ਭਾਰਤ-ਪਾਕਿ ਵਿਚਕਾਰ ਬਣੇਗਾ ਇਜ਼ਰਾਈਲ ਵਰਗਾ ਹਾਈਟੈਕ ਬਾਰਡਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੀਮਾ ਪਾਰ ਤੋਂ ਘੁਸਪੈਠ 'ਤੇ ਰੋਕ ਲਾਉਣ ਲਈ ਭਾਰਤ-ਪਾਕਿਸਤਾਨ ਸਰਹੱਦ 'ਤੇ ਇਜ਼ਰਾਈਲ ਵਾਂਗ ਬਿਲਕੁੱਲ ਸੁਰੱਖਿਅਤ ਵਾੜ ਲਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਸਰਕਾਰ ਪੰਜਾਬ ਅਤੇ ਜੰਮੂ 'ਚ ਸੰਵੇਦਨਸ਼ੀਲ ਸਰਹੱਦ 'ਤੇ ਘੁਸਪੈਠ 'ਤੇ ਪੂਰੀ ਤਰ੍ਹਾਂ ਰੋਕ ਲਾਉਣ ਲਈ ਅਜਿਹੀ ਸੰਭਾਵਨਾ 'ਤੇ ਵਿਚਾਰ ਕਰ ਰਹੀ ਹੈ।
ਘੁਸਪੈਠ ਦੇ ਖਾਤਮੇ ਲਈ ਉੱਚ ਪੱਧਰੀ ਮੀਟਿੰਗ 'ਚ ਹਾਈਟੈਕ ਬਾਰਡਰ ਦਾ ਮਾਮਲਾ ਉਠਿਆ, ਜਿਸ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਵੀ ਹਿੱਸਾ ਲਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਮੀਟਿੰਗ ਵਿੱਚ ਭਾਰਤ ਵੱਲੋਂ ਪੱਛਮੀ ਸਰਹੱਦ 'ਤੇ ਇਜ਼ਰਾਈਲ ਵਾਂਗ ਸੁਰੱਖਿਆ ਪ੍ਰਣਾਲੀ ਅਪਨਾਉਣ ਬਾਰੇ ਵਿਚਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਵੰਬਰ 2014 ਵਿੱਚ ਗਾਜ਼ਾ ਦੀ ਇੱਕ ਚੌਕੀ 'ਤੇ ਗਏ ਸਨ ਅਤੇ ਇਜ਼ਰਾਈਲ ਦੀ ਬੇਹੱਦ ਉਨਤ ਸੀਮਾ ਸੁਰੱਖਿਆ ਪ੍ਰਣਾਲੀ ਤੋਂ ਪ੍ਰਭਾਵਿਤ ਹੋਏ ਸਨ।
ਪਤਾ ਚੱਲਿਆ ਹੈ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜ਼ਾਮਿਨ ਨੇ ਰਾਜਨਾਥ ਸਿੰਘ ਨੂੰ ਕਿਹਾ ਸੀ ਕਿ ਇਜ਼ਰਾਈਲ ਸੀਮਾ ਸੁਰੱਖਿਆ ਲਈ ਆਪਣੀ ਇਹ ਪ੍ਰਣਾਲੀ ਭਾਰਤ ਨਾਲ ਸਾਂਝਾ ਕਰਨ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਦੀ ਸੀਮਾ ਸੁਰੱਖਿਆ ਪ੍ਰਣਾਲੀ ਨੂੰ ਸਾਰੇ ਵਿਸ਼ਵ ਵਿੱਚ ਸਰਾਹਿਆ ਜਾਂਦਾ ਹੈ ਕਿ ਉਹ ਆਪਣੀ ਸਰਹੱਦ ਦੀ ਸੁਰੱਖਿਆ ਲਈ ਇਨਸਾਨ ਦੀ ਬਜਾਏ ਤਕਨੀਕ 'ਤੇ ਨਿਰਭਰ ਹੈ।