ਬੱਚਾ ਖ਼ਾਨ ਯੂਨੀਵਰਸਿਟੀ ਦਾ ਦੁਖਾਂਤ

ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਪਾਕਿਸਤਾਨ ਦੀ ਬੱਚਾ ਖ਼ਾਨ ਯੂਨੀਵਰਸਿਟੀ ਵਿੱਚ ਬੁੱਧਵਾਰ ਦੇ ਦਿਨ ਹੋਏ ਹਮਲੇ ਵਿੱਚ ਕਿੰਨੇ ਲੋਕ ਮਾਰੇ ਗਏ ਹਨ? ਇਹ ਗਿਣਤੀ ਵੀਹ ਤੋਂ ਸ਼ੁਰੂ ਹੋ ਕੇ ਇਕੱਤੀ ਤੱਕ ਪਹੁੰਚ ਰਹੀ ਹੈ। ਇੱਕੀ ਹੋਣ ਜਾਂ ਇਕੱਤੀ, ਮਰਨ ਵਾਲੇ ਇਨਸਾਨ ਸਨ। ਉਸ ਯੂਨੀਵਰਸਿਟੀ ਵਿੱਚ ਇੱਕ ਮੁਸ਼ਾਇਰਾ ਵੀ ਅੱਜ ਹੀ ਸੀ ਤੇ ਕਾਫ਼ੀ ਸਾਰੇ ਲੋਕ ਇਸ ਦੇ ਬਾਹਰ ਤੋਂ ਵੀ ਆਏ ਦੱਸੇ ਗਏ ਸਨ। ਇਸ ਦਹਿਸ਼ਤਗਰਦ ਹਮਲੇ ਦੀ ਮਾਰ ਹੇਠ ਆਏ ਲੋਕਾਂ ਵਿੱਚੋਂ ਕੌਣ ਕਿੱਥੋਂ ਦਾ ਸੀ, ਇਸ ਦੇ ਵੇਰਵੇ ਅਜੇ ਤੱਕ ਪੂਰੇ ਨਹੀਂ ਮਿਲ ਸਕੇ, ਪਰ ਸਮੁੱਚਾ ਮੀਡੀਆ ਇਹ ਦੱਸੀ ਜਾ ਰਿਹਾ ਹੈ ਕਿ ਦਹਿਸ਼ਤਗਰਦਾਂ ਨੇ ਕਾਰਵਾਈ ਬਹੁਤ ਬੇਰਹਿਮੀ ਨਾਲ ਕੀਤੀ ਹੈ।
ਦਹਿਸ਼ਤਗਰਦ ਹੁੰਦੇ ਹੀ ਬੇਰਹਿਮ ਹਨ। ਉਹ ਆਪਣੀ ਹਰ ਕਾਰਵਾਈ ਵਿੱਚ ਪਹਿਲਾਂ ਤੋਂ ਵੱਧ ਬੇਰਹਿਮੀ ਨਾਲ ਪੇਸ਼ ਆਉਂਦੇ ਹਨ। ਇਸ ਦਾ ਕਾਰਨ ਇਹ ਕਿ ਉਹ ਦਹਿਸ਼ਤ ਹੋਰ ਤੋਂ ਹੋਰ ਵਧਾਉਣਾ ਚਾਹੁੰਦੇ ਹਨ। ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ, ਜਦੋਂ ਉਨ੍ਹਾਂ ਨੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਰਾਜ ਦੀ ਰਾਜਧਾਨੀ ਪੇਸ਼ਾਵਰ ਦੇ ਮਿਲਟਰੀ ਸਕੂਲ ਉੱਤੇ ਹਮਲਾ ਕੀਤਾ ਸੀ। ਉਸ ਕਾਂਡ ਵਿੱਚ ਡੇਢ ਸੌ ਦੇ ਕਰੀਬ ਲੋਕ ਮਾਰੇ ਗਏ ਸਨ। ਮ੍ਰਿਤਕਾਂ ਵਿੱਚ ਇੱਕ ਸੌ ਚਾਲੀ ਦੇ ਕਰੀਬ ਬੱਚੇ ਸਨ ਅਤੇ ਬਾਕੀ ਲੋਕਾਂ ਵਿੱਚ ਸਕੂਲ ਦੀ ਪ੍ਰਿੰਸੀਪਲ ਸਮੇਤ ਸਟਾਫ ਦੇ ਕਈ ਮੈਂਬਰ ਵੀ ਮੌਤ ਦੇ ਮੂੰਹ ਜਾ ਪਏ ਸਨ। ਜਿਹੜੇ ਪੇਸ਼ਾਵਰ ਸ਼ਹਿਰ ਵਿੱਚ ਉਹ ਦੁਖਾਂਤ ਹੋਇਆ ਸੀ, ਉਸ ਤੋਂ ਮਸਾਂ ਪੰਜਾਹ ਕਿਲੋਮੀਟਰ ਦੂਰ ਚਰਸਦਾ ਕਸਬੇ ਵਿਚਲੀ ਬੱਚਾ ਖ਼ਾਨ ਯੂਨੀਵਰਸਿਟੀ ਉੱਤੇ ਹਮਲਾ ਕਰ ਕੇ ਕਈ ਲੋਕਾਂ ਨੂੰ ਅੱਜ ਮਾਰ ਦਿੱਤਾ ਗਿਆ ਹੈ। ਇਨ੍ਹਾਂ ਮੌਤਾਂ ਦਾ ਸਾਰੇ ਸੰਸਾਰ ਵਿੱਚ ਦੁੱਖ ਮਨਾਇਆ ਜਾਵੇਗਾ।
ਜਦੋਂ ਤੇ ਜਿੱਥੇ ਕਿਤੇ ਦਹਿਸ਼ਤਗਰਦੀ ਦੀ ਕੋਈ ਘਟਨਾ ਵਾਪਰਦੀ ਹੈ, ਉਸ ਦਾ ਸੰਸਾਰ ਦੇ ਸਾਊ ਲੋਕਾਂ ਨੂੰ ਦੁੱਖ ਹੁੰਦਾ ਹੈ ਤੇ ਜਦੋਂ ਕਿਸੇ ਥਾਂ ਜ਼ਿਆਦੇ ਲੋਕ ਇਕੱਠੇ ਮਾਰੇ ਜਾਣ ਤਾਂ ਇਹ ਦੁੱਖ ਵਧ ਜਾਂਦਾ ਹੈ। ਜਿਹੜੀ ਘਟਨਾ ਅੱਜ ਵਾਪਰੀ ਹੈ, ਉਸ ਦਾ ਦੁੱਖ ਇੱਕ ਹੋਰ ਗੱਲੋਂ ਵੀ ਵੱਧ ਮਹਿਸੂਸ ਹੁੰਦਾ ਹੈ। ਬੱਚਾ ਖ਼ਾਨ ਯੂਨੀਵਰਸਿਟੀ ਨਾਂਅ ਦਾ ਇਹ ਅਦਾਰਾ ਸਾਂਝੇ ਭਾਰਤ ਦੀ ਆਜ਼ਾਦੀ ਦੇ ਇੱਕ ਹੀਰੋ ਸਰਹੱਦੀ ਗਾਂਧੀ ਖ਼ਾਨ ਅਬਦੁੱਲ ਗਫਾਰ ਖ਼ਾਨ ਦੀ ਯਾਦ ਵਿੱਚ ਬਣਾਇਆ ਗਿਆ ਸੀ। ਸਰਹੱਦੀ ਗਾਂਧੀ ਨੂੰ ਆਮ ਲੋਕਾਂ ਵਿੱਚ ਉਸ ਲਈ ਪਿਆਰ ਵਜੋਂ ਸਥਾਨਕ ਭਾਸ਼ਾ ਦੇ ਵਿੱਚ ਬੱਚਾ ਖ਼ਾਨ ਕਿਹਾ ਜਾਂਦਾ ਸੀ। ਦੇਸ਼ ਦੀ ਵੰਡ ਪਿੱਛੋਂ ਵੀ ਉਸ ਦੀ ਦੋਵੇਂ ਪਾਸੇ ਇੱਜ਼ਤ ਸੀ। ਯੂਨੀਵਰਸਿਟੀ ਦੇ ਰਿਕਾਰਡ ਵਿੱਚ ਇਹ ਵੀ ਦਰਜ ਹੈ ਕਿ ਇਸ ਦੀ ਸਥਾਪਨਾ ਕਰਨ ਵੇਲੇ ਖ਼ਾਨ ਅਬਦੁੱਲ ਗਫਾਰ ਖ਼ਾਨ ਦੀ ਸੋਚਣੀ ਮੁਤਾਬਕ ਇਹ ਨਿਸ਼ਾਨਾ ਮਿਥਿਆ ਗਿਆ ਸੀ ਕਿ ਇਹ ਸਾਰੇ ਲੋਕਾਂ ਵਿੱਚ ਭਾਈਚਾਰਕ ਭਾਵਨਾਵਾਂ ਨੂੰ ਉਤਸ਼ਾਹਤ ਕਰੇਗੀ। ਇਸ ਦੇ ਨਿਸ਼ਾਨਿਆਂ ਵਿੱਚ ਸਿਰਫ਼ ਪਾਕਿਸਤਾਨ ਦੇ ਅੰਦਰ ਵਿੱਦਿਆ ਫੈਲਾਉਣ ਤੱਕ ਦੀ ਗੱਲ ਨਹੀਂ ਸੀ, ਸਗੋਂ ਸੰਸਾਰ ਦੇ ਨਾਮਣੇ ਵਾਲੇ ਦੇਸ਼ਾਂ ਵਿੱਚ ਉਸ ਦੇਸ਼ ਦਾ ਅਕਸ ਸੁਧਾਰਨਾ ਵੀ ਮਿਥਿਆ ਗਿਆ ਸੀ।
ਭਾਰਤ ਬਹੁਤ ਲੰਮੇ ਸਮੇਂ ਤੋਂ ਜਿਸ ਦਹਿਸ਼ਤਗਰਦੀ ਨੂੰ ਭੁਗਤ ਰਿਹਾ ਸੀ, ਉਸ ਦਾ ਸੇਕ ਪਿਛਲੇ ਵਰ੍ਹਿਆਂ ਵਿੱਚ ਪਾਕਿਸਤਾਨ ਵਿੱਚ ਵੀ ਪਹੁੰਚਣ ਲੱਗ ਪਿਆ ਹੈ, ਹਾਲਾਂਕਿ ਇਸ ਵਰਤਾਰੇ ਦੀ ਜੜ੍ਹ ਵੀ ਅਮਰੀਕੀ ਸਾਮਰਾਜ ਦੀ ਸ਼ਹਿ ਉੱਤੇ ਓਸੇ ਦੇਸ਼ ਵਿੱਚ ਹੀ ਲਾਈ ਗਈ ਸੀ। ਜਦੋਂ ਇਹ ਵਰਤਾਰਾ ਉਸ ਦੇਸ਼ ਦੇ ਆਪਣੇ ਲੋਕਾਂ ਲਈ ਵੀ ਘਾਤਕ ਸਾਬਤ ਹੋਣ ਲੱਗਾ ਹੈ ਤਾਂ ਅਗਲਾ ਕੰਮ ਓਥੋਂ ਦੀ ਸਰਕਾਰ ਦਾ ਹੈ ਕਿ ਉਹ ਦਹਿਸ਼ਤਗਰਦੀ ਨਾਲ ਲੜਨ ਦਾ ਦਾਅਵਾ ਸਿਰਫ਼ ਐਲਾਨ ਕਰਨ ਤੱਕ ਸੀਮਤ ਨਾ ਰੱਖੇ, ਇਸ ਦੀ ਜੜ੍ਹ ਟੁੱਕਣ ਦੀਆਂ ਅਸਲ ਕੋਸ਼ਿਸ਼ਾਂ ਕਰੇ। ਚਲੰਤ ਸਾਲ ਚੜ੍ਹਨ ਦੇ ਦਿਨ ਭਾਰਤੀ ਪੰਜਾਬ ਦੇ ਪਠਾਨਕੋਟ ਵਿੱਚ ਜਿਹੜਾ ਕਾਂਡ ਹੋਇਆ ਹੈ, ਕਿਉਂਕਿ ਉਸ ਨਾਲ ਜੁੜੇ ਦਹਿਸ਼ਤਗਰਦ ਉਸੇ ਦੇਸ਼ ਤੋਂ ਆਏ ਸਨ, ਇਸ ਲਈ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਸ ਗੱਲ ਦੀ ਚੀਸ ਹੈ ਕਿ ਓਥੋਂ ਦੀ ਫ਼ੌਜ ਅਤੇ ਖੁਫੀਆ ਏਜੰਸੀ ਅਜੇ ਵੀ ਆਪਣਾ ਘਰ ਸੰਭਾਲਣ ਦੀ ਥਾਂ ਗਵਾਂਢ ਵਿੱਚ ਅੱਗ ਲਾਉਣ ਨੂੰ ਪਹਿਲ ਦੇਂਦੇ ਹਨ। ਜਦੋਂ ਅੱਜ ਬੱਚਾ ਖ਼ਾਨ ਯੂਨੀਵਰਸਿਟੀ ਵਿੱਚ ਇਹ ਘਿਨਾਉਣਾ ਕਾਂਡ ਵਾਪਰ ਗਿਆ ਹੈ, ਭਾਰਤੀ ਲੋਕ ਇਹ ਚਾਹੁਣਗੇ ਕਿ ਪਾਕਿਸਤਾਨ ਦੀ ਸਰਕਾਰ ਆਪਣੀ ਹੋਂਦ ਦਾ ਅਹਿਸਾਸ ਕਰੇ ਤੇ ਆਪਣਾ ਘਰ ਸਾਂਭਣ ਵੱਲ ਧਿਆਨ ਦੇਵੇ।
ਸਾਨੂੰ ਅਫਸੋਸ ਹੈ ਤੇ ਬਹੁਤ ਜ਼ਿਆਦਾ ਅਫਸੋਸ ਹੈ ਕਿ ਬੱਚਾ ਖ਼ਾਨ ਯੂਨੀਵਰਸਿਟੀ ਵਿੱਚ ਏਦਾਂ ਦੀ ਘਟਨਾ ਵਾਪਰੀ ਹੈ। ਜਦੋਂ ਪੇਸ਼ਾਵਰ ਦੇ ਫ਼ੌਜੀ ਸਕੂਲ ਉੱਤੇ ਦਹਿਸ਼ਤਗਰਦ ਹਮਲਾ ਹੋਇਆ ਸੀ, ਭਾਰਤ ਦੇ ਸਾਰੇ ਸਕੂਲਾਂ ਦੇ ਬੱਚਿਆਂ ਨੇ ਉਸ ਦਿਨ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਆਪਣੇ ਵਰਗੇ ਪਾਕਿਸਤਾਨ ਦੇ ਬੱਚਿਆਂ ਦੀ ਮੌਤ ਦਾ ਅਫਸੋਸ ਮਨਾਇਆ ਸੀ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਸਾਡੇ ਲੋਕ ਇਸ ਵਾਰ ਵੀ ਦੁਖੀ ਹਨ। ਭਾਰਤ ਜਿਸ ਗੱਲ ਉੱਤੇ ਜ਼ੋਰ ਦੇਂਦਾ ਆ ਰਿਹਾ ਹੈ, ਪਾਕਿਸਤਾਨ ਦੀਆਂ ਹਕੂਮਤਾਂ ਨੇ ਜਿਸ ਗੱਲ ਨੂੰ ਹੁਣ ਤੱਕ ਮੰਨਣ ਤੇ ਅਮਲ ਕਰਨ ਤੋਂ ਕੰਨੀ ਕਤਰਾਈ ਹੈ, ਉਸ ਨੂੰ ਹੁਣ ਮੰਨਣ ਦਾ ਵਕਤ ਆ ਗਿਆ ਹੈ। ਦਹਿਸ਼ਤਗਰਦ ਕਿਸੇ ਧਿਰ ਦੇ ਸਕੇ ਨਹੀਂ ਹੋ ਸਕਦੇ ਤੇ ਇਹ ਦੁੱਧ ਪਿਆਉਣ ਵਾਲੇ ਨੂੰ ਡੰਗ ਮਾਰਨ ਵਾਲੇ ਸੱਪ ਵਰਗੇ ਹੋਣ ਕਰ ਕੇ ਇਨ੍ਹਾਂ ਦੇ ਨਾਲ ਆਖਰ ਨੂੰ ਸਿੱਝਣਾ ਹੀ ਪੈਣਾ ਹੈ। ਇਸ ਜ਼ਿੰਮੇਵਾਰੀ ਤੋਂ ਬਹੁਤਾ ਚਿਰ ਭੱਜਿਆ ਨਹੀਂ ਜਾ ਸਕਣਾ।