ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਕਾਂਗਰਸ ਮੁਖੀ ਮੱਲਿਕਾਰਜੁਨ ਖੜਗੇ ਦੁਆਰਾ ਵਰਤੀ ਗਈ ਹਲਦਵਾਨੀ ਰੈਲੀ ਵਾਲੀ ਥਾਂ ‘ਤੇ ‘ਸ਼ੁੱਧੀਕਰਨ ਰਸਮ’ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਜ਼ਿੰਮੇਵਾਰ ਲੋਕਾਂ ਵਿਰੁੱਧ ਐੱਫ ਆਈ ਆਰ ਦਰਜ ਕਰਨ ਉਪਰ ਜ਼ੋਰ ਦਿੱਤਾ ਹੈ ਤੇ ਇਸ ਨੂੰ ਛੂਤਛਾਤ ਦੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ੁੱਧੀਕਰਨ ਛੂਤਛਾਤ ਦਾ ਦੂਜਾ ਨਾਂਅ ਹੈ ਤੇ ਭਾਜਪਾ-ਆਰ ਐੱਸ ਐੱਸ ਇਸ ਦਾ ਖੁੱਲ੍ਹੇਆਮ ਅਭਿਆਸ ਕਰ ਰਹੇ ਹਨ। ਉਨ੍ਹਾ ਕਿਹਾ ਕਿ ਭਾਜਪਾ ਤੇ ਆਰ ਐੱਸ ਐੱਸ ਦਲਿਤ ਵਿਰੋਧੀ ਹਨ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਉੱਤਰਾਖੰਡ ਦੇ ਹਲਦਵਾਨੀ ਵਿੱਚ ਇੱਕ ਰੈਲੀ ਸਥਾਨ ‘ਤੇ ‘ਸ਼ੁੱਧੀਕਰਨ ਰਸਮ’ ਕਰਨ ਵਾਲਿਆਂ ਵਿਰੁੱਧ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ (ਅੱਤਿਆਚਾਰ ਰੋਕਥਾਮ) ਐਕਟ ਦੇ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਉੱਥੇ ਇੱਕ ਇਕੱਠ ਨੂੰ ਸੰਬੋਧਨ ਕੀਤਾ। ਇੰਦਰਾ ਭਵਨ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਗਾਂਧੀ ਨੇ ਇਸ ਰਸਮ ਨੂੰ ਛੂਤਛਾਤ ਦੀ ਕਾਰਵਾਈ ਅਤੇ ਸੰਵਿਧਾਨ ਦੀ ਉਲੰਘਣਾ ਕਿਹਾ। ਉਨ੍ਹਾ ਕਿਹਾ ਕਿ ਇਹ ਘਟਨਾ ਦਲਿਤਾਂ ਦੀ ਸ਼ਾਨ ਅਤੇ ਤਰੱਕੀ ਦੇ ਵਿਰੁੱਧ ਭਾਜਪਾ-ਆਰ ਐੱਸ ਐੱਸ ਦੀ ਮਾਨਸਿਕਤਾ ਨੂੰ ਉਜਾਗਰ ਕਰਦੀ ਹੈ। 8 ਅਗਸਤ ਨੂੰ ਹਲਦਵਾਨੀ ਦੇ ਰਾਮ ਲੀਲ੍ਹਾ ਮੈਦਾਨ ਵਿੱਚ ਰੈਲੀ ਤੋਂ ਦੋ ਦਿਨ ਬਾਅਦ ਸ੍ਰੀ ਰਾਮ ਸੈਨਾ ਦੇ ਮੈਂਬਰਾਂ ਨੇ ਉਸੇ ਸਥਾਨ ‘ਤੇ ਸ਼ੁੱਧੀਕਰਨ ਹਵਨ ਕੀਤਾ। ਕਾਂਗਰਸ ਨੇ ਖੜਗੇ ਦੀ ਦਲਿਤ ਪਛਾਣ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ ਹੈ ਕਿ ਇਹ ਰਸਮ ਜਾਤੀ ਆਧਾਰਤ ਵਿਤਕਰੇ ਦੇ ਬਰਾਬਰ ਹੈ। ਖੜਗੇ ਨੇ ਪਹਿਲਾਂ ਰਾਜ ਸਭਾ ਵਿੱਚ ਇਹ ਮੁੱਦਾ ਉਠਾਇਆ ਸੀ ਤੇ ਕਿਹਾ ਸੀ ਕਿ ਇਸ ਘਟਨਾ ਨੇ ਉਨ੍ਹਾਂ ਨੂੰ ‘ਛੂਤ-ਛਾਤ ਦਾ ਡੰਗ’ ਮਹਿਸੂਸ ਕਰਵਾਇਆ ਹੈ। ਗਾਂਧੀ ਨੇ ਜਾਤੀ ਭੇਦਭਾਵ ਨਾਲ ਲੜਨ ਲਈ ਸਰਕਾਰ ਦੀ ਵਚਨਬੱਧਤਾ ‘ਤੇ ਸਵਾਲ ਉਠਾਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ। ਭਾਜਪਾ ਨੇ ਇਸ ਰਸਮ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ। ਭਾਜਪਾ ਦੇ ਸਾਬਕਾ ਪ੍ਰਧਾਨ ਜੇ.ਪੀ. ਨੱਡਾ ਨੇ ਇਸ ਘਟਨਾ ਨੂੰ ਅਸਵੀਕਾਰਨਯੋਗ ਕਰਾਰ ਦਿੱਤਾ ਹੈ।




