ਪਾਕਿ ਅੱਤਵਾਦ ਵਿਰੁੱਧ ਕਾਰਵਾਈ ਕਰੇ : ਓਬਾਮਾ, ਮੋਦੀ ਦੀ ਸ਼ਲਾਘਾ

ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕਾ ਨੇ ਅੱਤਵਾਦ 'ਤੇ ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸਖਤ ਸੁਨੇਹਾ ਦਿੱਤਾ ਹੈ, ਉਥੇ ਪਾਕਿਸਤਾਨ ਨਾਲ ਗੱਲਬਾਤ ਲਈ ਪਹਿਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਅਮਰੀਕਾ ਨੇ ਕਿਹਾ ਕਿ ਇਸਲਾਮਾਬਾਦ ਆਪਣੇ ਦੇਸ਼ ਅੰਦਰਲੇ ਅੱਤਵਾਦੀ ਨੈੱਟਵਰਕ ਨੂੰ ਗੈਰ-ਕਾਨੂੰਨੀ ਦੱਸ ਕੇ ਅਤੇ ਤਬਾਹ ਕਰਕੇ ਆਪਣੀ ਸਰਜ਼ਮੀਂ ਤੋਂ ਸਰਗਰਮੀਆਂ ਚਲਾਉਣ ਵਾਲੇ ਅੱਤਵਾਦੀ ਧੜਿਆਂ ਵਿਰੁੱਧ ਜ਼ਿਆਦਾ ਕਾਰਗਰ ਢੰਗ ਨਾਲ ਕਾਰਵਾਈ ਕਰ ਸਕਦਾ ਹੈ ਅਤੇ ਉਸ ਨੂੰ ਅਜਿਹਾ ਜ਼ਰੂਰ ਕਰਨਾ ਚਾਹੀਦਾ ਹੈ।
ਪਠਾਨਕੋਟ 'ਚ ਹਵਾਈ ਫੌਜ ਦੇ ਅੱਡੇ 'ਤੇ ਅੱਤਵਾਦੀ ਹਮਲੇ ਨੂੰ ਭਾਰਤ ਵੱਲੋਂ ਲੰਮੇ ਸਮੇਂ ਤੋਂ ਬਰਦਾਸ਼ਤ ਕੀਤੇ ਜਾ ਰਹੇ ਅੱਤਵਾਦ ਦੀ ਇੱਕ ਹੋਰ ਮਿਸਾਲ ਦੱਸਦਿਆਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਸ਼ਰੀਫ ਨਾਲ ਸੰਪਰਕ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਉਨ੍ਹਾ ਕਿਹਾ ਕਿ ਦੋਵੇਂ ਆਗੂ ਗੱਲਬਾਤ ਇਸ ਦਿਸ਼ਾ 'ਚ ਵਧਾ ਰਹੇ ਹਨ ਕਿ ਖੇਤਰ ਵਿੱਚ ਹਿੰਸਕ ਕੱਟੜਵਾਦ ਅਤੇ ਅੱਤਵਾਦ ਨਾਲ ਮੁਕਾਬਲਾ ਕਿਵੇਂ ਕਰਨਾ ਹੈ।