ਮੇਰੇ ਪਿਤਾ ਹੋ ਸਕਦੇ ਸਨ ਨਹਿਰੂ ਦਾ ਬਦਲ : ਅਨੀਤਾ ਬੋਸ

ਬਰਲਿਨ (ਨਵਾਂ ਜ਼ਮਾਨਾ ਸਰਵਿਸ)
ਜਰਮਨੀ 'ਚ ਰਹਿ ਰਹੀ ਅਨੀਤਾ ਬੋਸ ਦਾ ਮੰਨਣਾ ਹੈ ਕਿ ਉਸ ਦੇ ਪਿਤਾ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੌਤ ਹਵਾਈ ਹਾਦਸੇ 'ਚ ਹੀ ਹੋ ਗਈ ਸੀ। ਹਾਲਾਂਕਿ ਉਹ ਜਾਪਾਨ ਦੇ ਮੰਦਰ 'ਚ ਰੱਖੀਆਂ ਆਪਣੇ ਪਿਤਾ ਦੀਆਂ ਅਸਥੀਆਂ ਦੇ ਡੀ ਐਨ ਏ ਟੈਸਟ ਦੀ ਇੱਛਾ ਰੱਖਦੀ ਹੈ। ਅਨੀਤਾ ਬੋਸ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਬੇਟੀ ਹੈ।
ਪੱਤਰਕਾਰ ਪ੍ਰਸੂਨ ਸੌਲਵਲਕਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ''ਜੇਕਰ ਮੇਰੇ ਪਿਤਾ ਜਿਊਂਦੇ ਹੁੰਦੇ ਤਾਂ ਉਹ ਆਪਣੇ ਸਮੇਂ ਦੀ ਰਾਜਨੀਤੀ 'ਚ ਹਿੱਸਾ ਲੈਂਦੇ। ਉਹ ਨਹਿਰੂ ਦਾ ਬਦਲ ਹੋ ਸਕਦੇ ਸਨ। ਉਨ੍ਹਾ ਕਿਹਾ ਕਿ ਬੇਸ਼ੱਕ ਅਸੀਂ ਇਹ ਮੰਨ ਲੈਂਦੇ ਹਾਂ ਕਿ ਕੁਝ ਮੁੱਦਿਆਂ 'ਤੇ ਉਨ੍ਹਾਂ ਦੋਵਾਂ ਦੇ ਵਿਚਾਰ ਇੱਕੋ ਜਿਹੇ ਸਨ। ਦੋਵੇਂ ਹੀ ਮੰਨਦੇ ਸਨ ਕਿ ਰਾਜਨੀਤੀ ਨੂੰ ਧਰਮ ਤੋਂ ਅਲੱਗ ਰੱਖਿਆ ਜਾਣਾ ਚਾਹੀਦਾ ਹੈ।
ਅਨੀਤਾ ਬੋਸ ਨੇ ਕਿਹਾ ਕਿ ਦੋਵੇਂ ਹੀ ਆਧੁਨਿਕ ਵਿਚਾਰਾਂ ਵਾਲੇ ਸਨ ਅਤੇ ਉਦਯੋਗੀਕਰਨ ਦੇ ਪੱਖ 'ਚ ਸਨ, ਪ੍ਰੰਤੂ ਦੂਸਰੇ ਪਾਸੇ ਦੋਨਾਂ 'ਚ ਕਾਫ਼ੀ ਅਸਮਾਨਤਾਵਾਂ ਵੀ ਸਨ। ਜਿਵੇਂ ਪਾਕਿਸਤਾਨ ਨੂੰ ਲੈ ਕੇ ਦੋਵਾਂ ਦਾ ਰੁਖ ਅਲੱਗ-ਅਲੱਗ ਹੁੰਦਾ। ਉਨ੍ਹਾ ਕਿਹਾ, ''ਵੰਡ ਦੇ ਬਾਅਦ ਜੋ ਹੋਇਆ ਉਹ ਕੋਈ ਨਹੀਂ ਸੀ ਚਾਹੁੰਦਾ। ਦੋਵਾਂ ਦੇਸ਼ਾਂ ਦੇ ਦਿਲਾਂ 'ਤੇ ਜੋ ਜ਼ਖ਼ਮ ਹੋਏ, ਉਨ੍ਹਾਂ ਦਾ ਭਰਨਾ ਤਾਂ ਮੁਸ਼ਕਲ ਸੀ, ਪ੍ਰੰਤੂ ਮੇਰੇ ਪਿਤਾ ਦਾ ਰੁਖ ਪਾਕਿਸਤਾਨ ਪ੍ਰਤੀ ਅਲੱਗ ਹੁੰਦਾ।'' ਅਨੀਤਾ ਬੋਸ ਨੇ ਅੱਗੇ ਕਿਹਾ ਕਿ ਜੇਕਰ ਮੇਰੇ ਪਿਤਾ ਵੰਡ ਨੂੰ ਰੋਕ ਨਾ ਸਕਦੇ ਤਾਂ ਉਸ ਨਾਲ ਬਿਹਤਰ ਸੰਬੰਧਾਂ ਦੀ ਕੋਸ਼ਿਸ਼ ਜ਼ਰੂਰ ਕਰਦੇ। ਆਜ਼ਾਦੀ ਤੋਂ ਬਾਅਦ ਭਾਰਤ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਸ਼ਾਇਦ ਉਨ੍ਹਾਂ 'ਚ ਥੋੜ੍ਹੀ ਕਮੀ ਆਉਂਦੀ। ਉਨ੍ਹਾ ਕਿਹਾ ਕਿ ਬਹੁਤ ਸਾਰੇ ਲੋਕ ਮੂਰਖਤਾਪੂਰਨ ਥਿਊਰੀ 'ਤੇ ਗੱਲਾਂ ਕਰਦੇ ਹਨ ਕਿ ਨੇਤਾ ਜੀ 1945 'ਚ ਤਾਈਪੇਈ 'ਚ ਹੋਏ ਜਹਾਜ਼ ਹਾਦਸੇ ਦੇ ਬਾਅਦ ਜੀਵਤ ਸਨ ਅਤੇ ਗੁੰਮਨਾਮੀ ਬਾਬਾ ਬਣ ਕੇ ਪਹਾੜਾਂ 'ਤੇ ਰਹੇ। ਉਪਲੱਬਧ ਸਬੂਤਾਂ ਦੇ ਮੁਤਾਬਕ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਨੇਤਾ ਜੀ ਦਾ 18 ਅਗਸਤ 1945 ਨੂੰ ਜਹਾਜ਼ ਹਾਦਸੇ 'ਚ ਦੇਹਾਂਤ ਹੋ ਗਿਆ। ਉਨ੍ਹਾ ਕਿਹਾ ਕਿ ਜਾਪਾਨ ਦੇ ਰਨਕੋਜੀ ਮੰਦਰ 'ਚ ਰੱਖੀਆਂ ਗਈਆਂ ਅਸਥੀਆਂ ਦਾ ਡੀ ਐਨ ਏ ਟੈਸਟ ਕਰਾਇਆ ਜਾਵੇ। ਉਨ੍ਹਾ ਦਾ ਕਹਿਣਾ ਹੈ ਕਿ ਨੇਤਾ ਜੀ ਦਾ ਦੇਹਾਂਤ ਜਹਾਜ਼ ਹਾਦਸੇ 'ਚ ਹੋਇਆ, ਇਹ ਸਭ ਤੋਂ ਜ਼ਿਆਦਾ ਮੰਨਿਆ ਜਾਣ ਵਾਲਾ ਤੱਥ ਹੈ। ਹਾਲਾਂਕਿ ਮੈਂ ਦੂਸਰੀ ਥਿਊਰੀ 'ਤੇ ਵੀ ਜਾ ਸਕਦੀ ਹਾਂ, ਪਰ ਉਸ ਦੇ ਸਮੱਰਥਨ 'ਚ ਸਬੂਤ ਹੋਣੇ ਚਾਹੀਦੇ ਹਨ। ਮੈਂ ਅਜੇ ਤੱਕ ਸਹਿਮਤ ਹੋਣ ਲਾਇਕ ਸਬੂਤ ਨਹੀਂ ਦੇਖੇ ਹਨ।