ਪਾਕਿ ਨੇ ਭਾਰਤ ਨੂੰ ਮਸੂਦ ਅਜ਼ਹਰ ਤੋਂ ਪੁੱਛਗਿੱਛ ਦੀ ਨਹੀਂ ਦਿੱਤੀ ਆਗਿਆ

ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ)
ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਅਤੇ ਪਠਾਨਕੋਟ ਹਮਲੇ ਦੇ ਦੋਸ਼ੀਆਂ ਤੋਂ ਇਕੱਠਿਆਂ ਪੁੱਛਗਿੱਛ ਕਰਨ ਦੇ ਭਾਰਤ ਦੇ ਪ੍ਰਸਤਾਵ ਨੂੰ ਪਾਕਿਸਤਾਨ ਨੇ ਖਾਰਜ ਕਰ ਦਿੱਤਾ ਹੈ। ਪਾਕਿਸਤਾਨੀ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਆਈ ਹੈ ਕਿ ਭਾਰਤ ਨੇ ਪਠਾਨਕੋਟ ਅੱਤਵਾਦੀ ਹਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਤੋਂ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਰਾਹੀਂ ਸਾਂਝੇ ਤੌਰ 'ਤੇ ਪੁੱਛਗਿੱਛ ਕਰਨ ਦੀ ਪੇਸ਼ਕਸ਼ ਕੀਤੀ ਸੀ।
ਪਾਕਿਸਤਾਨੀ ਸੂਤਰਾਂ ਮੁਤਾਬਕ ਭਾਰਤ ਇੱਕ ਜਾਂਚ ਟੀਮ ਮੌਲਾਨਾ ਅਜ਼ਹਰ ਅਤੇ ਉਸ ਦੇ ਭਰਾ ਤੋਂ ਪੁੱਛਗਿੱਛ ਲਈ ਪਾਕਿਸਤਾਨ ਭੇਜਣਾ ਚਾਹੁੰਦਾ ਹੈ, ਪਰ ਪਾਕਿਸਤਾਨ ਨੇ ਇਸ ਨੂੰ ਸਿਆਸੀ ਪੱਧਰ 'ਤੇ ਰੱਦ ਕਰ ਦਿੱਤਾ ਹੈ। ਪਾਕਿਸਤਾਨ ਨੇ ਇਸ ਸੰਬੰਧ 'ਚ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਉਹ ਪੂਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ ਅਤੇ ਜੇ ਇਸ ਮਾਮਲੇ 'ਚ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪਾਕਿਸਤਾਨੀ ਸੂਤਰਾਂ ਮੁਤਾਬਕ ਭਾਰਤ ਮੌਲਾਨਾ ਮਸੂਦ ਅਜ਼ਹਰ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਮੁਹੰਮਦ ਸਈਦ ਦੀ ਹਵਾਲਗੀ ਚਾਹੁੰਦਾ ਹੈ, ਜਿਸ ਨੂੰ ਪਾਕਿਸਤਾਨ ਕਈ ਵਾਰੀ ਰੱਦ ਕਰ ਚੁੱਕਿਆ ਹੈ। ਭਾਰਤ ਹੁਣ ਘੱਟੋ-ਘੱਟ ਇਹ ਚਾਹੁੰਦਾ ਹੈ ਕਿ ਭਾਰਤੀ ਜਾਂਚ ਟੀਮ ਨੂੰ ਇਹਨਾ ਅੱਤਵਾਦੀਆਂ ਤੋਂ ਪੁੱਛਗਿੱਛ ਕਰਨ ਦੀ ਆਗਿਆ ਦਿੱਤੀ ਜਾਵੇ, ਪਰ ਪਾਕਿਸਤਾਨ ਨੇ ਸਪੱਸ਼ਟ ਕੀਤਾ ਹੈ ਕਿ ਅਜਿਹਾ ਸੰਭਵ ਨਹੀਂ ਹੈ। ਇਕ ਪਾਕਿਸਤਾਨੀ ਅਧਿਕਾਰੀ ਨੇ ਦਸਿਆ ਹੈ ਕਿ ਪਾਕਿਸਤਾਨੀ ਅਥਾਰਟੀ ਪਠਾਨਕੋਟ ਹਮਲੇ ਦੇ ਮਾਮਲੇ 'ਚ ਗ੍ਰਿਫ਼ਤਾਰ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਉਨ੍ਹਾ ਦਸਿਆ ਕਿ ਇਸ ਸੰਬੰਧ 'ਚ ਪਾਕਿਸਤਾਨੀ ਏਜੰਸੀਆਂ ਭਾਰਤੀ ਅਧਿਕਾਰੀਆਂ ਦੇ ਸੰਪਰਕ 'ਚ ਹਨ। ਉਨ੍ਹਾ ਦੱਸਿਆ ਕਿ ਇਸ ਸੰਬੰਧ 'ਚ ਸ਼ੁਰੂਆਤੀ ਰਿਪੋਰਟ ਭਾਰਤ ਨੂੰ ਸੌਂਪ ਦਿੱਤੀ ਗਈ ਹੈ। ਪਠਾਨਕੋਟ ਏਅਰਬੇਸ ਉਪਰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮਸੂਦ ਅਜ਼ਹਰ ਨੂੰ ਪਾਕਿਸਤਾਨ ਨੇ ਇਹਤਿਹਾਦੀ ਹਿਰਾਸਤ 'ਚ ਰੱਖਿਆ ਹੋਇਆ ਹੈ ਅਤੇ ਇਸ ਮਾਮਲੇ 'ਚ ਜੈਸ਼ ਦੇ ਹੋਰ ਸ਼ੱਕੀ ਅੱਤਵਾਦੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿਸਤਾਨ 'ਚ ਕਈ ਮਦਰੱਸਿਆਂ ਨੂੰ ਸੀਲ ਕੀਤਾ ਗਿਆ ਹੈ। ਮੌਲਾਨਾ ਅਜ਼ਹਰ ਨੂੰ ਕੰਧਾਰ ਜਹਾਜ਼ ਅਗਵਾ ਮਾਮਲੇ 'ਚ 1999 'ਚ 155 ਮੁਸਾਫ਼ਰਾਂ ਦੀ ਜਾਨ ਬਚਾਉਣ ਬਦਲੇ ਰਿਹਾਅ ਕੀਤਾ ਗਿਆ ਸੀ। ਇਸ ਮਾਮਲੇ 'ਚ ਜੈਸ਼ ਦੇ ਮੁਖੀ ਦੇ ਭਰਾ ਮੁਫ਼ਤੀ ਅਬਦੁਲ ਰਹਿਮਾਨ ਰਾਓਫ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ। ਪਾਕਿਸਤਾਨ ਪਠਾਨਕੋਟ ਮਾਮਲੇ ਦੀ ਜਾਂਚ ਲਈ ਆਪਣੀ ਜਾਂਚ ਟੀਮ ਭਾਰਤ ਭੇਜਣਾ ਚਾਹੁੰਦਾ ਹੈ। ਇਸ ਹਮਲੇ 'ਚ 7 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ ਅਤੇ ਹਮਲੇ 'ਚ ਸ਼ਾਮਲ 6 ਅੱਤਵਾਦੀ ਮਾਰੇ ਗਏ ਸਨ। ਭਾਰਤ ਦਾ ਕਹਿਣਾ ਹੈ ਕਿ ਅੱਤਵਾਦੀ ਭਾਰਤੀ ਫ਼ੌਜੀ ਵਰਦੀ 'ਚ ਸਨ ਅਤੇ ਉਹ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸਨ ਅਤੇ ਉਹ ਸਰਹੱਦ ਪਾਰੋਂ ਆਏ ਸਨ। ਇਸ ਹਮਲੇ ਕਾਰਨ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੀ ਸਕੱਤਰ ਪੱਧਰ ਦੀ ਗੱਲਬਾਤ ਟਾਲ ਦਿੱਤੀ ਗਈ ਸੀ।