ਸਲਵਿੰਦਰ ਦੀ ਹੋ ਸਕਦੀ ਹੈ ਬਰੇਨ ਮੈਪਿੰਗ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪਠਾਨਕੋਟ ਅੱਤਵਾਦੀ ਹਮਲੇ ਦੇ ਮਾਮਲੇ 'ਚ ਗੁਰਦਾਸਪੁਰ ਦੇ ਐਸ ਪੀ ਸਲਵਿੰਦਰ ਸਿੰਘ ਦਾ ਮੰਗਲਵਾਰ ਨੂੰ ਕੇਂਦਰੀ ਜਾਂਚ ਏਜੰਸੀ ਐਨ ਆਈ ਏ ਨੇ ਲਾਈ ਡਿਟੈਕਟਰ ਟੈਸਟ ਲਿਆ। ਸਮਝਿਆ ਜਾਂਦਾ ਹੈ ਕਿ ਐਨ ਆਈ ਏ ਨੂੰ ਇਸ ਟੈਸਟ ਦੌਰਾਨ ਸਲਵਿੰਰ ਸਿੰਘ ਤੋਂ ਸਾਰੇ ਘਟਨਾਕ੍ਰਮ ਅਤੇ ਅੱਤਵਾਦੀ ਹਮਲੇ ਬਾਰੇ ਅਹਿਮ ਸੁਰਾਗ ਮਿਲੇ ਹਨ। ਇਹ ਟੈਸਟ ਐਨ ਆਈ ਏ ਦੇ ਦਿੱਲੀ ਵਿਚਾਲੇ ਦਫਤਰ 'ਚ ਕੀਤਾ ਗਿਆ। ਖ਼ਬਰਾਂ ਮੁਤਾਬਕ ਸਲਵਿੰਦਰ ਦਾ ਏਮਜ਼ 'ਚ ਬਰੇਨ ਮੈਪਿੰਗ ਟੈੱਸਟ ਵੀ ਕਰਵਾਇਆ ਜਾ ਸਕਦਾ ਹੈ। ਸਲਵਿੰਦਰ ਵੱਲੋਂ ਪੁੱਛਗਿੱਛ ਦੌਰਾਨ ਕਈ ਵਾਰੀ ਬਿਆਨ ਬਦਲੇ ਜਾਣ ਕਾਰਨ ਲਗਾਤਾਰ ਕਈ ਤਰ੍ਹਾਂ ਦੇ ਸ਼ੰਕੇ ਖੜੇ ਹੁੰਦੇ ਜਾ ਰਹੇ ਹਨ, ਜਿਸ ਕਾਰਨ ਉਸ ਦਾ ਝੂਠ ਫੜਨ ਵਾਲਾ ਟੈਸਟ ਕਰਵਾਉਣਾ ਪਿਆ। ਝੂਠ ਫੜਨ ਵਾਲਾ ਟੈੱਸਟ ਕਰਵਾਉਣ ਦੇ ਫੈਸਲੇ ਦਾ ਮਤਲਬ ਇਹ ਹੁੰਦਾ ਹੈ ਕਿ ਸੰਬੰਧਤ ਵਿਅਕਤੀ 'ਤੇ ਕੇਵਲ ਸ਼ੱਕ ਹੀ ਨਹੀਂ, ਸਗੋਂ ਉਹ ਬਹੁਤ ਵੱਡੇ ਸ਼ੱਕ ਦੇ ਘੇਰੇ 'ਚ ਆ ਚੁੱਕਾ ਹੈ ਅਤੇ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ। ਕੱਲ੍ਹ ਅਦਾਲਤ ਨੇ ਸਲਵਿੰਦਰ ਦਾ ਲਾਈ ਡਿਟੈਕਟਰ ਟੈਸਟ ਕਰਾਉਣ ਦੀ ਆਗਿਆ ਦੇ ਦਿੱਤੀ ਸੀ। ਹੁਣ ਗੱਲ ਸਾਹਮਣੇ ਆਈ ਹੈ ਕਿ ਅਗਵਾ ਕੀਤੇ ਜਾਣ ਵਾਲੀ ਰਾਤ ਐਸ ਪੀ ਸਲਵਿੰਦਰ ਸਿੰਘ ਪੇਮੈਂਟ ਲੈਣ ਗਿਆ ਸੀ।
ਸੂਤਰਾਂ ਮੁਤਾਬਕ ਜਾਂਚ ਅਫਸਰਾਂ ਨੂੰ ਕਈ ਥਾਵਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਸਲਵਿੰਦਰ ਸਿੰਘ ਦੇ ਤਾਰ ਤਸਕਰਾਂ ਦੀ ਸਿੰਡੀਕੇਟ ਨਾਲ ਜੁੜੇ ਹੋਏ ਸਨ। ਦੱਸਿਆ ਡਾਟਾ ਹੈ ਕਿ ਉਹ ਸਮੱਗਲਰਾਂ ਦੀ ਪਾਕਿਸਤਾਨ ਤੋਂ ਆਉਣ ਵਾਲੀ ਖੇਪ ਨੂੰ ਇਸ ਪਾਸੇ ਲਿਆਉਣ, ਕੁਝ ਦਿਨ ਲੁਕਾਉਣ ਅਤੇ ਫੇਰ ਖੇਪ ਨੂੰ ਅੱਗੇ ਪਹੁੰਚਾਉਣ 'ਚ ਮਦਦ ਕਰਦਾ ਸੀ। ਇਸ ਦੇ ਇਵਜ਼ 'ਚ ਉਸ ਨੂੰ ਹੀਰੇ, ਸੋਨਾ ਅਤੇ ਪੇਮੈਂਟ ਮਿਲਦੀ ਸੀ। ਇਸ ਸਿੰਡੀਕੇਟ 'ਚ ਰਾਜੇਸ਼ ਵਰਮਾ ਤੋਂ ਇਲਾਵਾ ਦੋ ਹੋਰ ਸੁਨਿਆਰੇ ਵੀ ਸ਼ਾਮਲ ਦੱਸੇ ਜਾਂਦੇ ਹਨ। ਸਲਵਿੰਦਰ ਸਿੰਘ ਕੰਮ 'ਚ ਆਪਣੇ ਦੋ ਰਸੋਈਆਂ ਤੋਂ ਇਲਾਵਾ ਦੋ ਤਿੰਨ ਸਥਾਨਕ ਬੰਦਿਆਂ ਦੀ ਮਦਦ ਵੀ ਲੈਂਦਾ ਸੀ। ਨਸ਼ੀਲੇ ਪਦਾਰਥਾਂ ਦੇ ਵੱਡੇ ਕਾਰੋਬਾਰੀਆਂ ਤੋਂ ਇਲਾਵਾ ਸਲਵਿੰਦਰ ਛੋਟੇ ਸਮੱਗਲਰਾਂ ਦੀ ਵੀ ਮਦਦ ਕਰਦਾ ਸੀ।
ਇਸ ਸਿੰਡੀਕੇਟ ਬਾਰੇ ਐਨ ਆਈ ਏ ਨੂੰ ਅਹਿਮ ਜਾਣਕਾਰੀ ਮਿਲੀ ਹੈ। ਜਾਂਚ ਤੋਂ ਇਹ ਪਤਾ ਲੱਗਿਆ ਹੈ ਕਿ ਉਹ ਰਾਤ ਸਲਵਿੰਦਰ ਆਪਣੇ ਕੁੱਕ ਅਤੇ ਦੋਸਤ ਰਾਜੇਸ਼ ਨੂੰ ਲੈ ਕੇ ਦਰਗਾਹ ਵਿਖੇ ਪੇਮੈਂਟ ਲੈਣ ਗਿਆ ਸੀ, ਜਿਸ ਦੀ ਖੇਪ ਅੱਗੇ ਪਹੁੰਚਾਈ ਜਾਣੀ ਸੀ।
ਜਾਂਚ ਅਫਸਰ ਸਲਵਿੰਦਰ ਸਿੰਘ ਦੇ ਵਿਦੇਸ਼ ਦੌਰਿਆਂ ਅਤੇ ਉਥੇ ਹੋਏ ਲੈਣ-ਦੇਣ ਦੀ ਵੀ ਜਾਂਚ ਕਰ ਰਹੇ ਹਨ। ਸਲਵਿੰਦਰ ਨੇ ਅਜੇ ਤੱਕ ਕੁਝ ਵੀ ਸਵੀਕਾਰ ਨਹੀਂ ਕੀਤਾ ਹੈ, ਉਹ ਜਾਂਚ ਅਫਸਰਾਂ ਦੇ ਸਵਾਲਾਂ ਨੂੰ ਘੁੰਮਾ ਦਿੰਦਾ ਹੈ ਜਾਂ ਫੇਰ ਜਵਾਬ ਨਹੀਂ ਦਿੰਦਾ।
ਸਲਵਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਇਸ ਦਰਗਾਹ ਤੋਂ ਪਰਤਦਿਆਂ ਅੱਤਵਾਦੀਆਂ ਨੇ ਉਸ ਨੂੰ ਗੱਡੀ ਸਮੇਤ ਅਗਵਾ ਕਰ ਲਿਆ ਸੀ, ਉਸ ਮੌਕੇ ਉਸ ਨਾਲ ਉਸ ਦਾ ਕੁੱਕ ਮਦਨ ਗੋਪਾਲ ਅਤੇ ਸੁਨਿਆਰਾ ਰਾਜੇਸ਼ ਵਰਮਾ ਵੀ ਸਨ। ਤਿੰਨਾਂ ਤੋਂ ਵੱਖਰੇ-ਵੱਖਰੇ ਕੀਤੀ ਗਈ ਪੁੱਛਗਿੱਛ ਦੌਰਾਨ ਬਿਆਨਾਂ 'ਚ ਕਾਫੀ ਫਰਕ ਪਾਇਆ ਗਿਆ ਸੀ। ਐਨ ਆਈ ਏ ਇਹਨਾਂ ਤਿੰਨਾਂ ਤੋਂ ਇਲਾਵਾ ਮਜ਼ਾਰ ਦੇ ਸੇਵਾਦਾਰ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।