ਖਡੂਰ ਸਾਹਿਬ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਅੱਜ ਤੋਂ

ਤਰਨ ਤਾਰਨ (ਸਾਗਰਦੀਪ ਅਰੋੜਾ)
ਬਲਵਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ 24-ਖਡੂਰ ਸਾਹਿਬ ਦੀ ਕਰਵਾਈ ਜਾ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੇ ਪ੍ਰੋਗਰਾਮ ਅਨੁਸਾਰ 20 ਜਨਵਰੀ ਤੋਂ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਸਕਣਗੇ। ਉਨ੍ਹਾ ਦੱਸਿਆ ਕਿ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਅਦਾਲਤ ਉੱਪ ਮੰਡਲ ਮੈਜਿਸਟ੍ਰੇਟ, ਖਡੂਰ ਸਾਹਿਬ ਵਿਖੇ ਨਵੇਂ ਬਣੇ ਖਡੂਰ ਸਾਹਿਬ ਉੱਪ ਮੰਡਲ ਪ੍ਰਸ਼ਾਸਕੀ ਕੰਪਲੈਕਸ ਵਿਚ ਦਾਖਲ ਕਰਵਾ ਸਕਦੇ ਹਨ।
ਸ੍ਰੀ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ 20 ਜਨਵਰੀ ਨੂੰ ਗਜ਼ਟਿਡ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਸਕਣਗੇ ਅਤੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ 27 ਜਨਵਰੀ ਹੋਵੇਗੀ। ਉਨ੍ਹਾ ਦੱਸਿਆ ਕਿ 28 ਜਨਵਰੀ ਨੂੰ ਉਮੀਦਵਾਰਾਂ ਵੱਲੋਂ ਦਾਖਲ ਕਰਵਾਏ ਗਏ ਕਾਗਜ਼ਾਂ ਦੀ ਜਾਂਚ-ਪੜਤਾਲ ਕੀਤੀ ਜਾਵੇਗੀ ਅਤੇ 30 ਜਨਵਰੀ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਸਕਣਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 24-ਖਡੂਰ ਸਾਹਿਬ ਲਈ ਵੋਟਾਂ 13 ਫਰਵਰੀ (ਸ਼ਨੀਵਾਰ) ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 16 ਫਰਵਰੀ (ਮੰਗਲਵਾਰ) ਨੂੰ ਹੋਵੇਗੀ। ਉਨ੍ਹਾ ਦੱਸਿਆ ਕਿ ਇਹ ਸਮੁੱਚਾ ਚੋਣ ਅਮਲ 18 ਫਰਵਰੀ ਨੂੰ ਮੁਕੰਮਲ ਹੋਵੇਗਾ।