Latest News
ਦੇਸ਼ ਭਰ 'ਚ ਹੋਏ ਵਿਰੋਧ ਕਾਰਨ ਦਲਿਤ ਵਿਦਿਆਰਥੀਆਂ ਦੀ ਮੁਅੱਤਲੀ ਵਾਪਸ

Published on 21 Jan, 2016 11:47 AM.


ਹੈਦਰਾਬਾਦ (ਨਵਾਂ ਜ਼ਮਾਨਾ ਸਰਵਿਸ)
ਰੋਹਿਤ ਵੇਮੁੱਲਾ ਦੀ ਖ਼ੁਦਕੁਸ਼ੀ ਤੋਂ ਬਾਅਦ ਦੇਸ਼ ਭਰ 'ਚ ਉੱਠੇ ਜ਼ਬਰਦਸਤ ਵਿਰੋਧ ਦੇ ਮੱਦੇਨਜ਼ਰ ਹੈਦਰਾਬਾਦ ਯੂਨੀਵਰਸਿਟੀ ਦੀ ਐਗਜ਼ੀਕਿਊਟਿਵ ਕੌਂਸਲ ਨੇ ਵੀਰਵਾਰ ਨੂੰ ਮੀਟਿੰਗ ਕਰ ਕੇ ਵੇਮੁੱਲਾ ਸਮੇਤ ਪੰਜ ਵਿਦਿਆਰਥੀਆਂ ਦੀ ਮੁਅੱਤਲੀ ਰੱਦ ਕਰ ਦਿੱਤੀ ਹੈ। ਯੂਨੀਵਰਸਿਟੀ ਵੱਲੋਂ ਇਸ ਸੰਬੰਧੀ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ 21 ਜਨਵਰੀ 2016 ਨੂੰ ਐਗਜ਼ੀਕਿਊਟਿਵ ਕੌਂਸਲ ਦੀ ਮੀਟਿੰਗ 'ਚ ਯੂਨੀਵਰਸਿਟੀ ਦੇ ਅਸਧਾਰਨ ਹਾਲਾਤ ਉੱਤੇ ਚਰਚਾ ਕੀਤੀ ਗਈ। ਇਸ ਦੌਰਾਨ ਤਮਾਮ ਮੁੱਦਿਆ 'ਤੇ ਡੂੰਘਾਈ ਨਾਲ ਚਰਚਾ ਤੋਂ ਬਾਅਦ ਕੌਂਸਲ ਨੇ ਫ਼ੈਸਲਾ ਕੀਤਾ ਹੈ ਕਿ ਵਿਦਿਆਰਥੀਆਂ ਦੀ ਮੁਅੱਤਲੀ ਤੁਰੰਤ ਪ੍ਰਭਾਵ ਨਾਲ ਰੱਦ ਕੀਤੀ ਜਾਂਦੀ ਹੈ। ਇਸ ਬਿਆਨ 'ਚ ਯੂਨੀਵਰਸਿਟੀ 'ਚ ਸ਼ਾਂਤੀ ਅਤੇ ਸੁਹਿਰਦਤਾ ਬਣਾਈ ਰੱਖਣ ਦੀ ਮੰਗ ਕੀਤੀ ਗਈ ਹੈ।
ਵਰਣਨਯੋਗ ਹੈ ਕਿ ਦਲਿਤ ਵਿਦਿਆਰਥੀ ਰੋਹਿਤ ਵੇਮੁੱਲਾ ਦੀ ਖ਼ੁਦਕੁਸ਼ੀ ਦੇ ਮਾਮਲੇ 'ਤੇ ਹੈਦਰਾਬਾਦ ਯੂਨੀਵਰਸਿਟੀ 'ਚ ਪੈਦਾ ਹੋਇਆ ਵਿਵਾਦ ਵਧਦਾ ਹੀ ਜਾ ਰਿਹਾ ਹੈ। ਇਸ ਸੰਬੰਧ ਵਿੱਚ ਐਸ ਸੀ/ਐਸ ਟੀ ਟੀਚਰਜ਼ ਅਤੇ ਅਧਿਕਾਰੀਆਂ ਦੀ ਫੋਰਮ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰ ਕੇ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਸਮਰਿਤੀ ਈਰਾਨੀ ਦੇ ਹਾਲਿਆ ਬਿਆਨ ਦੀ ਨਿਖੇਧੀ ਕੀਤੀ ਹੈ। ਇਸ ਤੋਂ ਬਾਅਦ ਤਾਂ ਅਸਤੀਫ਼ਿਆਂ ਦਾ ਦੌਰ ਸ਼ੁਰੂ ਹੋ ਗਿਆ। ਸਮਰਿਤੀ ਈਰਾਨੀ ਨੇ ਪ੍ਰੈਸ ਕਾਨਫ਼ਰੰਸ 'ਚ ਜੋ ਬਿਆਨ ਦਿੱਤਾ ਸੀ, ਉਸ ਉੱਪਰ ਫ਼ੋਰਮ ਨੇ ਸਖ਼ਤ ਇਤਰਾਜ਼ ਜਤਾਇਆ ਅਤੇ ਕਿਹਾ ਕਿ ਕੇਂਦਰੀ ਮੰਤਰੀ ਨੇ ਇਸ ਮਾਮਲੇ ਵਿੱਚ ਤੱਥਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਦਲਿਤ ਪ੍ਰੋਫ਼ੈਸਰਜ਼ ਐਸੋਸੀਏਸ਼ਨ ਨੇ ਕਿਹਾ ਹੈ ਕਿ ਪੰਜਾਹ ਤੋਂ ਸੱਠ ਫੈਕਲਟੀ ਮੈਂਬਰ ਪ੍ਰਸ਼ਾਸਨਕ ਅਹੁਦਿਆਂ ਤੋਂ ਅਸਤੀਫ਼ਾ ਦੇਣਗੇ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਸਮਰਿਤੀ ਈਰਾਨੀ ਦੇ ਬਿਆਨ ਦੀ ਨਿੰਦਾ ਕਰਦਿਆਂ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਦਸ ਦਲਿਤ ਪ੍ਰੋਫ਼ੈਸਰਾਂ ਨੇ ਪ੍ਰਸ਼ਾਸਨਿਕ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ। ਇਸੇ ਤਰ੍ਹਾਂ ਚੀਫ਼ ਮੈਡੀਕਲ ਅਫ਼ਸਰ, ਇਗਜ਼ਾਮੀਨੇਸ਼ਨ ਕੰਟਰੋਲਰ ਅਤੇ ਹੋਸਟਲ ਦੇ ਸਾਰੇ ਐਸ ਸੀ/ਐਸ ਟੀ ਵਾਰਡਨ ਨੇ ਵੀ ਅਸਤੀਫ਼ੇ ਦੇ ਦਿੱਤੇ ਹਨ।
ਇਸ ਸੰਬੰਧੀ ਜਾਰੀ ਬਿਆਨ 'ਚ ਪ੍ਰੋਫ਼ੈਸਰ ਨਾਗੇਸ਼ਵਰ ਰਾਓ ਨੇ ਕਿਹਾ ਕਿ ਫੈਕਲਟੀ 'ਚ ਅਸੀਂ ਪੰਜਾਹ ਤੋਂ ਸੱਠ ਮੈਂਬਰ ਹਾਂ, ਅਸੀਂ ਸਭ ਐਸ ਸੀ/ਐਸ ਟੀ ਕੈਟਾਗਰੀ 'ਚ ਆਉਂਦੇ ਹਾਂ, ਅਸੀਂ ਸਭ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦੇਵਾਂਗੇ। ਇਥੇ ਵਰ੍ਹਿਆਂ ਤੋਂ ਸਮਾਜਿਕ ਭੇਦ-ਭਾਵ ਚੱਲ ਰਿਹਾ ਹੈ।
ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ ਅੱਪਾ ਰਾਓ ਬਾਰੇ ਉਨ੍ਹਾ ਕਿਹਾ ਕਿ ਜਦ ਅੱਪਾ ਰਾਓ ਚੀਫ਼ ਵਾਰਡਨ ਸਨ, ਉਸ ਸਮੇਂ ਮੈਂ ਵਿਦਿਆਰਥੀ ਸੀ। ਮੈਂ ਇੱਕ ਦਲਿਤ ਵਾਰਡਨ ਲਈ ਲੜਿਆ ਸੀ, ਜਿਹੜੇ ਸੀਨੀਅਰ ਸਨ, ਪਰ ਉਨ੍ਹਾਂ ਨੂੰ ਸਫ਼ਾਈ ਅਤੇ ਬਾਗ਼ਬਾਨੀ ਵੀ ਕਰਨੀ ਪੈਂਦੀ ਸੀ। ਉਸ ਵਕਤ ਚੀਫ਼ ਵਾਰਡਨ ਨੇ ਮੈਨੂੰ ਰਸਟੀਕੇਟ ਕਰ ਦਿੱਤਾ ਸੀ।
ਫੋਰਮ ਨੇ ਕਿਹਾ ਕਿ ਮੰਤਰੀ ਦਾ ਇਹ ਕਹਿਣਾ ਗ਼ਲਤ ਹੈ ਕਿ ਜਿਸ ਕਮੇਟੀ ਨੇ ਵਿਦਿਆਰਥੀਆਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ, ਉਸ ਵਿੱਚ ਇੱਕ ਦਲਿਤ ਪ੍ਰੋਫ਼ੈਸਰ ਵੀ ਸ਼ਾਮਲ ਸੀ।
ਰਿਲੀਜ਼ 'ਚ ਕਿਹਾ ਗਿਆ ਹੈ ਕਿ ਇਸ ਮਾਮਲੇ ਨੂੰ ਗ਼ਲਤ ਪਾਸੇ ਮੋੜ ਕੇ ਈਰਾਨੀ ਖ਼ੁਦ ਨੂੰ ਅਤੇ ਬੰਡਾਰੂ ਦੱਤਾਤ੍ਰਿਆ ਨੂੰ ਰੋਹਿਤ ਵੇਮੁੱਲਾ ਦੀ ਮੌਤ ਦੀ ਜ਼ਿੰਮੇਵਾਰੀ ਲੈਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਮਰਿਤੀ ਨੇ ਕਿਹਾ ਸੀ ਕਿ ਰੋਹਿਤ ਵੇਮੁੱਲਾ ਦੇ ਸੁਸਾਈਡ ਨੋਟ 'ਚ ਕਿਸੇ ਅਧਿਕਾਰੀ ਜਾਂ ਸੰਸਦ ਮੈਂਬਰ ਦਾ ਨਾਂਅ ਨਹੀਂ ਸੀ। ਫੈਕਲਟੀ ਨੇ ਰਿਲੀਜ਼ 'ਚ ਕਿਹਾ ਹੈ ਕਿ ਇਹ ਬਦਕਿਸਮਤੀ ਹੈ ਕਿ ਮਾਣਯੋਗ ਮੰਤਰੀ ਜੀ ਇਹ ਕਹਿੰਦਿਆਂ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ ਕਿ ਹੋਸਟਲ ਵਾਰਡਨ ਦੇ ਕੋਲ ਵਿਦਿਆਰਥੀਆਂ ਨੂੰ ਕੱਢਣ ਦਾ ਅਧਿਕਾਰ ਹੈ । ਦਲਿਤ ਫੈਕਲਟੀ ਐਚ ਆਰ ਡੀ ਮੰਤਰੀ ਸਮਰਿਤੀ ਈਰਾਨੀ ਦੇ ਬਿਆਨ ਦੀ ਪੂਰਨ ਰੂਪ 'ਚ ਨਿੰਦਾ ਕਰਦੀ ਹੈ ਅਤੇ 20 ਜਨਵਰੀ ਨੂੰ ਦਿੱਤੇ ਉਨ੍ਹਾਂ ਦੇ ਬਿਆਨ 'ਤੇ ਅਸੀਂ ਸਖ਼ਤ ਇੰਤਰਾਜ਼ ਜ਼ਾਹਰ ਕਰਦੇ ਹਾਂ ਅਤੇ ਮੰਤਰੀ ਦੇ ਮਨਘੜਤ ਬਿਆਨਾਂ ਦੇ ਜਵਾਬ 'ਚ ਅਸੀਂ ਦਲਿਤ ਫੈਕਲਟੀ ਅਤੇ ਅਧਿਕਾਰੀ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਵਾਂਗੇ। ਬਿਆਨ 'ਚ ਕਿਹਾ ਗਿਆ ਹੈ ਕਿ ਦਲਿਤ ਫੈਕਲਟੀ ਅੰਦੋਲਨ ਕਰ ਰਹੇ ਵਿਦਿਆਰਥੀ ਦੇ ਨਾਲ ਹੈ ਅਤੇ ਅਸੀਂ ਵਿਦਿਆਰਥੀਆਂ ਦੀ ਮੁਅੱਤਲੀ ਅਤੇ ਉਨ੍ਹਾ ਖ਼ਿਲਾਫ਼ ਪੁਲਸ ਕੋਲ ਦਰਜ ਸਾਰੇ ਮਾਮਲਿਆਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਾਂ।
ਵਰਨਣਯੋਗ ਹੈ ਕਿ ਪਿਛਲੇ ਸਾਲ ਅਗਸਤ 'ਚ ਰੋਹਿਤ ਵੇਮੁੱਲਾ ਸਮੇਤ ਪੰਜ ਦਲਿਤ ਵਿਦਿਆਰਥੀਆਂ ਨੂੰ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਏ ਬੀ ਵੀ ਪੀ ਦੇ ਵਰਕਰਾਂ ਨਾਲ ਝੜਪ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ। ਇਹ ਸਭ ਦਿੱਲੀ ਯੂਨੀਵਰਸਿਟੀ 'ਚ 'ਮੁਜ਼ੱਫਰਨਗਰ ਬਾਕੀ ਹੈ' ਦੀ ਸਕਰੀਨਿੰਗ 'ਤੇ ਏ ਬੀ ਵੀ ਪੀ ਦੇ ਹਮਲੇ ਤੋਂ ਬਾਅਦ ਸ਼ੁਰੂ ਹੋਇਆ। ਦਲਿਤ ਵਿਦਿਆਰਥੀਆਂ ਨੇ ਏ ਬੀ ਵੀ ਪੀ ਦੇ ਇਸ ਹਮਲੇ ਦੀ ਨਿੰਦਾ ਕਰਦਿਆਂ ਯੂਨੀਵਰਸਿਟੀ ਕੈਂਪਸ ਵਿੱਚ ਮੁਜ਼ਾਹਰਾ ਕੀਤਾ ਸੀ। ਇਸ ਤੋਂ ਬਾਅਦ ਇਹਨਾਂ ਵਿਦਿਆਰਥੀਆਂ ਨੂੰ ਹੋਸਟਲ ਤੋਂ ਦਸੰਬਰ 'ਚ ਕੱਢ ਦਿੱਤਾ ਗਿਆ ਸੀ। ਇਸ ਮਾਮਲੇ 'ਚ ਕੇਂਦਰੀ ਕਿਰਤ ਮੰਤਰੀ ਬੰਡਾਰੂ ਦੱਤਾਤ੍ਰਿਆ ਦਾ ਨਾਂਅ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਕ ਉਨ੍ਹਾ 17 ਅਗਸਤ 2015 'ਚ ਕੇਂਦਰੀ ਮਨੁੱਖੀ ਸਰੋਤ ਮੰਤਰੀ ਸਮਰਿਤੀ ਈਰਾਨੀ ਨੂੰ ਚਿੱਠੀ ਲਿਖੀ ਸੀ। ਇਹ ਚਿੱਠੀ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਦੀ ਤਰਫ਼ੋ ਕੀਤੇ ਜਾ ਰਹੇ ਮੁਜ਼ਾਹਰੇ ਦੌਰਾਨ ਏ ਬੀ ਵੀ ਪੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਨਾਲ ਕਥਿਤ ਤੌਰ 'ਤੇ ਧੱਕਾ-ਮੁੱਕੀ ਦੀ ਘਟਨਾ ਤੋਂ ਬਾਅਦ ਲਿਖੀ ਗਈ ਸੀ। ਸਮਰਿਤੀ ਈਰਾਨੀ ਦੇ ਮੰਤਰਾਲੇ ਨੇ ਬੰਡਾਰੂ ਦੇ ਖ਼ਤ ਤੋਂ ਬਾਅਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਚਾਰ ਚਿੱਠੀਆਂ ਲਿਖੀਆਂ ਸਨ ਅਤੇ ਦਲਿਤ ਵਿਦਿਆਰਥੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ।

842 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper