Latest News
ਰੋਹਿਤ ਖੁਦਕੁਸ਼ੀ ਮਾਮਲਾ; ਹੈਦਰਾਬਾਦ 'ਵਰਸਿਟੀ ਦਾ ਵੀ ਸੀ ਅਣਮਿੱਥੀ ਛੁੱਟੀ 'ਤੇ

Published on 24 Jan, 2016 10:24 AM.

ਹੈਦਰਾਬਾਦ (ਨਵਾਂ ਜ਼ਮਾਨਾ ਸਰਵਿਸ)
ਹੈਦਰਾਬਾਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਅੱਪਾ ਰਾਓ ਪੋਡਿਲ ਐਤਵਾਰ ਨੂੰ ਅਣਮਿੱਥੇ ਸਮੇਂ ਦੀ ਛੁੱਟੀ 'ਤੇ ਚਲਾ ਗਿਆ ਹੈ। ਇਹ ਘਟਨਾਕ੍ਰਮ ਉਸ ਸਮੇਂ ਸਾਹਮਣੇ ਆਇਆ, ਜਦੋਂ ਯੂਨੀਵਰਸਿਟੀ ਦੇ 7 ਵਿਦਿਆਰਥੀਆਂ ਨੇ ਇਹ ਮੰਗ ਕਰਦਿਆਂ ਆਪਣੀ ਭੁੱਖ ਹੜਤਾਲ ਮੁੜ ਸ਼ੁਰੂ ਕਰ ਦਿੱਤੀ ਕਿ ਅੱਪਾ ਰਾਓ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਜਾਵੇ, ਕਿਉਂਕਿ ਉਸ ਦਾ ਨਾਂਅ ਦਲਿਤ ਸਕਾਲਰ ਰੋਹਿਤ ਵੇਮੁੱਲਾ ਦੀ ਖੁਦਕੁਸ਼ੀ ਦੇ ਸੰਬੰਧ 'ਚ ਪੁਲਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਆਉਂਦਾ ਹੈ। ਪਿਛਲੇ ਐਤਵਾਰ ਰੋਹਿਤ ਵੇਮੁੱਲਾ ਵੱਲੋਂ ਖੁਦਕੁਸ਼ੀ ਕੀਤੇ ਜਾਣ ਤੋਂ ਲੈ ਕੇ ਅੱਪਾ ਰਾਓ ਲਗਾਤਾਰ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੇ ਨਿਸ਼ਾਨੇ 'ਤੇ ਸਨ।
ਅੱਪਾ ਰਾਓ ਨੇ ਰੋਹਿਤ ਦੀ ਮਾਤਾ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਸੀ। ਉਸ ਨੇ ਖੁਦ ਦੱਸਿਆ ਸੀ ਕਿ ਉਹ 2 ਪ੍ਰੋਫੈਸਰਾਂ ਨੂੰ ਨਾਲ ਲੈ ਕੇ ਰੋਹਿਤ ਦੀ ਮਾਤਾ ਨੂੰ ਮਿਲਣ ਗਿਆ ਸੀ। ਰੋਹਿਤ ਦੀ ਮਾਤਾ ਨੂੰ ਜਦ ਇਹ ਸੁਨੇਹਾ ਭੇਜਿਆ ਗਿਆ ਕਿ ਮੈਂ ਉਨ੍ਹਾ ਨੂੰ ਮਿਲਣਾ ਚਾਹੁੰਦਾ ਹਾਂ ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ਉਨ੍ਹਾਂ ਚਾਰ ਹੋਰ ਵਿਦਿਆਰਥੀਆਂ ਨੂੰ ਨਾਲ ਲੈ ਕੇ ਕੇਵਲ ਯੂਨੀਵਰਸਿਟੀ ਕੈਂਪਸ ਵਿੱਚ ਹੀ ਮਿਲ ਸਕਦੀ ਹੈ, ਜਿਨ੍ਹਾਂ ਨੂੰ ਰੋਹਿਤ ਦੇ ਨਾਲ ਮੁਅੱਤਲ ਕੀਤਾ ਗਿਆ ਸੀ।
ਇਸੇ ਦੌਰਾਨ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਮਗਰੋਂ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਕੇਂਦਰੀ ਮੰਤਰੀ ਬੰਡਾਰੂ ਦੱਤਾਤ੍ਰੇਅ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ 7 ਵਿਦਿਆਰਥੀਆਂ ਦੀ ਹਾਲਤ ਵਿਗੜ ਜਾਣ ਮਗਰੋਂ ਉਨ੍ਹਾਂ ਨੂੰ ਕੈਂਪ 'ਚੋਂ ਜਬਰੀ ਚੁੱਕ ਕੇ ਹਸਪਤਾਲ ਦਾਖਲ ਕਰਵਾਇਆ ਗਿਆ। ਵਿਦਿਆਰਥੀਆਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ, ਪਰ ਪੁਲਸ ਹੜਤਾਲੀ ਵਿਦਿਆਰਥੀਆਂ ਨੂੰ ਉਥੋਂ ਹਟਾਉਣ 'ਚ ਸਫਲ ਰਹੀ।
ਹੜਤਾਲੀ ਵਿਦਿਆਰਥੀ ਦੱਤਾਤ੍ਰੇਅ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਹੋਰਨਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰੋਹਿਤ ਦੀ ਖੁਦਕੁਸ਼ੀ ਲਈ ਯੂਨੀਵਰਸਿਟੀ ਪ੍ਰਸ਼ਾਸਨ ਜ਼ਿੰਮੇਵਾਰ ਹੈ, ਜਿਸ ਨੇ ਪਹਿਲਾਂ ਉਸ ਨੂੰ ਮੁਅੱਤਲ ਤੇ ਫੇਰ ਬਰਤਰਫ ਕੀਤਾ। ਉਸ ਨੂੰ ਪਿਛਲੇ 7 ਮਹੀਨਿਆਂ ਤੋਂ ਸਕਾਲਰਸ਼ਿਪ ਵੀ ਨਹੀਂ ਦਿੱਤੀ ਗਈ।
ਸਮਾਜਿਕ ਨਿਆਂ ਸੰਯੁਕਤ ਕਾਰਵਾਈ ਕਮੇਟੀ (ਜੇ ਈ ਸੀ) ਨੇ ਕਿਹਾ ਕਿ ਹੜਤਾਲ 'ਤੇ ਬੈਠੇ ਤਿੰਨ ਵਿਦਿਆਰਥੀਆਂ ਨੂੰ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਦਕਿ ਚਾਰ ਹੋਰਨਾਂ ਨੂੰ ਵੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਹੜਤਾਲੀ ਵਿਦਿਆਰਥੀਆਂ ਨੂੰ ਜਬਰੀ ਚੁੱਕਣ ਦੀ ਨਿਖੇਧੀ ਕਰਦਿਆਂ ਜੇ ਏ ਸੀ ਨੇ ਕਿਹਾ ਕਿ ਲੱਗਦਾ ਹੈ ਕਿ ਪ੍ਰਸ਼ਾਸਨ ਆਪਣੀ ਫਾਸ਼ੀਵਾਦੀ ਵਿਚਾਰਧਾਰਾ ਖਿਲਾਫ ਜੰਗ ਤੋਂ ਡਰ ਗਿਆ ਹੈ।
ਉਧਰ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਕਿਹਾ ਕਿ ਜਦੋਂ ਤੱਕ ਰੋਹਿਤ ਦੇ ਪਰਵਾਰ ਨੂੰ ਨਿਆਂ ਨਹੀਂ ਮਿਲ ਜਾਂਦਾ, ਉਹ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ।
ਇਸੇ ਦੌਰਾਨ ਰੋਹਿਤ ਦੇ ਪਰਵਾਰ ਨੇ ਯੂਨੀਵਰਸਿਟੀ ਵੱਲੋਂ ਐਲਾਨੀ 8 ਲੱਖ ਰੁਪਏ ਸਹਾਇਤਾ ਰਾਸ਼ੀ ਖਾਰਜ ਕਰਦਿਆਂ ਕਿਹਾ ਕਿ ਦੋਸ਼ੀਆਂ ਵਿਰੁੱਧ ਕੇਸ ਕਰਕੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਪਰਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਨੁੱਖੀ ਸਰੋਤ ਵਿਕਾਸ ਮੰਤਰੀ ਸਮਰਿਤੀ ਈਰਾਨੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਜੁਆਬ ਦੇਣ ਵਿੱਚ 5 ਦਿਨ ਕਿਵੇਂ ਲੱਗ ਗਏ। ਪਰਵਾਰ ਨੇ ਕਿਹਾ ਕਿ ਉਨ੍ਹਾਂ ਨੂੰ 8 ਲੱਖ ਤਾਂ ਕੀ 8 ਕਰੋੜ ਵੀ ਮਨਜ਼ੂਰ ਨਹੀਂ, ਸਗੋਂ ਉਹਨਾਂ ਨੂੰ ਨਿਆਂ ਚਾਹੀਦਾ ਹੈ।

573 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper