ਜਾਂਚ ਕਮਿਸ਼ਨ ਨੇ ਨਜੀਬ ਨੂੰ ਕਿਹਾ; ਤੁਸੀਂ ਕੇਂਦਰ ਦੇ ਮੁਲਾਜ਼ਮ ਨਹੀਂ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ 'ਚ 2002 ਦੇ ਸੀ ਐਨ ਜੀ ਫਿਟਨਸ ਘੁਟਾਲੇ ਬਾਰੇ ਕੇਂਦਰ ਅਤੇ ਦਿੱਲੀ ਸਰਕਾਰ 'ਚ ਮੁੜ ਠਣਦੀ ਜਾ ਰਹੀ ਹੈ। ਮਸਲੇ ਦੀ ਜਾਂਚ ਲਈ ਦਿੱਲੀ ਸਰਕਾਰ ਵੱਲੋਂ ਬਣਾਏ ਗਏ ਜਾਂਚ ਕਮਿਸ਼ਨ ਦੇ ਜਸਟਿਸ ਐਨ ਐਨ ਅੱਗਰਵਾਲ ਨੇ ਉਪ ਰਾਜਪਾਲ ਨਜੀਬ ਜੰਗ ਨੂੰ ਚਿੱਠੀ ਲਿਖੀ ਹੈ।
ਚਿੱਠੀ 'ਚ ਉਨ੍ਹਾ ਕਿਹਾ ਕਿ ਉਪ ਰਾਜਪਾਲ ਕਹਿ ਰਹੇ ਹਨ ਕਿ ਗ੍ਰਹਿ ਮੰਤਰਾਲੇ ਮੁਤਾਬਕ ਇਹ ਜਾਂਚ ਕਮਿਸ਼ਨ ਗ਼ੈਰ ਕਾਨੂੰਨੀ ਹੈ ਅਤੇ ਉਹ ਕੇਂਦਰ ਦੇ ਨਿਰਦੇਸ਼ ਮੰਨਣ ਲਈ ਪਾਬੰਦ ਹਨ। ਜਸਟਿਸ ਅੱਗਰਵਾਲ ਨੇ ਚਿੱਠੀ 'ਚ ਕਿਹਾ ਹੈ ਕਿ ਨਜੀਬ ਜੰਗ ਕਹਿ ਕੇ ਉਪ ਰਾਜਪਾਲ ਦੇ ਅਹੁਦੇ ਦੀ ਘਟਾਈ ਕਰ ਰਹੇ ਹਨ। ਉਨ੍ਹਾ ਕਿਹਾ ਕਿ ਉਪ ਰਾਜਪਾਲ ਕੇਂਦਰ ਸਰਕਾਰ ਦੇ ਮੁਲਾਜ਼ਮ ਨਹੀਂ ਹਨ ਕਿ ਉਨ੍ਹਾ ਮੁਤਾਬਕ ਕੰਮ ਕਰਨ। ਕੇਂਦਰ ਨੇ ਇਸ ਜਾਂਚ ਕਮਿਸ਼ਨ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਸੀ। ਹੁਣ ਜਸਟਿਸ ਅੱਗਰਵਾਲ ਨੇ ਇਸ ਚਿੱਠੀ 'ਚ ਕਮਿਸ਼ਨ ਦੀ ਵੈਧਤਾ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾ ਲਿਖਿਆ ਹੈ ਕਿ ਅਦਾਲਤ ਨੇ ਜਾਂਚ ਕਮਿਸ਼ਨ ਦੇ ਕੰਮਕਾਜ 'ਤੇ ਕੋਈ ਰੋਕ ਨਹੀਂ ਲਾਈ ਹੈ ਅਤੇ ਇਸ ਲਈ ਕਮਿਸ਼ਨ ਨੂੰ ਗ਼ੈਰ-ਕਾਨੂੰਨੀ ਨਹੀਂ ਕਿਹਾ ਜਾ ਸਕਦਾ। ਜਸਟਿਸ ਅੱਗਰਵਾਲ ਨੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਉਪ ਰਾਜਪਾਲ ਗ੍ਰਹਿ ਮੰਤਰਾਲੇ ਦੇ ਹੁਕਮਾਂ ਨੂੰ ਮੰਨਣ ਲਈ ਪਾਬੰਦ ਨਹੀਂ ਹੈ। ਉਨ੍ਹਾ ਕਿਹਾ ਹੈ ਕਿ ਉਪ ਰਾਜਪਾਲ ਇੱਕ ਅਜ਼ਾਦ ਸੰਵਿਧਾਨਿਕ ਅਥਾਰਟੀ ਹੈ। ਜਸਟਿਸ ਅੱਗਰਵਾਲ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਉਪ ਰਾਜਪਾਲ ਇਸ ਮਾਮਲੇ ਦੀ ਜਾਂਚ 'ਚ ਸਹਿਯੋਗ ਕਰਨਗੇ।
ਜ਼ਿਕਰਯੋਗ ਹੈ ਕਿ 30 ਦਸੰਬਰ ਨੂੰ ਜਸਟਿਸ ਅੱਗਰਵਾਲ ਕਮਿਸ਼ਨ ਨੇ ਚਿੱਠੀ ਲਿਖ ਕੇ ਕਿਹਾ ਸੀ ਕਿ ਉਹ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਜਾਇੰਟ ਸੀ ਪੀ ਮੁਕੇਸ਼ ਮੀਣਾ ਤੋਂ ਜਾਂਚ ਲਈ ਜ਼ਰੂਰੀ ਦਸਤਾਵੇਜ਼ ਕਮਿਸ਼ਨ ਨੂੰ ਸੌਂਪਣ ਦੇ ਨਿਰਦੇਸ਼ ਦੇਣ, ਪਰ ਉਪ ਰਾਜਪਾਲ ਨੇ 8 ਜਨਵਰੀ ਨੂੰ ਇਹ ਮੰਗ ਖਾਰਜ ਕਰ ਦਿੱਤੀ ਸੀ।