ਅਸ਼ੋਕ ਵਾਜਪਾਈ ਨੇ ਵਾਪਸ ਕੀਤੀ ਡੀ ਲਿਟ ਦੀ ਉਪਾਧੀ

ਨਵੀਂ ਦਿੱਲੀ/ਹੈਦਰਾਬਾਦ (ਨਵਾਂ ਜ਼ਮਾਨਾ ਸਰਵਿਸ)
ਹੈਦਰਾਬਾਦ ਯੂਨੀਵਰਸਿਟੀ 'ਚ ਇਕ ਦਲਿਤ ਵਿਦਿਆਰਥੀ ਵੱਲੋਂ ਕੀਤੀ ਗਈ ਖੁਦਕੁਸ਼ੀ ਵਿਰੁੱਧ ਦੇਸ਼ ਭਰ 'ਚ ਜ਼ਬਰਦਸਤ ਰੋਹ ਪੈਦਾ ਹੋ ਗਿਆ ਹੈ। ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਜਿੱਥੇ ਕੇਂਦਰੀ ਮੰਤਰੀ ਬੰਡਾਰੂ ਦੱਤਾਤ੍ਰੇਯ 'ਤੇ ਇਸ ਮਾਮਲੇ 'ਚ ਲੱਗੇ ਦੋਸ਼ਾਂ ਨੂੰ ਲੈ ਕੇ ਮੋਦੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ, ਉਥੇ ਵਿਦਿਆਰਥੀ ਜਥੇਬੰਦੀਆਂ ਨੇ ਦੇਸ਼ ਭਰ 'ਚ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਹਨ। ਇਸ ਰੋਹ ਨੂੰ ਹੋਰ ਤਿੱਖਾ ਕਰਦਿਆਂ ਉਘੇ ਲੇਖਕ ਅਸ਼ੋਕ ਵਾਜਪਾਈ ਨੇ ਮੰਗਲਵਾਰ ਨੂੰ ਆਪਣੀ ਡੀ ਲਿਟ ਦੀ ਇਹ ਉਪਾਧੀ ਵਾਪਸ ਕਰ ਦਿੱਤੀ ਹੈ, ਜਿਹੜੀ ਉਨ੍ਹਾਂ ਨੂੰ ਹੈਦਰਾਬਾਦ ਯੂਨੀਵਰਸਿਟੀ ਨੇ ਦਿੱਤੀ ਸੀ।
ਅਨੁਸੂਚਿਤ ਜਾਤੀਆਂ ਬਾਰੇ ਕੌਮੀ ਕਮਿਸ਼ਨ ਨੇ ਦਲਿਤ ਵਿਦਿਆਰਥੀ ਦੀ ਖੁਦਕੁਸ਼ੀ ਦੇ ਮਾਮਲੇ ਦੀ ਜਾਂਚ ਦੀ ਰਫਤਾਰ ਉਪਰ ਨਾਖੁਸ਼ੀ ਜ਼ਾਹਿਰ ਕੀਤੀ ਹੈ। ਕਮਿਸ਼ਨ ਦੇ ਚੇਅਰਮੈਨ ਪੀ ਐਲ ਪੂਨੀਆ ਨੇ ਕਿਹਾ ਹੈ ਕਿ ਕਮਿਸ਼ਨ ਵੱਲੋਂ ਜਾਂਚ ਦੀ ਪ੍ਰਗਤੀ ਉਪਰ ਨੇੜਲੀ ਨਜ਼ਰ ਰੱਖੀ ਜਾਵੇਗੀ। ਉਨ੍ਹਾ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਤੁਰੰਤ ਜਾਂਚ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਤਲਬ ਕੀਤੇ ਜਾਣ ਤੋਂ ਕੋਈ ਹਿਚਕਚਾਹਟ ਨਹੀਂ ਕੀਤੀ ਜਾਵੇਗੀ। ਇਸੇ ਦੌਰਾਨ ਹੈਦਰਾਬਾਦ ਪੁਲਸ ਨੇ ਤੱਥਾਂ ਦੇ ਆਧਾਰ 'ਤੇ ਇਸ ਮਾਮਲੇ ਦੀ ਰਿਪੋਰਟ ਤਿਆਰ ਕਰਕੇ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਹੈ। ਰੋਹਿਤ ਦੀ ਖੁਦਕੁਸ਼ੀ ਦ ਵਿਰੁੱਧ ਥਾਂ-ਥਾਂ ਰੋਸ ਮੁਜ਼ਾਹਰੇ ਹੋ ਰਹੇ ਹਨ ਅਤੇ ਲੋਕਾਂ ਵੱਲੋਂ ਬੰਡਾਰੂ ਤੇ ਸਮਰਿਤੀ ਇਰਾਨੀ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਇੱਕ ਵਿਦਿਆਰਥੀ ਜਥੇਬੰਦੀ ਨੇ ਵੀ ਸੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ 'ਚ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਾਇੰਟ ਐਕਸ਼ਨ ਕਮੇਟੀ ਦੀ ਆਗੂ ਅਰਪਿਤਾ ਨੇ ਕਿਹਾ ਕਿ ਜਦੋਂ ਤੱਕ ਵਾਈਸ ਚਾਂਸਲਰ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੰਦੇ, ਉਦੋਂ ਤੱਕ ਕਲਾਸਾਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ। ਐਕਸ਼ਨ ਕਮੇਟੀ ਕੇਂਦਰ ਸਰਕਾਰ ਵੱਲੋਂ ਮਾਮਲੇ ਦੀ ਜਾਂਚ ਲਈ ਮੌਕੇ 'ਤੇ ਭੇਜੀ ਗਈ ਦੋ ਮੈਂਬਰੀ ਤੱਥ ਖੋਜ ਕਮੇਟੀ ਨਾਲ ਵੀ ਮੁਲਾਕਾਤ ਕਰੇਗੀ।
ਸੱਤਾਧਾਰੀ ਤਿਲੰਗਾਨਾ ਰਾਸ਼ਟਰੀ ਸੰਮਤੀ ਨਾਲ ਜੁੜੇ ਇੱਕ ਸੱਭਿਆਚਾਰਕ ਵਿੰਗ ਤਿਲੰਗਾਨਾ ਜਾਗਰਿਤੀ ਯੁਵਾ ਮੋਰਚਾ ਨੇ ਰਾਮਨਗਰ 'ਚ ਦੱਤਾਤ੍ਰੇਅ ਦੀ ਰਿਹਾਇਸ਼ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ। ਇਹਨਾ ਮੁਜ਼ਾਹਰਾਕਾਰੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਪੁਲਸ ਉਨ੍ਹਾ ਨੂੰ ਫੜ ਕੇ ਥਾਣੇ ਲੈ ਗਈ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਵਿਦਿਆਰਥੀ ਦੀ ਖੁਦਕੁਸ਼ੀ ਬਹੁਤ ਹੀ ਮੰਦਭਾਗੀ ਘਟਨਾ ਹੈ। ਪੁਣੇ 'ਚ ਫਿਲਮ ਅਤੇ ਟੈਨੀਵਿਜ਼ਨ ਇੰਸਟੀਚਿਊਟ ਦੇ ਵਿਦਿਆਰਥੀ ਭੁੱਖ ਹੜਤਾਲ 'ਤੇ ਬੈਠ ਗਏ ਹਨ ਅਤੇ ਉਨ੍ਹਾ ਨੇ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦੇ ਪਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਉਧਰ ਮੁੰਬਈ 'ਚ ਵੀ ਵਿਦਿਆਰਥੀਆਂ ਨੇ ਇਸ ਘਟਨਾ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ।
ਐਨ ਸੀ ਪੀ ਦੇ ਵਿਦਿਆਰਥੀ ਵਿੰਗ ਨੇ ਮਹਾਂਰਾਸ਼ਟਰ ਅਤੇ ਦਿੱਲੀ 'ਚ ਕਈ ਥਾਵਾਂ 'ਤੇ ਰੋਸ ਮੁਜ਼ਾਹਰੇ ਕੀਤੇ। ਐਨ ਐਸ ਯੂ ਆਈ ਅਤੇ ਆਮ ਆਦਮੀ ਪਾਰਟੀ ਵੱਲੋਂ ਸਮਰਿਤੀ ਇਰਾਨੀ ਦੇ ਦਫ਼ਤਰ ਅਤੇ ਜੰਤਰ ਮੰਤਰ ਵਿਖੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ।
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਹੈਦਰਾਬਾਦ ਪਹੁੰਚੇ ਅਤੇ ਉਹ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਮਿਲੇ।
ਰਾਹੁਲ ਗਾਂਧੀ ਨੇ ਕਿਹਾ ਕਿ ਵਿਦਿਆਰਥੀ ਬੇਇਨਸਾਫ਼ੀ ਅਤੇ ਦਲਿਤ ਵਿਦਿਆਰਥੀਆਂ ਦੇ ਸਮਾਜਿਕ ਬਾਈਕਾਟ ਵਿਰੁੱਧ ਅੰਦੋਲਨ ਕਰ ਰਹੇ ਹਨ। ਕਾਂਗਰਸ ਤੇ ਆਪ ਨੇ ਇਸ ਮਾਮਲੇ 'ਚ ਇੱਕ ਕੇਂਦਰੀ ਮੰਤਰੀ-ਬੰਡਾਰੂ ਦੱਤਾਤ੍ਰੇਅ ਦਾ ਨਾਂਅ ਆਉਣ ਤੋਂ ਬਾਅਦ ਮੋਦੀ ਸਰਕਾਰ ਉਪਰ ਹਮਲੇ ਤੇਜ਼ ਕਰ ਦਿੱਤੇ ਹਨ। ਕਾਂਗਰਸ ਨੇ ਮੋਦੀ ਸਰਕਾਰ ਨੂੰ ਦਲਿਤ ਵਿਰੋਧੀ ਕਰਾਰ ਦਿੰਦਿਆਂ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਸੀ ਪੀ ਐਮ ਅਤੇ ਵਾਈ ਆਰ ਐਸ ਕਾਂਗਰਸ ਨੇ ਵੀ ਇਸ ਮਸਲੇ 'ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਘਟਨਾ ਨੂੰ ਲੋਕਤੰਤਰ ਦਾ ਕਤਲ ਦਸਦਿਆਂ ਮੰਤਰੀ ਤੋਂ ਅਸਤੀਫ਼ਾ ਲੈਣ ਦੀ ਮੰਗ ਕੀਤੀ ਹੈ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਹੈ ਕਿ ਇਹ ਖੁਦਕੁਸ਼ੀ ਨਹੀਂ ਕਤਲ ਹੈ ਅਤੇ ਇਹ ਲੋਕਤੰਤਰ ਸਮਾਜਿਕ ਨਿਆਂ ਅਤੇ ਬਰਾਬਰੀ ਦੇ ਅਧਿਕਾਰ ਦਾ ਕਤਲ ਹੈ।
ਪੁਲਸ ਨੇ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਦੇ ਮਾਮਲੇ 'ਚ ਕੇਂਦਰੀ ਮੰਤਰੀ ਬੰਡਾਰੂ ਦੱਤਾਤ੍ਰੇਅ, ਭਾਜਪਾ ਦੇ ਐਮ ਐਲ ਸੀ ਰਾਮਚੰਦਰ ਰਾਓ, ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਮੇਤ 4 ਜਣਿਆਂ ਵਿਰੁੱਧ ਪਰਚਾ ਦਰਜ ਕੀਤਾ ਹੈ। ਦੱਤਾਤ੍ਰੇਅ ਉੱਪਰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਲੱਗੇ ਹਨ। ਕੇਂਦਰੀ ਮੰਤਰੀ ਅਤੇ ਵੀ ਸੀ ਨੂੰ ਹਟਾਉਣ ਲਈ ਦਿੱਲੀ ਅਤੇ ਹੈਦਰਾਬਾਦ 'ਚ ਰੋਸ ਪ੍ਰਦਰਸ਼ਨ ਹੋ ਰਹੇ ਹਨ, ਹਾਲਾਂਕਿ ਬੰਡਾਰੂ ਨੇ ਆਪਣੇ ਉਪਰ ਲੱਗੇ ਦੋਸ਼ ਨੂੰ ਨਕਾਰਿਆ ਹੈ।
ਬੰਡਾਰੂ ਨੇ ਈ ਏ ਬੀ ਵੀ ਪੀ ਸਟੂਡੈਟ ਦੀ ਕੁੱਟਮਾਰ ਦੇ ਮਾਮਲੇ 'ਚ ਪਿਛਲੇ ਸਾਲ ਅਗਸਤ 'ਚ ਸਮਰਿਤੀ ਇਰਾਨੀ ਨੂੰ ਪੱਤਰ ਲਿਖ ਕੇ ਕਾਰਵਾਈ ਕਰਨ ਨੂੰ ਆਖਿਆ ਸੀ। ਇਸ ਤੋਂ ਬਾਅਦ ਰੋਹਿਤ ਸਮੇਤ 35 ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ। ਦਲਿਤ ਵਿਦਿਆਰਥੀ ਦੀ ਖੁਦਕੁਸ਼ੀ ਦੇ ਵਿਰੋਧ 'ਚ ਪੁਣੇ ਦੇ ਐਫ਼ ਟੀ ਆਈ ਆਈ ਦੇ ਵਿਦਿਆਰਥੀਆਂ ਨੇ ਵੀ ਹੜਤਾਲ ਸ਼ੁਰੂ ਕਰ ਦਿੱਤੀ ਹੈ।