ਇੱਕ ਨਾਇਕ ਦੀ ਮੌਤ ਮਰਿਆ ਪ੍ਰੋਫੈਸਰ ਹਾਮਿਦ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ 'ਚ ਬਾਚਾ ਯੂਨੀਵਰਸਿਟੀ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਕਮਿਸਟਰੀ ਦੇ ਪ੍ਰੋਫ਼ੈਸਰ ਹਾਮਿਦ ਹੁਸੈਨ ਅੱਤਵਾਦੀਆਂ ਅਤੇ ਬੱਚਿਆਂ ਵਿਚਾਲੇ ਕੰਧ ਬਣ ਕੇ ਖੜ ਗਿਆ ਅਤੇ 34 ਸਾਲਾ ਪ੍ਰੋਫ਼ੈਸਰ ਨੇ ਸ਼ਹੀਦ ਹੋਣ ਤੋਂ ਪਹਿਲਾਂ ਆਪਣੇ ਕਈ ਚੇਲਿਆਂ ਦੀ ਜਾਨ ਹਥੇਲੀ 'ਤੇ ਰੱਖ ਕੇ ਜਾਨ ਬਚਾਈ। ਇਹ ਗੱਲ ਹਮਲੇ ਤੋਂ ਬਾਅਦ ਯੂਨੀਵਰਸਿਟੀ 'ਚ ਸੁਰੱਖਿਅਤ ਬਾਹਰ ਨਿਕਲੇ ਵਿਦਿਆਥੀਆਂ ਨੇ ਦੱਸੀ ਹੈ।
ਇਕ ਵਿਦਿਆਰਥੀ ਨੇ ਦਸਿਆ ਕਿ ਪ੍ਰੋਫ਼ੈਸਰ ਹੁਸੈਨ ਨੇ ਬੰਦੂਕ ਚੁੱਕ ਲਈ ਅਤੇ ਅੱਤਵਾਦੀਆਂ ਦਾ ਨਿਡਰਤਾ ਨਾਲ ਮੁਕਾਬਲਾ ਕਰਕੇ ਕਈ ਬੱਚਿਆਂ ਦੀ ਜਾਨ ਬਚਾਈ। ਵਿਦਿਆਰਥੀ ਜਹੂਰ ਅਹਿਮਦ ਨੇ ਦਸਿਆ ਕਿ ਗੋਲੀਆਂ ਦੀ ਅਵਾਜ਼ ਸੁਣਦਿਆਂ ਹੀ ਵਿਦਿਆਰਥੀਆਂ ਨੂੰ ਕਮਰੇ ਤੋਂ ਬਾਹਰ ਨਾ ਜਾਣ ਦੀ ਚੇਤਾਵਨੀ ਦਿੱਤੀ ਸੀ। ਜਹੂਰ ਨੇ ਦੱਸਿਆ ਕਿ ਪ੍ਰੋਫੈਸਰ ਨੇ ਬੰਦੂਕ ਚੁੱਕੀ ਸੀ ਅਤੇ ਅਚਾਨਕ ਉਨ੍ਹਾ ਦੇ ਗੋਲੀ ਲੱਗੀ ਤੇ ਉਹ ਡਿਗ ਪਏ। ਜਹੂਰ ਨੇ ਦਸਿਆ ਕਿ ਉਸ ਨੇ ਦੋ ਅੱਤਵਾਦੀਆਂ ਨੂੰ ਗੋਲੀਆਂ ਚਲਾਉਂਦੇ ਦੇਖਿਆ। ਉਸ ਨੇ ਦਸਿਆ ਕਿ ਉਹ ਭੱਜ ਕੇ ਬਾਹਰ ਆਇਆ ਅਤੇ ਪਿਛਲੀ ਕੰਧ ਟੱਪ ਕੇ ਆਪਣੀ ਜਾਨ ਬਚਾਈ। ਇੱਕ ਹੋਰ ਵਿਦਿਆਰਥੀ ਨੇ ਦਸਿਆ ਕਿ ਉਹ ਕਲਾਸ ਰੂਮ 'ਚ ਹੀ ਸੀ, ਜਦੋਂ ਉਸ ਨੇ ਗੋਲੀਆਂ ਦੀ ਅਵਾਜ਼ ਸੁਣੀ। ਉਸ ਨੇ ਦੱਸਿਆ ਕਿ ਉਸ ਨੇ ਤਿੰਨ ਅੱਤਵਾਦੀਆਂ ਨੂੰ ਦੇਖਿਆ, ਜੋ ਅੱਲ੍ਹਾ ਇਜ਼ ਗ੍ਰੇਟ ਦੇ ਨਾਹਰੇ ਲਗਾ ਰਹੇ ਸਨ। ਵਿਦਿਆਰਥੀ ਨੇ ਦਸਿਆ ਕਿ ਹਮਲਾਵਰ ਸਿੱਧੇ ਉਨ੍ਹਾ ਦੇ ਵਿਭਾਗ ਦੀਆਂ ਪੌੜੀਆਂ ਵੱਲ ਆਏ। ਉਸ ਨੇ ਦੱਸਿਆ ਕਿ ਇਕ ਵਿਦਿਆਰਥੀ ਨੇ ਖਿੜਕੀ 'ਚੋਂ ਛਾਲ ਮਾਰ ਦਿੱਤੀ, ਪਰ ਉਸ ਦਾ ਬਾਅਦ 'ਚ ਪਤਾ ਨਹੀਂ ਲੱਗਿਆ। ਇੱਕ ਹੋਰ ਵਿਦਿਆਰਥੀ ਨੇ ਦਸਿਆ ਕਿ ਪ੍ਰੋਫ਼ੈਸਰ ਨੇ ਅੱਤਵਾਦੀਆਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ। ਵਿਦਿਆਰਥੀ ਨੇ ਦੱਸਿਆ ਕਿ ਜਦੋਂ ਅੱਤਵਾਦੀ ਰਜਿਸਟਰਾਰ ਦੇ ਦਫ਼ਤਰ ਵੱਲ ਗਏ ਤਾਂ ਸਾਰੇ ਵਿਦਿਆਰਥੀ ਉਥੋਂ ਬਚ ਨਿਕਲੇ।