ਚੰਡੀਗੜ੍ਹ (ਨ ਜ਼ ਸ)
ਏ ਬੀ ਵੀ ਪੀ ਦੇ ਉਮੀਦਵਾਰ ਅੰਕਿਤ ਬਿਧਾਨ ਨੇ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੇ ਪ੍ਰਧਾਨ ਦੀ ਚੋਣ ਸੋਮਵਾਰ 500 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਲਈ।
ਬਿਧਾਨ ਜੀਂਦ ਦਾ ਰਹਿਣ ਵਾਲਾ ਹੈ। ਇਹ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ, ਜਦੋਂ ਏ ਬੀ ਵੀ ਪੀ ਨੇ ਲਗਾਤਾਰ ਦੋ ਵਾਰ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਸਿਖਰਲਾ ਅਹੁਦਾ ਜਿੱਤਿਆ ਹੈ। ਪ੍ਰਧਾਨ ਦੇ ਅਹੁਦੇ ਲਈ ਚਾਰ ਉਮੀਦਵਾਰ ਸ਼ਾਮਲ ਸਨ। ਮੁਕਾਬਲਾ ਕਾਂਗਰਸ ਦੇ ਵਿਦਿਆਰਥੀ ਵਿੰਗ ਐੱਨ ਐੱਸ ਯੂ ਆਈ ਦੇ ਗੁਰਮਨ ਸਿੰਘ ਸਿੱਧੂ; ਆਪ ਸਮਰਥਤ ਏ ਐੱਸ ਏ ਪੀ ਦੇ ਆਦਿਲ ਬੀਰ ਸਿੰਘ; ਭਾਜਪਾ-ਸਮਰਥਤ ਏ ਬੀ ਵੀ ਪੀ ਦੇ ਅੰਕਿਤ ਬਿਧਾਨ; ਅਤੇ ਸੱਥ ਦੇ ਦਰਸ਼ਪ੍ਰੀਤ ਸਿੰਘ ਵਿਚਕਾਰ ਸੀ। ਅਕਾਲੀ ਦਲ (ਬਾਦਲ) ਦੀ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ (ਸੋਈ) ਨੇ ਬਿਧਾਨ ਦੀ ਹਮਾਇਤ ਕੀਤੀ। ਬਿਧਾਨ ਨੂੰ 3149, ਆਦਿਲ ਬਰਾੜ ਨੂੰ 2637, ਗੁਰਮਨ ਸਿੰਘ ਸਿੱਧੂ ਨੂੰ 2263 ਤੇ ਦਰਸ਼ਪ੍ਰੀਤ ਨੂੰ 1387 ਵੋਟਾਂ ਮਿਲੀਆਂ। 174 ਨੇ ਨੋਟਾ ‘ਤੇ ਮੋਹਰ ਲਾਈ।
ਆਮ ਆਦਮੀ ਪਾਰਟੀ ਨਾਲ ਜੁੜੀ ਵਿਦਿਆਰਥੀ ਟੀਮ ਐਸੋਸੀਏਸ਼ਨ ਆਫ ਸਟੂਡੈਂਟਸ ਫਾਰ ਅਲਟਰਨੇਵਿਟ ਪਾਲੀਟਿਕਸ (ਏ ਐੱਸ ਏ ਪੀ) ਨੇ ਬਿਧਾਨ ਦੀ ਚੋਣ ਯੋਗਤਾ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ।ਉਸ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਉਸ ਨੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਉਮੀਦਵਾਰ ਦੀ ਯੋਗਤਾ, ਉਸ ਦੇ ਵਿੱਦਿਅਕ ਰਿਕਾਰਡ, ਪੁਲਸ ਮਾਮਲੇ ਨਾਲ ਜੁੜੇ ਗੰਭੀਰ ਸਵਾਲਾਂ ਤੋਂ ਲਿਖਤੀ/ ਰਸਮੀ ਤੌਰ ‘ਤੇ ਜਾਣੂ ਕਰਵਾਇਆ ਸੀ। ਪ੍ਰਸ਼ਾਸਨ ਵੱਲੋਂ ਮਾਮਲੇ ‘ਤੇ ਨੋਟਿਸ ਲੈਣ ਦਾ ਭਰੋਸਾ ਵੀ ਦਿੱਤਾ ਗਿਆ ਸੀ, ਪਰ ਚੋਣਾਂ ਨੇਪਰੇ ਚੜ੍ਹਨ ਤੱਕ ਕੋਈ ਅਸਰਦਾਰ ਕਾਰਵਾਈ ਨਹੀਂ ਕੀਤੀ ਗਈ।ਪੂਰੇ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਰੱਖਿਆ ਜਾਵੇਗਾ ਅਤੇ ਇਹ ਸਵਾਲ ਉਠਾਇਆ ਜਾਵੇਗਾ ਕਿ ਜਦੋਂ ਕਿਸੇ ਉਮੀਦਵਾਰ ਦੀ ਚੋਣ ਲੜਨ ਦੀ ਯੋਗਤਾ ‘ਤੇ ਗੰਭੀਰ ਇਤਰਾਜ਼ ਪਹਿਲਾਂ ਹੀ ਯੂਨੀਵਰਸਿਟੀ ਦੇ ਧਿਆਨ ਵਿੱਚ ਸਨ, ਤਾਂ ਉਨ੍ਹਾਂ ‘ਤੇ ਫ਼ੈਸਲਾ ਲਏ ਬਿਨਾਂ ਉਸ ਨੂੰ ਚੋਣ ਲੜਨ ਦੀ ਇਜਾਜ਼ਤ ਕਿਸ ਆਧਾਰ ‘ਤੇ ਦਿੱਤੀ ਗਈ।
ਉਸ ਮੁਤਾਬਕ ਬਿਧਾਨ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਕਈ ਪ੍ਰੀਖਿਆਵਾਂ ਵਿੱਚ ਅਸਫਲ ਰਿਹਾ ਅਤੇ ਉਸ ਦੇ ਖ਼ਿਲਾਫ਼ ਮਾਮਲਾ ਵੀ ਸਾਹਮਣੇ ਆਇਆ ਸੀ, ਜਿਸ ਦੇ ਚਲਦਿਆਂ ਉਸ ਨੂੰ ਸਾਲ 2023 ਤੋਂ 2025 ਤੱਕ ਯੂਨੀਵਰਸਿਟੀ ਤੋਂ ਬੇਦਖ਼ਲ ਕੀਤਾ ਗਿਆ ਸੀ।ਇਸ ਦੇ ਬਾਵਜੂਦ ਬਾਅਦ ਵਿੱਚ ਗੁਜਰਾਤ ਦੀ ਯੂਨੀਵਰਸਿਟੀ ਦੀ ਡਿਗਰੀ ਦੇ ਆਧਾਰ ‘ਤੇ ਉਸ ਨੇ ਪੰਜਾਬ ਯੂਨੀਵਰਸਿਟੀ ਵਿੱਚ ਵਿੱਚ ਦਾਖ਼ਲਾ ਲਿਆ। ਇਸ ਦਾਖ਼ਲੇ ਦੀ ਯੋਗਤਾ ਤੇ ਸੰਬੰਧਤ ਦਸਤਾਵੇਜ਼ਾਂ ਦੀ ਮਾਨਤਾ/ ਵੈਧਤਾ ਨੂੰ ਲੈ ਕੇ ਵੀ ਟੀਮ ਨੇ ਗੰਭੀਰ ਸਵਾਲ ਉਠਾਏ ਹਨ।




