ਸੁਨੰਦਾ ਪੁਸ਼ਕਰ ਦੀ ਮੌਤ ; ਕਹਿਣ ਲਈ ਤਾਂ ਬਹੁਤ ਕੁਝ ਹੈ : ਸ਼ਸ਼ੀ ਥਰੂਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਆਗੂ ਸ਼ਸ਼ੀ ਥਰੂਰ ਆਪਣੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ। ਜਦੋਂ ਉਨ੍ਹਾ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾ ਕਿਹਾ ਕਿ ਇਸ ਮਾਮਲੇ 'ਚ ਕਹਿਣ ਲਈ ਤਾਂ ਬਹੁਤ ਕੁਝ ਹੈ, ਪਰ ਪੁਲਸ ਜਾਂਚ ਖਤਮ ਹੋਣ ਦੀ ਉਡੀਕ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਥਰੂਰ ਨੇ ਕਿਹਾ ਕਿ ਉਹ ਪੁਲਸ ਜਾਂਚ ਖਤਮ ਹੋਣ ਮਗਰੋਂ ਹੀ ਕੁਝ ਕਹਿਣਗੇ। ਜਦੋਂ ਤੱਕ ਪੁਲਸ ਜਾਂਚ ਕਿਸੇ ਨਤੀਜੇ 'ਤੇ ਨਹੀਂ ਪੁੱਜ ਜਾਂਦੀ, ਉਹ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰਿਪੋਰਟ ਆਈ ਸੀ ਕਿ ਸੁਨੰਦਾ ਪੁਸ਼ਕਰ ਦੀ ਮੌਤ ਜ਼ਹਿਰ ਖਾਣ ਨਾਲ ਹੋਈ ਸੀ। ਜ਼ਿਕਰਯੋਗ ਹੈ ਕਿ ਸੁਨੰਦਾ ਦੀ ਲਾਸ਼ 17 ਜਨਵਰੀ 2014 ਦਿੱਲੀ ਦੇ ਫਾਈਵ ਸਟਾਰ ਹੋਟਲ ਦੇ ਕਮਰੇ 'ਚੋਂ ਬਰਾਮਦ ਹੋਈ ਸੀ। ਦਿੱਲੀ ਪੁਲਸ ਨੇ ਪਿਛਲੇ ਸਾਲ ਜਨਵਰੀ 'ਚ ਸੁਨੰਦਾ ਦੀ ਮੌਤ ਦੇ ਮਾਮਲੇ ਵਿੱਚ ਕਤਲ ਦਾ ਕੇਸ ਦਰਜ ਕੀਤਾ ਸੀ। ਏਮਜ਼ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਸੁਨੰਦਾ ਦੀ ਮੌਤ ਜ਼ਹਿਰ ਖਾਣ ਨਾਲ ਹੋਈ ਸੀ। ਇਸ ਮਗਰੋਂ ਪੁਲਸ ਨੇ ਵਾਸ਼ਿੰਗਟਨ ਦੀ ਐੱਫ ਬੀ ਆਈ ਲੈਬ ਤੋਂ ਵਿਸਰਾ ਸੈਂਪਲ ਭੇਜ ਕੇ ਜਾਂਚ ਕਰਵਾਈ ਸੀ।