ਸਿਰਫ 62 ਲੋਕਾਂ ਕੋਲ ਹੈ ਦੁਨੀਆ ਦੀ ਅੱਧੀ ਦੌਲਤ

ਦੋਵਾਸ (ਨਵਾਂ ਜ਼ਮਾਨਾ ਸਰਵਿਸ)
ਭਾਰਤ ਅਤੇ ਦੁਨੀਆ ਦੇ ਹੋਰ ਦੇਸ਼ਾਂ 'ਚ ਆਮਦਨ ਵਿੱਚ ਅਸਮਾਨਤਾ ਦਾ ਫਾਸਲਾ ਘੱਟ ਹੋਣ ਦੀ ਬਜਾਏ ਹੋਰ ਵਧਿਆ ਹੈ। ਇੱਕ ਸਰਵੇਖਣ ਅਨੁਸਾਰ ਦੁਨੀਆ ਦੇ 62 ਸਭ ਤੋਂ ਅਮੀਰ ਲੋਕਾਂ ਦੇ ਕੋਲ ਦੁਨੀਆ ਭਰ ਦੇ ਗਰੀਬਾਂ ਦੀ 50 ਫੀਸਦੀ ਅਬਾਦੀ ਦੇ ਬਰਾਬਰ ਸੰਪਤੀ ਹੈ।
ਖਾਸ ਗੱਲ ਇਹ ਹੈ ਕਿ ਇਨ੍ਹਾਂ 62 ਅਮੀਰਾਂ ਵਿੱਚ ਔਰਤਾਂ ਦੀ ਗਿਣਤੀ ਸਰਫ 9 ਹੈ। ਸੰਨ 2010 ਤੋਂ ਇਨ੍ਹਾਂ ਅਮੀਰਾਂ ਦੀ ਸੰਪਤੀ ਕਰੀਬ 500 ਅਰਬ ਡਾਲਰ ਤੋਂ ਵੱਧ ਕੇ 1,760 ਅਰਬ ਡਾਲਰ ਹੋ ਗਈ ਹੈ। ਰਾਈਟਰਜ਼ ਸਮੂਹ ਆਕਸਫੈਮ ਦੇ ਅਧਿਐਨ ਵਿੱਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ 2010 ਦੇ ਬਾਅਦ ਤੋਂ ਦੁਨੀਆ ਦੀ ਸਭ ਤੋਂ ਗਰੀਬ ਅਬਾਦੀ 'ਚੋਂ 50 ਫੀਸਦੀ ਸੰਪਤੀ ਕਰੀਬ 1000 ਅਰਬ ਡਾਲਰ ਘਟੀ ਹੈ। ਭਾਵ ਉਸ ਦੀ ਸੰਪਤੀ 41 ਫੀਸਦੀ ਦੀ ਜ਼ੋਰਦਾਰ ਗਿਰਾਵਟ ਆਈ ਹੈ। ਸਮੀਖਿਆ ਅਧੀਨ ਮਿੱਥੇ ਸਮੇਂ ਵਿੱਚ ਦੁਨੀਆ ਭਰ ਦੀ ਅਬਾਦੀ ਵਿੱਚ 40 ਕਰੋੜ ਲੋਕਾਂ ਦਾ ਵਾਧਾ ਹੋਇਆ ਹੈ। ਇਹ ਰਿਪੋਰਟ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਪੰਜ ਰੋਜ਼ਾ ਵਿਸ਼ਵ ਆਰਥਿਕ ਮੰਚ (ਡਬਲਯੂ ਈ ਐੱਫ) ਦੇ ਸਾਲਾਨਾ ਸੰਮੇਲਨ ਤੋਂ ਪਹਿਲਾਂ ਜਾਰੀ ਕੀਤੀ ਗਈ ਹੈ। ਸਰਵੇਖਣ ਅਨੁਸਾਰ 2010 ਵਿੱਚ ਦੁਨੀਆ ਦੀ ਸਭ ਤੋਂ ਗਰੀਬ ਅਬਾਦੀ ਦੇ 50 ਫੀਸਦੀ ਦੇ ਕੋਲ ਜਿੰਨੀ ਧਨ ਰਾਸ਼ੀ ਸੀ, ਉਤਨੀ ਹੀ ਸੰਪਤੀ ਦੁਨੀਆ ਦੇ 388 ਸਭ ਤੋਂ ਜ਼ਿਆਦਾ ਅਮੀਰ ਲੋਕਾਂ ਦੇ ਕੋਲ ਸੀ। ਉਸ ਦੇ ਬਾਅਦ ਇਹ ਅੰਕੜਾ ਲਗਾਤਾਰ ਘਟ ਰਿਹਾ ਹੈ। 2011 ਵਿੱਚ ਇਹ ਘਟ ਕੇ 177 'ਤੇ ਆ ਗਿਆ, 2012 ਵਿੱਚ 159, 2013 'ਚ 92 ਅਤੇ 2014 'ਚ 80 'ਤੇ ਆ ਗਿਆ। ਸਰਵੇਖਣ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਵਧਦੀ ਆਮਦਨ ਅਸਮਾਨਤਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਦੇ ਅਨੁਸਾਰ ਭਾਰਤ ਦੀ ਵੱਡੀ ਆਈ ਟੀ ਕੰਪਨੀ ਦੇ ਸੀ ਈ ਓ ਦੀ ਤਨਖਾਹ ਉਸ ਦੇ ਆਮ ਕਰਮਚਾਰੀ ਦੀ ਤੁਲਨਾ ਵਿੱਚ 416 ਗੁਣਾ ਜ਼ਿਆਦਾ ਹੈ। ਇਸੇ ਤਰ੍ਹਾਂ ਸਭ ਤੋਂ ਵੱਡੇ ਸਿਗਰਟ ਨਿਰਮਾਤਾ ਦੀ ਤਨਖਾਹ ਮੱਧ ਵਰਗੀ ਕਰਮਚਾਰੀਆਂ ਤੋਂ 439 ਗੁਣਾ ਜ਼ਿਆਦਾ ਹੈ।
ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਵਿੱਚ 46 ਅਰਬਪਤੀਆਂ ਨੇ ਇਹ ਧਨ ਦੌਲਤ ਉਕਤ ਉਨ੍ਹਾਂ ਖੇਤਰਾਂ ਦੇ ਜਰੀਏ ਜੁਟਾਈ ਹੈ, ਜੋ ਬਾਜ਼ਾਰ ਤਾਕਤ, ਪ੍ਰਭਾਵ ਅਤੇ ਲਾਈਸੈਸਿੰਗ ਦੀ ਤਰਜੀਹੀ ਪਹੁੰਚ 'ਤੇ ਨਿਰਭਰ ਹੈ। ਇਸ ਦੇ ਨਾਲ ਹੀ ਰਿਪੋਰਟ 'ਚ ਭਾਰਤ ਦੀ ਇਸ ਗੱਲ ਦੇ ਲਈ ਸਰਾਹਨਾ ਕੀਤੀ ਗਈ ਹੈ ਕਿ ਇੱਥੇ ਖੁਲਾਸੇ ਨੂੰ ਅਧਿਕ ਜ਼ਰੂਰੀ ਕੀਤਾ ਗਿਆ ਹੈ। ਰਿਪੋਰਟ ਵਿੱਚ ਇਸ ਗੱਲ ਦਾ ਵੀ ਵਰਨਣ ਕੀਤਾ ਗਿਆ ਹੈ ਕਿ ਭਾਰਤ ਵਿੱਚ ਮਰੀਜ਼ਾਂ ਦੇ ਸਮੂਹ ਹੋਰ ਸਮਾਜਿਕ ਸੰਗਠਨਾਂ ਅਤੇ ਭਾਰਤ ਸਰਕਾਰ ਨੇ ਵੱਡੀਆਂ ਵਿਸ਼ਵ ਫਰਮਾਂ ਕੰਪਨੀਆਂ ਦੇ ਪ੍ਰਭਾਵ ਨੂੰ ਚੁਣੌਤੀ ਦਿੱਤੀ ਹੈ। ਲੋਕਾਂ ਨੂੰ ਤਰਜੀਹੀ ਅਧਾਰ 'ਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਆਕਸਫੈਮ ਨੇ ਇਸ ਬੇਹੱਦ ਅਸਮਾਨਤਾ ਦੀ ਸਥਿਤੀ ਨਾਲ ਨਿਪਟਣ ਦੇ ਲਈ ਤੁਰੰਤ ਕਾਰਵਾਈ ਦੀ ਜ਼ੂਰਰਤ ਦੱਸਿਆ ਹੈ।