ਇੱਕ ਝੂਠ ਛੁਪਾਉਣ ਲਈ ਸਮਰਿਤੀ ਈਰਾਨੀ ਨੇ ਤਿੰਨ ਝੂਠ ਬੋਲੇ : ਸੂਰਜੇਵਾਲਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਕਾਂਗਰਸ ਨੇ ਇੱਥੇ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ 'ਚ ਦਲਿਤ ਵਿਦਿਆਰਥੀ ਰੋਹਿਤ ਵੇਮੁੱਲਾ ਦੀ ਆਤਮ ਹੱਤਿਆ ਦੇ ਮਾਮਲੇ 'ਤੇ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸਮਰਿਤੀ ਈਰਾਨੀ 'ਤੇ ਨਿਸ਼ਾਨਾ ਕੱਸਦਿਆਂ ਦੋਸ਼ ਲਗਾਇਆ ਕਿ ਈਰਾਨੀ ਨੇ ਇੱਕ ਝੂਠ ਦਬਾਉਣ ਦੇ ਲਈ ਤਿੰਨ ਝੂਠ ਬੋਲੇ। ਕਾਂਗਰਸੀ ਆਗੂ ਰਣਦੀਪ ਸੂਰਜੇਵਾਲਾ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਕਿ ਸਿੱਖਿਆ ਮੰਤਰੀ ਦਾ ਰਵੱਈਆ ਸ਼ਰਮਨਾਕ ਹੈ। ਸੂਰਜੇਵਾਲ ਨੇ ਕਿਹਾ ਕਿ ਈਰਾਨੀ ਨੇ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਅਤੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾ ਦੋਸ਼ ਲਗਾਇਆ ਕਿ ਭਾਜਪਾ ਦੀ ਮਾਨਸਿਕਤਾ ਦਲਿਤ ਵਿਰੋਧੀ ਹੈ।
ਉਧਰ ਭਾਜਪਾ ਨੇ ਕਾਂਗਰਸ 'ਤੇ ਪਲਟਵਾਰ ਕਰਦਿਆਂ ਦੋਸ਼ ਲਗਾਇਆ ਕਿ ਉਹ ਇੱਕ ਵਿਦਿਆਰਥੀ ਦੀ ਮੌਤ ਨੂੰ ਲੈ ਕੇ ਰਾਜਨੀਤੀ ਕਰ ਰਹੀ ਹੈ। ਭਾਜਪਾ ਨੇ ਜ਼ੋਰ ਦਿੱਤਾ ਕਿ ਰੋਹਿਤ ਵੇਮੁੱਲਾ ਦੀ ਆਤਮ-ਹੱਤਿਆ ਅਤੇ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਦੁਆਰਾ ਰੋਹਿਤ ਅਤੇ ਹੋਰ ਵਿਦਿਆਰਥੀਆਂ ਦੇ ਖ਼ਿਲਾਫ਼ ਇੱਕ ਸ਼ਿਕਾਇਤ 'ਤੇ ਕਾਰਵਾਈ ਦੇ ਵਿੱਚ ਕੋਈ ਸੰਬੰਧ ਨਹੀਂ ਹੈ। ਕਾਂਗਰਸ ਦੁਆਰਾ ਸਮਰਿਤੀ ਈਰਾਨੀ ਅਤੇ ਬੰਡਾਰੂ ਦੱਤਾਤ੍ਰਿਆ ਦੇ ਅਸਤੀਫ਼ੇ ਦੀ ਮੰਗ ਦੇ ਬਾਅਦ ਭਾਜਪਾ ਆਪਣੇ ਦੋਵਾਂ ਮੰਤਰੀਆਂ ਦੇ ਬਚਾਅ 'ਚ ਉੱਤਰ ਆਈ ਹੈ।