ਨੇਤਾ ਜੀ ਨੂੰ ਰਾਸ਼ਟਰ ਨੇਤਾ ਦਾ ਰੁਤਬਾ ਦਿੱਤਾ ਜਾਵੇ : ਮਮਤਾ

ਕੋਲਕਾਤਾ (ਨਵਾਂ ਜ਼ਮਾਨਾ ਸਰਵਿਸ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗ ਕੀਤੀ ਹੈ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਰਾਸ਼ਟਰ ਨੇਤਾ ਦਾ ਰੁਤਬਾ ਦਿੱਤਾ ਜਾਵੇ। ਉਨ੍ਹਾ ਕਿਹਾ ਕਿ ਦੇਸ਼ ਨੂੰ ਉਨ੍ਹਾ ਦੇ ਭੇਦਭਰੇ ਢੰਗ ਨਾਲ ਲਾਪਤਾ ਹੋਣ ਬਾਰੇ ਸੱਚ ਜਾਨਣ ਦਾ ਅਧਿਕਾਰ ਹੈ। ਮਮਤਾ ਬੈਨਰਜੀ ਨੇ ਨੇਤਾ ਜੀ ਦੀ 119 ਜੈਅੰਤੀ ਮੌਕੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰ ਨੂੰ ਆਪਣੇ ਮਹਿਬੂਬ ਆਗੂ ਦੀ ਹੋਣੀ ਬਾਰੇ ਜਾਣਨ ਦਾ ਪੂਰਾ ਅਧਿਕਾਰ ਹੈ। ਉਨ੍ਹਾ ਕਿਹਾ ਕਿ 75 ਸਾਲ ਪਹਿਲਾਂ ਨੇਤਾ ਜੀ ਨੇ ਦੇਸ਼ ਛੱਡ ਦਿੱਤਾ, ਪਰ ਅੱਜ ਤੱਕ ਉਨ੍ਹਾ ਦੇ ਲਾਪਤਾ ਹੋਣ ਬਾਰੇ ਸਹੀ ਤੱਥ ਸਾਹਮਣੇ ਨਹੀਂ ਆਏ। ਉਨ੍ਹਾ ਕਿਹਾ ਕਿ ਸਾਰਿਆਂ ਨੂੰ ਸੱਚ ਜਾਨਣ ਦਾ ਅਧਿਕਾਰ ਹੈ। ਮਮਤਾ ਨੇ ਕਿਹਾ ਕਿ ਉਹ ਉਨ੍ਹਾਂ ਫਾਈਲਾਂ ਨੂੰ ਦੇਖਣਾ ਚਾਹੁੰਦੇ ਹਨ, ਜੋ ਉਨ੍ਹਾਂ ਦੇ ਲਾਪਤਾ ਹੋਣ ਬਾਰੇ ਚਾਨਣਾ ਪਾਉਂਦੀਆਂ ਹਨ। ਉਨ੍ਹਾ ਕਿਹਾ ਕਿ ਨੇਤਾ ਜੀ ਦੇ ਲਾਪਤਾ ਹੋਣ ਬਾਰੇ ਸੱਚ ਤੱਥਾਂ ਅਤੇ ਸਬੂਤਾਂ ਨਾਲ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਨੇਤਾ ਜੀ ਨੂੰ ਰਾਸ਼ਟਰ ਨੇਤਾ ਰੁਤਬਾ ਦੇਣਾ ਚਾਹੀਦਾ ਹੈ ਅਤੇ ਉਹ ਇਸ ਸਨਮਾਨ ਦੇ ਹੱਕਦਾਰ ਹਨ। ਮਮਤਾ ਨੇ ਕਿਹਾ ਕਿ ਨੌਜਵਾਨਾਂ ਅਤੇ ਅਗਲੀ ਪੀੜ੍ਹੀ ਸਾਹਮਣੇ ਸਚਾਈ ਲਿਆਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।