇ ਏ ਟੀ ਐੱਮ ਮਸ਼ੀਨ ਨੂੰ ਕਟਰ ਨਾਲ ਕੱਟ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਇਹ ਘਟਨਾ ਬਸਤੀ ਅੱਡੇ ਦੀ ਹੈ। ਬਸਤੀ ਬਾਵਾ ਖੇਲ 'ਚ ਯੂਨੀਅਨ ਬੈਂਕ ਆਫ ਇੰਡੀਆ ਦਾ ਏ ਟੀ ਐੱਮ ਹੈ। ਸ਼ਨੀਵਾਰ ਸਵੇਰੇ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ, ਜਦੋਂ ਏ ਟੀ ਐੱਮ 'ਚ ਕੋਈ ਸੁਰੱਖਿਆ ਗਾਰਡ ਨਹੀਂ ਸੀ। ਲੁਟੇਰਿਆਂ ਨੇ ਏ ਟੀ ਐੱਮ ਮਸ਼ੀਨ ਨੂੰ ਕਟਰ ਨਾਲ ਕੱਟ ਕੇ 11 ਲੱਖ ਰੁਪਏ ਦੀ ਰਕਮ ਲੁੱਟ ਲਈ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਵਾਰਦਾਤ ਸ਼ਨੀਵਾਰ ਸਾਢੇ 5 ਵਜੇ ਦੀ ਹੈ। ਉਨ੍ਹਾ ਦੱਸਿਆ ਕਿ ਫੁਟੇਜ ਤੋਂ ਪਤਾ ਲੱਗਾ ਹੈ ਕਿ ਇੱਕ ਮੋਟਰ ਸਾਈਕਲ ਸਵਾਰ ਏ ਟੀ ਐੱਮ ਕੋਲ ਆ ਕੇ ਰੁਕਿਆ। ਮੂੰਹ 'ਤੇ ਰੁਮਾਲ ਬੰਨ੍ਹੇ ਤੇ ਹੈਲਮਿਟ ਧਾਰੀ ਇਕ ਵਿਅਕਤੀ ਏ ਟੀ ਐੱਮ ਦੇ ਅੰਦਰ ਦਾਖਲ ਹੋਇਆ ਅਤੇ ਡਸਟਬਿਨ ਨੂੰ ਮੂਧਾ ਕਰਕੇ ਉਸ ਉਪਰ ਕੈਮਰੇ ਨੂੰ ਤੋੜਿਆ ਅਤੇ ਤਾਰਾਂ ਲਾਹ ਦਿੱਤੀਆਂ, ਜਿਸ ਤੋਂ ਬਾਅਦ ਰਿਕਾਰਡਿੰਗ ਬੰਦ ਹੋ ਗਈ।