ਨਵੀਂ ਦਿੱਲੀ. (ਨ ਜ਼ ਸ) : ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਐੱਨ ਡੀ ਏ ਗਠਜੋੜ ਸਰਕਾਰ ਬਣਾਵੇਗਾ। ਅਮਿਤ ਸ਼ਾਹ ਨੇ ਇਹ ਦਾਅਵਾ ਦਿੱਲੀ ਵਿਖੇ ਇੱਕ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਉੱਤੇ ਤਿੱਖੇ ਹਮਲੇ ਕਰਦਿਆਂ ਕੀਤਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਦੋ ਦਿਨ ਪਹਿਲਾਂ ਉਹ ਪੰਜਾਬ ਦਾ ਦੌਰਾ ਕਰਕੇ ਆਏ ਹਨ, ਜਿੱਥੇ ਆਮ ਆਦਮੀ ਪਾਰਟੀ ਦੀ ਸਰਪ੍ਰਸਤੀ ਹੇਠ ਨਸ਼ਿਆਂ ਦਾ ਕਾਰੋਬਾਰ ਵੱਡੇ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਐੱਨ ਡੀ ਏ ਗਠਜੋੜ ਸਰਕਾਰ ਬਣਾਵੇਗਾ। ਅਮਿਤ ਸ਼ਾਹ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਹੁਣ ਬਹਾਨੇ ਦੀ ਰਾਜਨੀਤੀ ਨਹੀਂ ਚੱਲੇਗੀ ਅਤੇ ਕਿਹਾ, ‘‘ਕੇਜਰੀਵਾਲ ਨੇ ਦਿੱਲੀ ਵਿੱਚ ਚੋਣਾਂ ਹਾਰ ਕੇ ਪੰਜਾਬ ਵਿੱਚ ਡੇਰਾ ਜਮਾ ਲਿਆ ਹੈ, ਜਿੱਥੇ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕੰਮ ਨਹੀਂ ਕਰਨ ਦੇ ਰਹੇ ਅਤੇ ਪੰਜਾਬ ਦਾ ਕੰਮ ਵੀ ਵਿਗਾੜ ਕੇ ਰੱਖ ਦਿੱਤਾ ਹੈ।’’ ਉਨ੍ਹਾ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦਾ ਸੁਪੜਾ ਸਾਫ ਹੋਣ ਵਾਲਾ ਹੈ ਅਤੇ ਭਾਜਪਾ ਵੱਲੋਂ ਸਾਲ 2029 ਤੱਕ ਪੰਜਾਬ ਵਿੱਚੋਂ ਨਸ਼ਿਆਂ ਦਾ ਜੜ੍ਹ ਤੋਂ ਖਾਤਮਾ ਕੀਤਾ ਜਾਵੇਗਾ।





