Latest News

ਰਾਖਵੇਂਕਰਨ 'ਤੇ ਪੁਨਰ ਵਿਚਾਰ ਦੀ ਲੋੜ : ਸੁਮਿੱਤਰਾ

Published on 24 Jan, 2016 10:29 AM.

ਅਹਿਮਦਾਬਾਦ (ਨਵਾਂ ਜ਼ਮਾਨਾ ਸਰਵਿਸ)
ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਇੱਕ ਨਵਾਂ ਵਿਵਾਦ ਖੜਾ ਕਰਦਿਆਂ ਰਾਖਵੇਂਕਰਨ 'ਤੇ ਮੁੜ ਵਿਚਾਰ ਕੀਤੇ ਜਾਣ ਦੀ ਵਕਾਲਤ ਕੀਤੀ ਹੈ।
ਸੁਮਿਤਰਾ ਮਹਾਜਨ ਨੇ ਇੱਕ ਪ੍ਰੋਗਰਾਮ ਦੌਰਾਨ ਇਹ ਗੱਲ ਕਹੀ ਕਿ ਦੇਸ਼ 'ਚ ਜਾਤੀ ਅਧਾਰਤ ਰਾਖਵੇਂਕਰਨ 'ਤੇ 'ਮੁੜ ਵਿਚਾਰ' ਹੋਣਾ ਚਾਹੀਦਾ ਹੈ। ਉਨ੍ਹਾ ਦਾਅਵਾ ਕੀਤਾ ਕਿ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਵੀ ਅਜਿਹਾ ਹੀ ਚਾਹੁੰਦੇ ਸਨ।
ਅਹਿਦਾਬਾਦ 'ਚ ਸਮਾਰਟ ਸਿਟੀਜ਼ ਦੇ ਸੰਬੰਧ 'ਚ ਕਰਵਾਏ ਗਏ ਇੱਕ ਪ੍ਰੋਗਰਾਮ 'ਚ ਸਥਾਨਕ ਅਦਾਰਿਆਂ ਦੇ ਪ੍ਰਤੀਨਿਧਾਂ ਅਤੇ ਅਫਸਰਾਂ ਨੂੰ ਸੰਬੋਧਨ ਕਰਦਿਆਂ ਬੀਬੀ ਮਹਾਜਨ ਨੇ ਕਿਹਾ, 'ਅੰਬੇਡਕਰ ਜੀ ਨੇ ਕਿਹਾ ਸੀ, 10 ਸਾਲ ਲਈ ਰਾਖਵਾਂਕਰਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਪੱਛੜੇ ਲੋਕਾਂ ਨੂੰ ਇਸ ਪੱਧਰ 'ਤੇ ਲਿਆਇਆ ਜਾਣਾ ਚਾਹੀਦਾ ਹੈ, ਪਰ ਅਸੀਂ ਕੁਝ ਨਹੀਂ ਕੀਤਾ। ਇੱਥੋਂ ਤੱਕ ਕਿ ਮੈਂ ਵੀ ਇਸ ਦੀ ਦੋਸ਼ੀ ਹਾਂ। ਅਸੀਂ ਇਸ ਬਾਰੇ ਸੋਚਿਆ ਤੱਕ ਨਹੀਂ। ਅਸੀਂ ਕਦੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਇਸ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।'
'ਇੰਡੀਅਨ ਐੱਕਸਪ੍ਰੈੱਸ' ਦੀ ਰਿਪੋਰਟ ਮੁਤਾਬਕ ਬਾਅਦ 'ਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾ ਦਾਅਵਾ ਕੀਤਾ ਕਿ ਉਹ ਰਾਖਵੇਂਕਰਨ ਦੀ ਨੀਤੀ ਦੇ ਪੱਖ ਜਾਂ ਵਿਰੋਧ 'ਚ ਆਪਣੀ ਰਾਇ ਜ਼ਾਹਰ ਨਹੀਂ ਕਰ ਰਹੇ ਸਨ। ਉਨ੍ਹਾ ਸਫਾਈ ਦਿੱਤੀ, 'ਮੈਂ ਇਹ ਕਹਿ ਰਹੀ ਹਾਂ ਕਿ ਸਾਨੂੰ ਸੋਚਣਾ ਚਾਹੀਦਾ ਹੈ ਕਿ ਆਖਰ ਅਸੀਂ ਬਾਬਾ ਸਾਹਿਬ ਅੰਬੇਡਕਰ ਦੇ ਸੁਪਨਿਆਂ ਦਾ ਸਮਾਜ ਕਿਉਂ ਨਹੀਂ ਬਣਾ ਸਕੇ। ਸਾਨੂੰ ਇਸ ਦੇ ਕਾਰਨਾਂ 'ਤੇ ਵੀ ਵਿਚਾਰ ਕਰਨਾ ਚਾਹੀਦਾ ਹੈ।'
ਇਸ ਤੋਂ ਪਹਿਲਾਂ ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਨੇ ਵੀ ਰਾਖਵੇਂਕਰਨ ਦੀ ਸਮੀਖਿਆ ਨੂੰ ਲੈ ਕੇ ਬਿਆਨ ਦਿੱਤਾ ਸੀ, ਜਿਸ ਕਾਰਨ ਕਾਫੀ ਵਿਵਾਦ ਖੜਾ ਹੋਇਆ ਸੀ। ਇੱਥੋਂ ਤੱਕ ਕਿ ਬਿਹਾਰ ਦੀਆਂ ਅਸੰਬਲੀ ਚੋਣਾਂ ਵਿੱਚ ਵੀ ਵਿਰੋਧੀ ਧਿਰ ਨੇ ਇਸ ਨੂੰ ਮੁੱਦਾ ਬਣਾ ਲਿਆ ਸੀ ਅਤੇ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਹਾਜਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਭਾਜਪਾ ਹੈਦਰਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁੱਲਾ ਦੀ ਖੁਦਕੁਸ਼ੀ ਬਾਅਦ ਪਾਰਟੀ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਕਾਰਨ ਪੈਦਾ ਹੋਏ ਝੰਜਟ 'ਚੋਂ ਨਿਕਲਣ ਦੀਆਂ ਕੋਸ਼ਿਸ਼ਾਂ ਰਹੀ ਹੈ।
ਵਰਨਣਯੋਗ ਹੈ ਕਿ ਇਹਨੀਂ ਦਿਨੀਂ ਗੁਜਰਾਤ 'ਚ ਭਾਜਪਾ ਨੂੰ ਪਾਟੀਦਾਰ ਫਿਰਕੇ ਵੱਲੋਂ ਜਾਰੀ ਰਾਖਵੇਂਕਰਨ ਅੰਦੋਲਨ ਨਾਲ ਵੀ ਜੂਝਣਾ ਪੈ ਰਿਹਾ ਹੈ।

556 Views

e-Paper