ਦਿੱਲੀ ਰੈਲੀ ਹਾਕਮਾਂ ਦੀਆਂ ਆਪ-ਹੁਦਰੀਆਂ ਨੂੰ ਠੱਲ੍ਹ ਪਾਏਗੀ : ਬੰਤ ਬਰਾੜ

0
5

ਜਲੰਧਰ (ਗਿਆਨ ਸੈਦਪੁਰੀ)-‘ਜਿਸ ਦੌਰ ਵਿੱਚ ਦੇਸ਼ ਦੇ ਵਿਸ਼ਵ ਗੁਰੂ ਹੋਣ ਦਾ ਭਾਜਪਾ ਤੇ ਕੇਂਦਰੀ ਸਰਕਾਰ ਵੱਲੋਂ ਗੁੰਮਰਾਹਕੁਨ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਉਸੇ ਵੇਲੇ ਪੁਰੇ ਸੰਸਾਰ ਨੂੰ ਡਰਾਉਣ-ਧਮਕਾਉਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਭਾਰਤ ਨੂੰ ਜਦੋਂ ਮਰਜ਼ੀ ਘੁਰਕੀ ਮਾਰ ਦਿੰਦੇ ਹਨ। ‘ਵਿਸ਼ਵ ਗੁਰੂ’ ਕਦੇ ਜੁਰਅਤ ਨਹੀਂ ਕਰਦਾ ਕਿ ਅਮਰੀਕਾ ਨੂੰ ਮੋੜਵਾਂ ਜਵਾਬ ਦਿੱਤਾ ਜਾਵੇ। ਇਨ੍ਹਾਂ ਸਮਿਆਂ ਵਿੱਚ ਮੁਲਕ ਵਿੱਚ ਸਿਆਸੀ ਬਦਲਾਅ ਇੱਕ ਅਣਸਰਦੀ ਲੋੜ ਬਣ ਚੁੱਕਾ ਹੈ। ਇਸੇ ਸੰਦਰਭ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਇੱਕ ਸਤੰਬਰ ਨੂੰ ਨਵੀਂ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿੱਚ ‘ਬਦਲਾਅ ਜ਼ਰੂਰੀ ਹੈ’ ਦੇਸ਼-ਵਿਆਪੀ ਰੈਲੀ ਕੀਤੀ ਜਾ ਰਹੀ ਹੈ। ਇਹ ਰੈਲੀ ਦੇਸ਼ ਦੀ ਸਿਆਸਤ ਨੂੰ ਨਵੀਂ ਦਿਸ਼ਾ ਦੇਵੇਗੀ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀ ਪੀ ਆਈ ਦੀ ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਬੰਤ ਸਿੰਘ ਬਰਾੜ ਨੇ ਪ੍ਰੈੱਸ ਦੇ ਨਾਂਅ ਜਾਰੀ ਇੱਕ ਬਿਆਨ ਵਿੱਚ ਕੀਤਾ। ਉਨ੍ਹਾ ਕਿਹਾ ਕਿ ਦੇਸ਼ ਦੇ ਕੇਂਦਰੀ ਹਾਕਮਾਂ ਵੱਲੋਂ ਅਸਲ ਮੁੱਦਿਆਂ ਨੂੰ ਦਰਕਿਨਾਰ ਕਰਕੇ ਜਾਤਾਂ ਅਤੇ ਧਰਮਾਂ ਅੰਦਰ ਨਫਰਤੀ ਪਾੜਾ ਪਾ ਕੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਆਰ ਐੱਸ ਐੱਸ ਦੀ ਤੈਅਸ਼ੁਦਾ ਨੀਤੀ ਅਨੁਸਾਰ ਦੇਸ਼ ਦੀ ਫੁੱਲਵਾੜੀ ਨੂੰ ਇੱਕ ਰੰਗੀ ਕਿਆਰੀ ਵਿੱਚ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਮਿਊਨਿਸਟ ਆਗੂ ਨੇ ਕਿਹਾ ਕਿ ਇਹ ਉਹੀ ਲੋਕ ਹਨ, ਜਿਨ੍ਹਾਂ ਦਾ ਦੇਸ਼ ਦੇ ਆਜ਼ਾਦੀ ਅੰਦੋਲਨ ਵਿੱਚ ਕੋਈ ਯੋਗਦਾਨ ਨਹੀਂ ਰਿਹਾ, ਸਗੋਂ ਉਨ੍ਹਾਂ ਦੀ ਨਾਂਹ-ਪੱਖੀ ਭੂਮਿਕਾ ਅੰਦੋਲਨ ਨੂੰ ਨੁਕਸਾਨ ਪਹੁੰਚਾਉਂਦੀ ਰਹੀ ਹੈ। ਕਾਮਰੇਡ ਬਰਾੜ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦਾ ਸੰਘਰਸ਼ਾਂ ਦੇ ਪਿੜਾਂ ਵਿੱਚ ਸ਼ਾਨਾਮੱਤਾ ਇਤਿਹਾਸ ਰਿਹਾ ਹੈ। ਪਾਰਟੀ ਲੋਕਾਂ ਦੇ ਫਿਕਰਾਂ ਦੀ ਹਮੇਸ਼ਾ ਬਾਂਹ ਫੜਦੀ ਰਹੀ ਹੈ। ਇਹ ਹਮੇਸ਼ਾ ਮਲਿਕ ਭਾਗੋਆਂ ਦਾ ਵਿਰੋਧ ਕਰਕੇ ਭਾਈ ਲਾਲੋਆਂ ਦਾ ਸਾਥ ਦਿੰਦੀ ਆਈ ਹੈ। ਕਮਿਊਨਿਸਟ ਆਗੂ ਨੇ ਕਿਹਾ ਕਿ ਦਿੱਲੀ ਰੈਲੀ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਕਮਿਊਨਿਸਟ ਕਾਰਕੁਨ ਉਤਸ਼ਾਹੀ ਰੌਂਅ ਵਿੱਚ ਪਹੁੰਚਣਗੇ। ਰੈਲੀ ਮੰਗ ਕਰੇਗੀ ਕਿ ਜਮਹੂਰੀਅਤ ਅਤੇ ਸੰਵਿਧਾਨਕ ਸੰਸਥਾਵਾਂ ਦੀ ਆਨ-ਸ਼ਾਨ ਕਾਇਮ ਰੱਖੀ ਜਾਵੇ, ਇਨ੍ਹਾਂ ਦੋਹਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕੀਤਾ ਜਾਵੇ, ਮਜ਼ਦੂਰਾਂ ਦੇ ਚੁੱਲ੍ਹਿਆਂ ਨੂੰ ਠੰਢਾ ਕਰਨ ਦੀ ਨੀਤੀ ਨੂੰ ਤੱਜ ਕੇ ਮਾਣ-ਸਤਿਕਾਰ ਦੀ ਜ਼ਿੰਦਗੀ ਜਿਊਣ ਦੇ ਹੀਲੇ-ਵਸੀਲੇ ਪੈਦਾ ਕੀਤੇ ਜਾਣ, ਵੀ ਬੀ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰਕੇ ਮਨਰੇਗਾ ਨੂੰ ਮਜ਼ਬੂਤੀ ਨਾਲ ਬਹਾਲ ਕੀਤਾ ਜਾਵੇ, ਫਸਲਾਂ ਦੇ ਸਮੱਰਥਨ ਮੁੱਲ ਦੀ ਗਰੰਟੀ ਨੂੰ ਯਕੀਨੀ ਬਣਾਇਆ ਜਾਵੇ, ਅਸਮਾਨੀ ਚੜ੍ਹੀ ਮਹਿੰਗਾਈ ਨੂੰ ਹੇਠਾਂ ਲਿਆਉਣ ਵੱਲ ਧਿਆਨ ਦਿੱਤਾ ਜਾਵੇ, ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ‘ਤੇ ਲਾਠੀਆਂ ਵਰ੍ਹਾਉਣੀਆਂ ਬੰਦ ਕੀਤੀਆਂ ਜਾਣ ਅਤੇ ਮਜ਼ਦੂਰ ਵਰਗ ਦੇ ਹੱਕਾਂ ਦਾ ਘਾਣ ਕਰਦੇ ਚਾਰ ਲੇਬਰ ਕੋਡ ਰੱਦ ਕੀਤੇ ਜਾਣ। ਕਮਿਊਨਿਸਟ ਆਗੂ ਨੇ ਆਸ ਪ੍ਰਗਟ ਕੀਤੀ ਕਿ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿੱਚ ਕੀਤੀ ਜਾ ਰਹੀ ਰੈਲੀ ਠੀਕ ਸੇਧਾਂ ਦਿੰਦੀ ਹੋਈ ਸਫਲ ਹੋਵੇਗੀ। ਇਹ ਰੈਲੀ ਕੇਂਦਰੀ ਹਾਕਮਾਂ ਦੀਆਂ ਆਪ-ਹੁਦਰੀਆਂ ਨੂੰ ਵੀ ਠੱਲ੍ਹ ਪਾਵੇਗੀ।