ਸਟਾਰਟਅੱਪ ਦੀ ਸ਼ੁਰੂਆਤ; ਕਾਰੋਬਾਰੀਆਂ ਲਈ ਕਈ ਰਿਆਇਤਾਂ ਦਾ ਐਲਾਨ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਟਾਰਟਅੱਪ ਇੰਡੀਆ ਮੁਹਿੰਮ ਤਹਿਤ ਨਵੇਂ ਕਾਰੋਬਾਰੀਆਂ ਲਈ ਕਈ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ। ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੇ ਤਿੰਨ ਸਾਲਾਂ 'ਚ ਇਸ ਮੁਹਿੰਮ ਤਹਿਤ ਕਾਰੋਬਾਰ ਕਰਨ ਵਾਲੇ ਉਦਯੋਗਪਤੀਆਂ ਨੂੰ ਮੁਨਾਫੇ ਦਾ ਕੋਈ ਟੈਕਸ ਨਹੀਂ ਦੇਣਾ ਪਵੇਗਾ। ਉਨ੍ਹਾ ਐਲਾਨ ਕੀਤਾ ਕਿ ਇਸ ਮੁਹਿੰਮ ਵਿੱਚ ਭਾਈਵਾਲ ਬਣਨ ਵਾਲੇ ਕਾਰੋਬਾਰੀਆਂ ਲਈ ਅਗਲੇ ਚਾਰ ਸਾਲਾਂ 'ਚ 10 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਕਾਇਮ ਕੀਤਾ ਜਾਵੇਗਾ। ਮੋਦੀ ਨੇ ਕਿਹਾ ਕਿ ਅਗਲੇ ਤਿੰਨ ਸਾਲਾਂ ਵਿੱਚ ਸਟਾਰਟਅੱਪ ਮੁਹਿੰਮ ਤਹਿਤ ਕੰਮ ਸ਼ੁਰੂ ਕਰਨ ਵਾਲੇ ਉਦਮੀਆਂ ਦੀ ਕੋਈ ਜਾਂਚ ਨਹੀਂ ਹੋਵੇਗੀ। ਉਨ੍ਹਾ ਕਿਹਾ ਕਿ ਪੇਟੈਂਟ ਪ੍ਰਕਿਰਿਆ ਨੂੰ ਅਸਾਨ ਕੀਤਾ ਜਾਵੇਗਾ। ਮੋਦੀ ਨੇ ਐਲਾਨ ਕੀਤਾ ਕਿ ਪੇਟੈਂਟ ਦੀ ਫੀਸ ਵਿੱਚ 80 ਫੀਸਦੀ ਕਟੌਤੀ ਕੀਤੀ ਜਾਵੇ।
ਸਟਾਰਟ ਅੱਪ ਇੰਡੀਆ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਪ੍ਰਾਜੈਕਟ ਦੇ ਐਕਸ਼ਨ ਪਲਾਨ ਬਾਰੇ ਦੱਸਿਆ ਕਿ ਇਹ ਮੁਹਿੰਮ ਜ਼ਿੰਦਗੀ ਨੂੰ ਬਦਲ ਦੇਵੇਗੀ। ਉਨ੍ਹਾ ਕਿਹਾ ਕਿ ਕੋਈ ਨਵਾਂ ਕਾਰੋਬਾਰ ਜਾਂ ਰੋਜ਼ਗਾਰ ਸ਼ੁਰੂ ਕਰਨ ਲਈ ਬੈਂਕ ਬੈਂੇਲਸ ਦੀ ਨਹੀਂ, ਪਹਿਲਾਂ ਦ੍ਰਿੜ੍ਹ ਇਰਾਦੇ ਦੀ ਲੋੜ ਹੈ। ਮੋਦੀ ਨੇ ਕਿਹਾ ਕਿ ਸਾਰਿਆਂ ਨੂੰ ਇੱਕ ਸ਼ੁਰੂਆਤ ਦੀ ਲੋੜ ਹੁੰਦੀ ਹੈ। ਉਨ੍ਹਾ ਸਵਾਲ ਕੀਤਾ ਕਿ 70 ਸਾਲਾਂ 'ਚ ਕੀ ਹੋਇਆ ਅਤੇ ਕੀ ਕੀਤਾ ਗਿਆ। ਉਨ੍ਹਾ ਕਿਹਾ ਕਿ ਹੁਣ ਸਵਾਲ ਹੈ ਕਿ ਕੀ ਨਹੀਂ ਕਰਨਾ ਹੈ, ਇਹ ਦੇਖਣਾ ਹੈ। ਮੋਦੀ ਨੇ ਕਿਹਾ ਕਿ ਸਟਾਰਟ ਅੱਪ ਇੰਡੀਆ ਮੁਹਿੰਮ ਰਾਹੀਂ ਹਰ ਸਮੱਸਿਆ ਖਤਮ ਹੋਵੇਗੀ। ਰੋਜ਼ਗਾਰ ਦੇ ਮੌਕੇ ਪ੍ਰਦਾਨ ਹੋਣਗੇ ਅਤੇ ਉਦਮੀਆਂ ਨੂੰ ਹੱਲਾਸ਼ੇਰੀ ਮਿਲੇਗੀ। ਉਨ੍ਹਾ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਦੇਸ਼ ਦੇ ਹਰ ਨਗਰਿਕ ਤੱਕ ਪਹੁੰਚੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਟਾਰਟ ਅੱਪ ਇੰਡੀਆ ਦੀ ਮੁਹਿੰਮ ਰਾਹੀਂ ਸਟੈਂਡ ਅੱਪ ਇੰਡੀਆ ਮੁਹਿੰਮ ਜੋੜੇ ਜਾਣ ਦੀ ਲੋੜ ਹੈ। ਮੋਦੀ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਹੈ ਕਿ ਸਰਕਾਰ ਕਾਰੋਬਾਰੀ ਸਹੂਲਤਾਂ ਹੀ ਪ੍ਰਧਾਨ ਕਰੇ। ਉਨ੍ਹਾ ਐਲਾਨ ਕੀਤਾ ਕਿ ਅਗਲੇ ਤਿੰਨ ਸਾਲ ਤੱਕ ਕੋਈ ਵੀ ਇੰਸਪੈਕਟਰ ਕਾਰੋਬਾਰ ਨੂੰ ਚੈੱਕ ਕਰਨ ਨਹੀਂ ਆਵੇਗਾ। ਉਨ੍ਹਾ ਕਿਹਾ ਕਿ ਜਿਹੜੇ ਲੋਕਾਂ ਨੇ ਕੁਝ ਕਰਕੇ ਦਿਖਾਉਣ ਦੇ ਇਲਾਦੇ ਨਾਲ ਕੰਮ ਸ਼ੁਰੂ ਕੀਤਾ, ਉਹ ਅੱਜ ਕਰੋੜਪਤੀ ਬਣੇ ਹੋਏ ਹਨ। ਮੋਦੀ ਨੇ ਐਲਾਨ ਕੀਤਾ ਕਿ ਦੇਸ਼ ਵਿੱਚ ਸਟਾਰਟ ਅੱਪ ਹੱਬ ਬਣੇਗੀ ਅਤੇ 9 ਖੇਤਰਾਂ ਵਿੱਚ ਕੰਮ ਸ਼ੁਰੂ ਕਰਨ ਲਈ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੋਵੇਗੀ। ਉਨ੍ਹਾ ਕਿਹਾ ਕਿ ਹਰ ਸਾਲ ਕਿਸਾਨਾਂ ਦਾ ਅਨਾਜ ਬਰਬਾਦ ਹੋ ਜਾਂਦਾ ਹੈ ਅਤੇ ਇਸ ਬਾਰੇ ਨੌਜਵਾਨਾਂ ਨੂੰ ਸੋਚਣਾ ਚਾਹੀਦਾ ਹੈ। ਇਸ ਮੌਕੇ ਮੋਦੀ ਨੇ ਕਾਰੋਬਾਰੀਆਂ ਲਈ ਕਈ ਰਿਆਇਤਾਂ ਦੇਣ ਦਾ ਐਲਾਨ ਕੀਤਾ।