Latest News

ਮੁੱਖ ਮੰਤਰੀ ਦੀ 'ਭਤੀਜੀ' ਵੱਲੋਂ ਲੱਖਾਂ ਦੀ ਠੱਗੀ

Published on 20 Jan, 2016 11:01 AM.

ਬਠਿੰਡਾ (ਬਖਤੌਰ ਢਿੱਲੋਂ)
'ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੇਰਾ ਫੁੱਫੜ ਹੈ ਅਤੇ ਮੇਰੀ ਉਹਨਾਂ ਦੇ ਪਰਵਾਰ ਨਾਲ ਸਿੱਧੀ ਗੱਲਬਾਤ ਹੈ। ਮੈਂ ਤੁਹਾਡੀਆਂ ਕੁੜੀਆਂ ਨੂੰ ਨੌਕਰੀ 'ਤੇ ਲਵਾ ਦੇਵਾਂਗੀ।' ਇਹ ਸ਼ਬਦ ਪਿੰਡ ਝੰਡੂਕੇ ਦੀ ਅਮਨਪ੍ਰੀਤ ਕੌਰ ਦੇ ਹਨ, ਜਿਸ ਨੇ ਆਪਣੇ ਪਿੰਡ ਦੀਆਂ ਦਰਜਨ ਦੇ ਕਰੀਬ ਗਰੀਬ ਔਰਤਾਂ ਨੂੰ ਇਸ ਨਜ਼ਦੀਕੀ ਨਾਲ ਗੁੰਮਰਾਹ ਕਰਕੇ ਤੇ ਨੌਕਰੀਆਂ ਦਾ ਸਬਜ਼ਬਾਗ ਦਿਖਾ ਕੇ ਲੱਖਾਂ ਰੁਪਏ ਦੀ ਕਥਿਤ ਠੱਗੀ ਮਾਰ ਲਈ ਹੈ। ਅਮਨਪ੍ਰੀਤ ਕੌਰ ਨੇ ਆਪਣੇ ਪਿੰਡ ਦੀਆਂ ਗਰੀਬ ਮਜ਼ਦੂਰ ਔਰਤਾਂ ਦੇ ਧੀਆਂ-ਪੁੱਤਰਾਂ ਨੂੰ ਸਰਕਾਰੀ ਹਸਪਤਾਲ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਲੱਖਾਂ ਰੁਪਏ ਹੀ ਨਹੀਂ ਠੱਗੇ, ਸਗੋਂ ਸਿਹਤ ਵਿਭਾਗ ਦੀ ਤਰਫੋਂ ਪਿੰਡਾਂ ਅੰਦਰ ਸਰਵੇ ਕਰਵਾਉਣ ਦੇ ਨਾਂਅ ਹੇਠ ਮਜ਼ਦੂਰ ਔਰਤਾਂ ਦਾ ਸਮਾਂ ਵੀ ਬਰਬਾਦ ਕਰਵਾ ਚੁੱਕੀ ਹੈ, ਜਿਸ ਦੌਰਾਨ ਉਨ੍ਹਾਂ ਦਿਹਾੜੀ-ਦੱਪਾ ਕਰਕੇ ਆਪਣੇ ਲਈ ਚਾਰ ਪੈਸੇ ਕਮਾਉਣੇ ਸਨ।
ਠੱਗੀ ਦਾ ਸ਼ਿਕਾਰ ਹੋਈਆਂ ਪੀੜਤ ਔਰਤਾਂ ਕਰਮਜੀਤ ਕੌਰ ਪਤਨੀ ਨਿਰਮਲ ਸਿੰਘ, ਸਿਮਰਜੀਤ ਕੌਰ ਪਤਨੀ ਕੁਲਵੰਤ ਸਿੰਘ, ਪਰਮਜੀਤ ਕੌਰ ਪੁੱਤਰੀ ਜਗਜੀਤ ਸਿੰਘ ਅਤੇ ਸ਼ੰਟੂ ਕੌਰ ਪੁੱਤਰੀ ਨਛੱਤਰ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਹੀ ਦੂਜਾ ਵਿਆਹ ਕਰਵਾ ਕੇ ਪਿੰਡ ਝੰਡੂਕੇ ਵਸੀ ਔਰਤ ਅਮਨਪ੍ਰੀਤ ਕੌਰ ਨੇ ਉਨ੍ਹਾਂ ਨੂੰ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਸ ਦਾ ਫੁੱਫੜ ਹੈ ਅਤੇ ਉਹ ਪੜ੍ਹੇ-ਲਿਖੇ ਨੌਜਵਾਨ ਲੜਕੇ ਲੜਕੀਆਂ ਨੂੰ ਸਿਵਲ ਹਸਪਤਾਲ ਵਿੱਚ ਸਰਕਾਰੀ ਨੌਕਰੀ ਦਿਵਾ ਸਕਦੀ ਹੈ। ਪਿੰਡ ਦੀਆਂ ਮਜ਼ਦੂਰ ਔਰਤਾਂ ਉਕਤ ਔਰਤ ਦੇ ਝਾਂਸੇ ਵਿੱਚ ਆ ਗਈਆਂ ਤੇ ਇੱਕ ਦਰਜਨ ਮਜ਼ਦੂਰ ਔਰਤਾਂ ਨੇ ਉਸ ਨੂੰ ਲੱਖਾਂ ਰੁਪਏ ਦੇ ਦਿੱਤੇ। ਖੇਤ ਵਿੱਚ ਪਾਏ ਮਕਾਨ ਵਿੱਚ ਰਹਿੰਦੀ ਉਕਤ ਔਰਤ ਨੇ ਪਿੰਡ ਅੰਦਰ ਕਮਰਾ ਕਿਰਾਏ 'ਤੇ ਲੈ ਕੇ ਲੜਕੀਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਉਹ ਇਹ ਪ੍ਰਭਾਵ ਦੇ ਸਕੇ ਕਿ ਉਹ ਨੌਕਰੀਆਂ ਦਿਵਾਉਣ ਪ੍ਰਤੀ ਪੂਰੀ ਸੁਹਿਰਦ ਹੈ ਅਤੇ ਕਈ ਵਾਰ ਉਨ੍ਹਾਂ ਦੇ ਬਕਾਇਦਾ ਪੇਪਰ ਵੀ ਲਏ। ਪੀੜਤਾਂ ਨੇ ਦੱਸਿਆ ਕਿ ਅਮਨਪ੍ਰੀਤ ਕੌਰ ਨੇ ਕਿਹਾ ਕਿ ਨੌਕਰੀ ਲੱਗਣ ਤੋਂ ਪਹਿਲਾਂ ਉਨ੍ਹਾਂ ਨੂੰ ਪਿੰਡਾਂ ਅੰਦਰ ਸਰਵੇ ਕਰਕੇ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਮਰੀਜ਼ਾਂ ਦਾ ਪਤਾ ਲਗਾਉਣਾ ਹੋਵੇਗਾ। ਠੱਗੀ ਦਾ ਸ਼ਿਕਾਰ ਹੋਈਆਂ ਨੌਜਵਾਨ ਲੜਕੀਆਂ ਨੇ ਦੱਸਿਆ ਕਿ ਉਹ ਪਿੰਡਾਂ ਅੰਦਰ ਜਾ ਕੇ ਕਰੀਬ ਪੰਜ ਮਹੀਨੇ ਆਪਣੇ ਖਰਚੇ 'ਤੇ ਸਰਵੇ ਕਰਦੀਆਂ ਰਹੀਆਂ। ਉਨ੍ਹਾਂ ਦੱਸਿਆ ਉਕਤ ਔਰਤ ਅਮਨਪੀ੍ਰਤ ਕੌਰ ਉਨ੍ਹਾਂ ਨੂੰ ਇੱਕ ਵਾਰ ਚੰਡੀਗੜ੍ਹ ਪੀ ਜੀ ਆਈ ਹਸਪਤਾਲ ਵਿੱਚ ਵੀ ਲੈ ਕੇ ਗਈ, ਜਿੱਥੇ ਉਨ੍ਹਾਂ ਦੀ ਨਿਗ੍ਹਾ ਟੈਸਟ ਕਰਵਾਈ ਗਈ। ਉਹ ਉਨ੍ਹਾਂ ਨੂੰ ਜਲਦੀ ਹੀ ਸਿਵਲ ਹਸਪਤਾਲ ਅੰਦਰ ਵੱਖ-ਵੱਖ ਅਸਾਮੀਆਂ 'ਤੇ ਭਰਤੀ ਕਰਵਾਉਣ ਦੇ ਲਾਰੇ ਲਾ ਕੇ ਦਿਨ ਟਪਾਉਦੀ ਰਹੀ, ਪਰ ਹੁਣ ਉਸ ਨੇ ਪੈਸੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।
ਇੱਥੇ ਇਹ ਜ਼ਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ ਕਿ ਠੱਗੀ ਦਾ ਸ਼ਿਕਾਰ ਹੋਈਆਂ ਕਈ ਔਰਤਾਂ ਨੇ ਆਪਣੇ ਸੋਨੇ ਦੇ ਗਹਿਣੇ ਵੇਚ ਕੇ ਜਾਂ ਮੋਟੇ ਵਿਆਜ 'ਤੇ ਪੈਸੇ ਚੁੱਕ ਕੇ ਉਸ ਨੂੰ ਦਿੱਤੇ ਸਨ। ਅਮਨਪ੍ਰੀਤ ਕੌਰ ਨੇ ਪਿੰਡ ਦੀ ਮਜ਼ਦੂਰ ਔਰਤ ਸਿਮਰਜੀਤ ਕੌਰ ਤੋਂ 60 ਹਜ਼ਾਰ, ਅੰਗਰੇਜ਼ ਕੌਰ ਤੋਂ 15 ਹਜ਼ਾਰ, ਕਰਮਜੀਤ ਕੌਰ ਤੋਂ 23 ਹਜ਼ਾਰ 500 ਰੁਪਏ, ਪਰਮਜੀਤ ਕੌਰ 20 ਹਜ਼ਾਰ, ਬਲਜੀਤ ਕੌਰ 25 ਹਜ਼ਾਰ, ਦਰਸ਼ਨ ਕੌਰ ਤੋਂ 12 ਹਜ਼ਾਰ, ਹਰਜੀਤ ਕੌਰ ਤੋਂ 25 ਹਜ਼ਾਰ ਰੁਪਏ, ਸ਼ੰਟੂ ਕੌਰ ਤੋਂ 20 ਹਜ਼ਾਰ ਰੁਪਏ, ਕੁਲਵੰਤ ਕੌਰ ਤੋਂ 30 ਹਜ਼ਾਰ ਰੁਪਏ ਲੈ ਲਏ। ਇਹ ਸਾਰੀਆਂ ਪੀੜਤਾਂ ਉਸ ਦੇ ਪਿੰਡ ਝੰਡੂ ਕੇ ਨਾਲ ਸੰਬੰਧਤ ਹਨ ਜਦ ਕਿ ਛਿੰਦਰ ਕੌਰ ਵਾਸੀ ਗਿੱਲ ਕਲਾਂ ਤੋਂ 40 ਹਜ਼ਾਰ ਰੁਪਏ ਠੱਗ ਲਏ। ਪੀੜਤ ਔਰਤਾਂ ਨੇ ਦੱਸਿਆ ਕਿ ਅਮਨਪ੍ਰੀਤ ਕੌਰ ਨੇ ਉਨ੍ਹਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਕਿ ਉਸ ਦੀ ਨੌਕਰੀਆਂ ਸੰਬੰਧੀ ਬਾਦਲ ਸਾਹਿਬ ਨਾਲ ਗੱਲ ਹੋ ਚੁੱਕੀ ਹੈ ਅਤੇ ਪੈਸੇ ਭੇਜਣ 'ਤੇ ਨੌਕਰੀ ਦਿਵਾ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਉਹਨਾਂ ਵਿਸ਼ਵਾਸ ਕਰਕੇ ਇਹ ਰਕਮ ਅਮਨਪ੍ਰੀਤ ਕੌਰ ਨੂੰ ਦੇ ਦਿੱਤੀ, ਪਰ ਉਸ ਵੱਲੋਂ ਹੁਣ ਇਨਕਾਰ ਕਰਨ 'ਤੇ ਹੀ ਪਤਾ ਲੱਗਾ ਕਿ ਉਹ ਠੱਗੀਆਂ ਗਈਆਂ ਹਨ। ਅੱਜ ਪੀੜਤ ਔਰਤਾਂ ਨੇ ਅਕਾਲੀ ਆਗੂ ਤੇ ਪਿੰਡ ਝੰਡੂਕੇ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਝੰਡੂਕੇ ਦੀ ਅਗਵਾਈ ਹੇਠ ਐਸ ਪੀ ਅਪ੍ਰੇਸ਼ਨ ਹਰਗੋਬਿੰਦ ਸਿੰਘ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਕਤ ਔਰਤ ਖਿਲਾਫ ਕਾਰਵਾਈ ਦੀ ਮੰਗ ਕੀਤੀ, ਜਿਹਨਾਂ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

600 Views

e-Paper