ਸ਼ਰਨਾਰਥੀ ਸੰਕਟ; 2 ਹੋਰ ਕਿਸ਼ਤੀਆਂ ਡੁੱਬੀਆਂ, 20 ਬੱਚਿਆਂ ਸਣੇ 44 ਮੌਤਾਂ

ਏਥਨਜ਼ (ਨਵਾਂ ਜ਼ਮਾਨਾ ਸਰਵਿਸ)-ਤੁਰਕੀ ਤੋਂ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਨੂੰ ਗਰੀਸ ਲੈ ਜਾ ਰਹੀਆਂ ਦੋ ਕਿਸ਼ਤੀਆਂ ਦੇ ਏਜਿਯਨ ਸਾਗਰ 'ਚ ਡੁੱਬਣ ਨਾਲ ਘੱਟ ਤੋਂ ਘੱਟ 44 ਲੋਕਾਂ ਦੀ ਮੌਤ ਹੋ ਗਈ। ਗਰੀਸ ਦੇ ਤੱਟ ਰੱਖਿਅਕ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਕਾਲੋਲਿਮਨੋਸ ਅਤੇ ਫਾਰਮਾਕੋਨਿਸੀ ਦੀਪਾਂ ਦੇ ਨੇੜੇ ਕਿਸ਼ਤੀਆਂ ਦੇ ਡੁੱਬਣ ਨਾਲ ਮਰਨ ਵਾਲਿਆਂ 'ਚ 20 ਬੱਚੇ ਵੀ ਸ਼ਾਮਲ ਹਨ।
ਤੱਟ ਰੱਖਿਅਕ ਬਲਾਂ ਨੇ ਕਿਹਾ ਕਿ ਉਨ੍ਹਾਂ 74 ਲੋਕਾਂ ਨੂੰ ਬਚਾਇਆ ਹੈ ਅਤੇ ਬਚਾਅ ਮੁਹਿੰਮ ਅਜੇ ਵੀ ਜਾਰੀ ਹੈ। ਬਚਾਅ ਕਰਮੀਆਂ ਨੇ ਖ਼ਬਰ ਲਿਖੇ ਜਾਣ ਤੱਕ 17 ਬੱਚਿਆਂ, 17 ਔਰਤਾਂ ਅਤੇ 10 ਮਰਦਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਬਚਾਅ ਮੁਹਿੰਮ 'ਚ ਯੂਰਪੀ ਸੰਘ, ਸੀਮਾ ਏਜੰਸੀ ਫਰੋਂਟੇਕਸ ਦੇ ਹੈਲੀਕਾਪਟਰਾਂ ਦੀ ਮਦਦ ਮਿਲ ਰਹੀ ਹੈ। ਅਜੇ ਵੀ ਕਈ ਲੋਕ ਲਾਪਤਾ ਹਨ। ਜਿਊਂਦੇ ਬਚੇ ਲੋਕਾਂ ਨੇ ਕਿਹਾ ਕਿ ਕਿਸ਼ਤੀ 'ਤੇ 50 ਤੋਂ ਲੈ ਕੇ 100 ਲੋਕ ਸਵਾਰ ਸਨ। ਦੂਸਰੇ ਪਾਸੇ ਤੁਰਕੀ ਦੇ ਤੱਟ ਰੱਖਿਅਕ ਬਲ ਨੇ ਇੱਕ ਬਿਆਨ 'ਚ ਕਿਹਾ ਕਿ ਉਸ ਨੇ ਦਿਦਿਮ ਦੇ ਤੱਟ ਦੇ ਨੇੜਿਓਂ ਤਿੰਨ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਇੱਥੇ ਇੱਕ ਹੋਰ ਕਿਸ਼ਤੀ ਡੁੱਬੀ ਸੀ। ਇਸੇ ਸਾਲ ਏਜਿਨ 'ਚ 113 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ। ਖਰਾਬ ਮੌਸਮ ਦੇ ਬਾਵਜੂਦ ਯੁੱਧ ਗ੍ਰਸਤ ਮੱਧ-ਪੂਰਬ ਅਤੇ ਏਸ਼ੀਆ ਦੇ ਵੱਖ-ਵੱਖ ਖੇਤਰਾਂ ਤੋਂ ਲੋਕ ਜਾਨ ਜੋਖ਼ਮ 'ਚ ਪਾ ਕੇ ਤੁਰਕੀ ਤੋਂ ਗਰੀਸ ਜਾ ਰਹੇ ਹਨ, ਤਾਂ ਕਿ ਉਹ ਯੂਰਪੀ ਦੇਸ਼ਾਂ 'ਚ ਸ਼ਰਨ ਲੈ ਸਕਣ। ਗਰੀਸ ਦੇ ਅਧਿਕਾਰੀਆਂ ਮੁਤਾਬਕ ਤੁਰਕੀ ਦੇ ਸਮਗਲਰਾਂ ਨੇ ਨਿਰਾਸ਼ ਸ਼ਰਨਾਰਥੀਆਂ ਲਈ ਕਿਸ਼ਤੀ ਦੀ ਟਿਕਟ ਦੀ ਕੀਮਤ 'ਚ ਭਾਰੀ ਕਮੀ ਕਰ ਦਿੱਤੀ ਹੈ। ਗਰਮੀ ਦੇ ਮੌਸਮ 'ਚ ਜਿੱਥੇ ਪ੍ਰਤੀ ਵਿਅਕਤੀ ਦੋ ਹਜ਼ਾਰ ਯੂਰੋ ਲਏ ਜਾਂਦੇ ਸਨ, ਉੱਥੇ ਹੁਣ ਸਿਰਫ਼ 500 ਯੂਰੋ ਲਏ ਜਾ ਰਹੇ ਹਨ। ਅਧਿਕਾਰੀਆਂ ਦੁਆਰਾ ਮੁਹੱਈਆ ਕਰਾਏ ਗਏ ਅੰਕੜਿਆਂ ਮੁਤਾਬਕ ਸਾਲ 2015 'ਚ ਅੱਠ ਲੱਖ ਸ਼ਰਨਾਰਥੀ ਗਰੀਸ ਦੇ ਤੱਟ 'ਤੇ ਪਹੁੰਚੇ ਹਨ।