ਮੋਦੀ ਗੋ ਬੈਕ, ਮੋਦੀ ਮੁਰਦਾਬਾਦ

ਲਖਨਊ (ਨਵਾਂ ਜ਼ਮਾਨਾ ਸਰਵਿਸ)
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ 'ਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਵਿਦਿਆਰਥੀਆਂ ਨੇ ਮੋਦੀ ਮੁਰਦਾਬਾਦ ਅਤੇ ਮੋਦੀ ਵਾਪਸ ਜਾਓ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਨਾਅਰੇਬਾਜ਼ੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਮਾਰੋਹ ਵਾਲੀ ਥਾਂ ਤੋਂ ਬਾਹਰ ਭੇਜ ਦਿੱਤਾ।
ਮੋਦੀ ਭੀਮ ਰਾਉ ਅੰਬੇਡਕਰ ਯੂਨੀਵਰਸਿਟੀ ਦੀ ਕਨਵੋਕੇਸ਼ਨ 'ਚ ਹਿੱਸਾ ਲੈਣ ਲਈ ਲਖਨਊ ਪੁੱਜੇ ਸਨ। ਆਪਣੇ ਭਾਸ਼ਣ ਦੌਰਾਨ ਦਲਿਤ ਵਿਦਿਆਰਥੀ ਰੋਹਿਤ ਵੇਮੁੱਲਾ ਦੀ ਮੌਤਾ ਦਾ ਜ਼ਿਕਰ ਕਰਦਿਆਂ ਭਾਵੁਕ ਲਹਿਜੇ 'ਚ ਮੋਦੀ ਨੇ ਕਿਹਾ ਕਿ ਜਦੋਂ ਰੋਹਿਤ ਵਰਗੇ ਨੌਜੁਆਨ ਨੂੰ ਖੁਦਕੁਸ਼ੀ ਕਰਨੀ ਪੈਂਦੀ ਹੈ ਤਾਂ ਮੈਨੂੰ ਬਹੁਤ ਤਕਲੀਫ਼ ਹੁੰਦੀ ਹੈ।
ਉਨ੍ਹਾ ਕਿਹਾ ਕਿ ਜਦੋਂ ਮੈਨੂੰ ਖ਼ਬਰ ਮਿਲਦੀ ਹੈ ਕਿ ਦੇਸ਼ ਦੇ ਇੱਕ ਨੌਜੁਆਨ ਪੁੱਤਰ ਨੂੰ ਖੁਦਕੁਸ਼ੀ ਲਈ ਮਜਬੂਰ ਹੋਣਾ ਪਿਆ ਹੈ ਤਾਂ ਬਹੁਤ ਤਕਲੀਫ਼ ਹੁੰਦੀ ਹੈ।
ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਐਨ ਪਹਿਲਾਂ ਕੁਝ ਵਿਦਿਆਰਥੀਆਂ ਨੇ ਹੰਗਾਮਾ ਕੀਤਾ ਅਤੇ ਉਨ੍ਹਾ ਨੇ ਮੋਦੀ ਵਾਪਸ ਜਾਊ ਦੇ ਨਾਅਰੇ ਵੀ ਲਾਏ। ਮਗਰੋਂ ਸੁਰੱਖਿਆ ਦਸਤਿਆਂ ਨੇ ਹੰਗਾਮਾ ਕਰ ਰਹੇ ਵਿਦਿਆਰਥੀਆਂ ਨੂੰ ਸਮਾਰੋਹ ਵਾਲੀ ਥਾਂ ਤੋਂ ਬਾਹਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਹ ਵਿਦਿਆਰਥੀ ਹੈਦਰਾਬਾਦ ਯੂਨੀਵਰਸਿਟੀ ਦੇ ਦਲਿਤ ਵਿਦਿਆਰਥੀ ਰੋਹਿਤ ਵੇਮੁੱਲਾ ਦੀ ਖੁਦਕੁਸ਼ੀ ਦੇ ਮਾਮਲੇ 'ਚ ਵਿਰੋਧ ਪ੍ਰਗਟ ਕਰ ਰਹੇ ਸਨ।